ਸਾਡੇ ਸਰੀਰ ਦਾ ਕਿਡਨੀ ਇੱਕ ਬਹੁਤ ਮਹੱਤਵਪੂਰਨ ਅੰਗ ਹੈ। ਕਿਡਨੀ ਸਾਡੇ ਖੂਨ ‘ਚ ਮੌਜੂਦ ਖ਼ਰਾਬ ਤੱਤਾਂ ਨੂੰ ਫਿਲਟਰ ਕਰਕੇ ਸਰੀਰ ਤੋਂ ਵੱਖ ਕਰਦੀ ਹੈ। ਜੇਕਰ ਕਿਸੇ ਕਾਰਨ ਕਿਡਨੀ ਦੇ ਇਸ ਕੰਮ ਵਿੱਚ ਰੁਕਾਵਟ ਆ ਜਾਂਦੀ ਹੈ ਜਾਂ ਇਹ ਖਰਾਬ ਹੋ ਜਾਂਦੀ ਹੈ ਤਾਂ ਇਹ ਮਰੀਜ਼ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਕਿਡਨੀ ‘ਚ ਖ਼ਰਾਬੀ ਆਉਣ ਲਗਦੀ ਹੈ ਤਾਂ ਸਰੀਰ ਪਹਿਲਾਂ ਹੀ ਕੋਈ ਨਾ ਕੋਈ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਸਾਨੂੰ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿਡਨੀ ਦੀ ਖ਼ਰਾਬੀ ਦੇ ਉਹ ਕਿਹੜੇ ਸੰਕੇਤ ਹਨ।

ਥੋੜ੍ਹੀ ਦੂਰ ਤਕ ਤੁਰਨ ਜਾਂ ਪੌੜੀਆਂ ਚੜ੍ਹਨ ‘ਤੇ ਸਾਹ ਚੜ੍ਹਨਾ
ਜੇਕਰ ਥੋੜ੍ਹੀ ਦੂਰ ਤਕ ਤੁਰਨ ਜਾਂ ਪੌੜੀਆਂ ਚੜ੍ਹਨ ਤੋਂ ਬਾਅਦ ਤੁਹਾਨੂੰ ਸਾਹ ਚੜ੍ਹਨ ਲੱਗ ਜਾਵੇ ਤਾਂ ਇਹ ਕਿਡਨੀ ਦੀ ਖ਼ਰਾਬੀ ਦਾ ਲੱਛਣ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕਿਡਨੀ ਖ਼ਰਾਬ ਹੋਣ ਕਾਰਨ ਰੈਥਰੋਪੋਏਟਿਨ ਨਾਮਕ ਹਾਰਮੋਨ ਦਾ ਬਣਨਾ ਪ੍ਰਭਾਵਿਤ ਹੁੰਦਾ ਹੈ। ਇਹ ਹਾਰਮੋਨ ਰੈੱਡ ਬਲੱਡ ਸੈੱਲ ਭਾਵ RBC ਪੈਦਾ ਕਰਦਾ ਹੈ। ਇਸ ਦੀ ਘਾਟ ਕਾਰਨ ਥੋੜ੍ਹਾ ਜਿਹਾ ਸਰੀਰਕ ਕੰਮ ਕਰਨ ‘ਤੇ ਵੀ ਛੇਤੀ ਸਾਹ ਚੜ੍ਹਨ ਲਗਦਾ ਹੈ।

ਸਰੀਰ ‘ਚ ਜ਼ਿਆਦਾ ਖਾਰਸ਼ ਹੋਣਾ
ਜਦੋਂ ਕਿਸੇ ਕਾਰਨ ਕਿਡਨੀ ਨੂੰ ਆਪਣਾ ਕੰਮ ਕਰਨ ਵਿੱਚ ਦਿੱਕਤ ਆਉਣ ਲੱਗਦੀ ਹੈ ਤਾਂ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਨਿਕਲ ਪਾਉਂਦੇ। ਇਸ ਕਾਰਨ ਖੂਨ ‘ਚ ਉਹ ਜ਼ਹਿਰੀਲੇ ਤੱਤ (ਟਾਕਸਿੰਸ) ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ, ਸਿੱਟੇ ਵਜੋਂ ਜ਼ਿਆਦਾ ਖਾਰਸ਼ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਅਚਾਨਕ ਜ਼ਿਆਦਾ ਖ਼ਾਰਸ਼ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਕਿਡਨੀ ਦੇ ਖਰਾਬ ਹੋਣ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਗਲਤੀ ਨਾਲ ਵੀ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਪੈਰ ਅਤੇ ਚਿਹਰੇ ‘ਤੇ ਸੋਜ
ਜੇਕਰ ਕਿਸੇ ਵਿਅਕਤੀ ਦੇ ਪੈਰਾਂ ਅਤੇ ਚਿਹਰੇ ‘ਤੇ ਅਚਾਨਕ ਸੋਜ ਆ ਜਾਂਦੀ ਹੈ, ਤਾਂ ਉਸ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਦਰਅਸਲ, ਕਿਡਨੀ ਦੀ ਸਮੱਸਿਆ ਜਾਂ ਇਸ ਵਿੱਚ ਖ਼ਰਾਬੀ ਕਾਰਨ ਸੋਡੀਅਮ ਸਾਡੇ ਸਰੀਰ ਤੋਂ ਬਾਹਰ ਨਹੀਂ ਆ ਪਾਉਂਦਾ ਹੈ। ਇਹ ਸੋਡੀਅਮ ਸਰੀਰ ‘ਚ ਜਮ੍ਹਾ ਹੁੰਦਾ ਰਹਿੰਦਾ ਹੈ, ਜਿਸ ਕਾਰਨ ਪੈਰਾਂ ਅਤੇ ਚਿਹਰੇ ‘ਤੇ ਅਚਾਨਕ ਸੋਜ ਆ ਜਾਂਦੀ ਹੈ।

ਨੀਂਦ ‘ਚ ਕਮੀ ਆਉਣਾ
ਨੀਂਦ ਦਾ ਹੌਲੀ-ਹੌਲੀ ਘੱਟ ਹੋਣਾ ਵੀ ਕਿਡਨੀ ਦੀ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਕਿਡਨੀ ਦੀ ਖਰਾਬੀ ਕਾਰਨ ਸਰੀਰ ‘ਚ ਜ਼ਹਿਰੀਲੇ ਤੱਤ ਵਧਣ ਲੱਗਦੇ ਹਨ ਜਿਸ ਕਾਰਨ ਸਰੀਰ ਵਿੱਚ ਦਰਦ ਅਤੇ ਬੇਚੈਨੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਰਾਤ ਨੂੰ ਨੀਂਦ ਘੱਟ ਆਉਂਦੀ ਹੈ। ਜਿਵੇਂ ਹੀ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਾਵਧਾਨ ਹੋ ਜਾਣਾ ਚਾਹੀਦਾ ਹੈ।