ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਹਿਰਾਸਤ ਤੋਂ ਬਾਅਦ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਦਾ ਸਵਾਗਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਗ ਹੈ ਕਿ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਅਤੇ ਗੋਲਡੀ ਬਰਾੜ ਨੂੰ ਜੱਗੂ ਅਤੇ ਲਾਰੇਂਸ ਦੇ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ।

ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਗੋਲਡੀ, ਜੱਗੂ ਅਤੇ ਲਾਰੇਂਸ ਦੇ ਸਾਹਮਣੇ ਪੁੱਛਗਿੱਛ ਕਰਕੇ ਇਹ ਵੀ ਪਤਾ ਲਗਾਇਆ ਜਾਵੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸੰਗੀਤ ਜਗਤ ਦੇ ਕਿਹੜੇ ਲੋਕ ਸ਼ਾਮਲ ਹਨ?

ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਦੀ ਹਿਰਾਸਤ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਅਤੇ ਉਸ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਖ਼ਬਰ ਨੂੰ ਹਲਕੇ ਵਿੱਚ ਲੈ ਰਹੀ ਹੈ। ਇਹ ਇਕੱਲੇ ਮੇਰੇ ਪੁੱਤਰ ਦੀ ਮੌਤ ਦਾ ਸਵਾਲ ਨਹੀਂ ਹੈ। ਲੋਕ ਲਾਰੈਂਸ ਅਤੇ ਗੋਲਡੀ ਵਰਗੇ ਲੋਕਾਂ ਤੋਂ ਡਰੇ ਅਤੇ ਸਹਿਮੇ ਹੋਏ ਹਨ।

ਲੋਕ ਇਨ੍ਹਾਂ ਲੋਕਾਂ ਤੋਂ ਬਹੁਤ ਪਰੇਸ਼ਾਨ ਹਨ। ਸਰਕਾਰ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਲੋਕ ਕੀ ਚਾਹੁੰਦੇ ਹਨ। ਸਰਕਾਰ ਗੋਲਡੀ ਨੂੰ ਭਾਰਤ ਲਿਆ ਕੇ ਉਸਦਾ ਨਾਰਕੋ ਟੈਸਟ ਕਰਵਾਏ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਹਿਰਾਸਤ ‘ਚ ਲਿਆ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਅਤੇ ਅੰਤਰਰਾਸ਼ਟਰੀ ਗੈਂਗਸਟਰ ਗੋਲਡੀ ਬਰਾੜ ਨੂੰ 20 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗੰਨ ਕਲਚਰ ਤੇ ਗੈਂਗਸਟਰਾਂ ਕਲਚਰ ‘ਤੇ ਰੋਕ ਲਗਾਉਣਾ ਸ਼ੁਰੁ ਕੀਤਾ ਤੇ ਹੁਣ ਤੱਕ ਬਹੁਤ ਸਾਰੇ ਗੈਂਗਸਟਰ ਫੜ੍ਹੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਨੇਡਾ ‘ਚ ਬੈਠ ਜੋ ਗੋਲਡੀ ਬਰਾੜ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ ਅਤੇ ਇਨ੍ਹਾਂ ਗਤੀਵਧੀਆਂ ਲਈ ਪੈਸੇ ਵਗੇਰਾ ਭੇਜ ਰਿਹਾ ਹੈ। ਉਸਨੂੰ ਅਮਰੀਕਾ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਬਹੁਤ ਜਲਦ ਉਸਨੂੰ ਭਾਰਤ ਲਿਆਂਦਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਸੋਸ਼ਲ ਬੌਡਿੰਗ ਨੂੰ ਟੁੱਟਣ ਨਹੀਂ ਦੇਵਾਂਗੇ। ਬਹੁਤ ਸਾਰੇ ਦੁਸ਼ਮਣਾਂ ਨੇ ਇਸਨੂੰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੀ ਸੋਸ਼ਲ ਬੌਡਿੰਗ ਐਨੀ ਮਜ਼ਬੂਤ ਹੈ ਕਿ ਇਸਨੂੰ ਕੋਈ ਵੀ ਤੋੜ ਨਹੀਂ ਸਕਦਾ। ਇਸ ਤੋਂ ਇਲਾਵਾ ਜਲਦ ਹੀ ਪੰਜਾਬ ‘ਚ ਗੈਂਗਸਟਰ ਕਲਚਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।ਇਸਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਇੱਥੇ ਲਿਆਂਦਾ ਜਾਵੇਗਾ ਤੇ ਬਹੁਤ ਜਲਦ ਉਹ ਪੰਜਾਬ ਪੁਲਿਸ ਦੀ ਗ੍ਰਿਫਤ ‘ਚ ਹੋਵੇਗਾ।