ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਚਰਖੀ ਦਾਦਰੀ ’ਚ ਇੱਕ ਗੁਰਦੁਆਰਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹੋਰਡਿੰਗ ਬੋਰਡ ਲਗਾਉਣ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸ਼ੋਸ਼ਲ ਮੀਡੀਆ ਤੇ ਫੋਨ ਰਾਹੀਂ ਦਿੱਤੀਆਂ ਧਮਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਗੁਰਦੁਆਰਾ ਪ੍ਰਬੰਧਕਾਂ ਨਾਲ ਖੜਨ ਦੀ ਵਚਨਬੱਧਤਾ ਪ੍ਰਗਟਾਈ ਹੈ। ਜਾਣਕਾਰੀ ਅਨੁਸਾਰ ਚਰਖੀ ਦਾਦਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਨੀਰਜ ਸਿੰਘ ਨੇ ਸਥਾਨਕ ਪੁਲਿਸ ਥਾਣੇ ਵਿਚ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਬੰਧਤ ਪੋਸਟਰ ਲਗਾਉਣ ’ਤੇ ਕੁਝ ਲੋਕ ਪ੍ਰੇਸ਼ਾਨ ਕਰ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਮੰਗਣਾ ਕੋਈ ਗੁਨਾਹ ਨਹੀਂ ਹੈ ਅਤੇ ਇਹ ਪੂਰੀ ਸਿੱਖ ਕੌਮ ਦੀ ਮੰਗ ਹੈ। ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤੇ ਜਾਣ ’ਤੇ ਪੂਰੇ ਦੇਸ਼ ਵਿਚ ਸਿੱਖਾਂ ਅੰਦਰ ਰੋਸ ਹੈ ਕਿਉਂਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਤਿੰਨ-ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਸਿੱਖਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਚਰਖੀ ਦਾਦਰੀ ਵਿਚ ਗੁਰਦੁਆਰਾ ਸਾਹਿਬ ’ਤੇ ਪੋਸਟਰ ਲਗਾਉਣੇ ਸਿੱਖ ਕੌਮ ਦੀ ਮੰਗ ਦਾ ਹੀ ਇੱਕ ਹਿੱਸਾ ਹੈ। ਇਸ ’ਤੇ ਇਤਰਾਜ਼ ਕਰਨ ਵਾਲੇ ਲੋਕ ਸਿੱਖਾਂ ਦੀ ਹੱਕੀ ਮੰਗ ਨੂੰ ਜਾਣਬੁਝ ਕੇ ਫਿਰਕੂ ਰੰਗਤ ਦੇਣਾ ਚਾਹੁੰਦੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਮੰਗ ਅਗਲੇ ਦਿਨਾਂ ਵਿਚ ਹੋਰ ਵੀ ਜ਼ੋਰਦਾਰ ਤਰੀਕੇ ਨਾਲ ਉਠਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪਾਸ ਕੀਤੇ ਮਤੇ ਅਨੁਸਾਰ 1 ਦਸੰਬਰ 2022 ਤੋਂ ਦਸਤਖ਼ਤੀ ਮੁਹਿੰਮ ਵੀ ਆਰੰਭੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਦਾਦਰੀ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦਾ ਹਿੱਸਾ ਬਣਨ ਵਾਲੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਚਿੰਤਾ ਦੀ ਲੋੜ ਨਹੀਂ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਟੈਲੀਫੋਨ ’ਤੇ ਹੋਈ ਗੱਲਬਾਤ ਵਿਚ ਚਰਖੀ ਦਾਦਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਨੀਰਜ ਸਿੰਘ ਨੇ ਕੌਮੀ ਮਸਲੇ ’ਤੇ ਦ੍ਰਿੜ੍ਹ ਰਹਿਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ. ਨੀਰਜ ਸਿੰਘ ਅਨੁਸਾਰ ਉਨ੍ਹਾਂ ਪਾਸ ਸ਼ਿਕਾਇਤ ਦੇਣ ਮਗਰੋਂ ਪੁਲਿਸ ਵੀ ਪੁੱਜੀ ਸੀ, ਜਿਸ ਨੂੰ ਦੱਸ ਦਿੱਤਾ ਗਿਆ ਹੈ ਕਿ ਇਹ ਕਾਰਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਕੀਤਾ ਗਿਆ ਹੈ। ਸ. ਨੀਰਜ ਸਿੰਘ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਹੈ ਕਿ ਧਮਕਾਉਣ ਵਾਲੇ ਲੋਕਾਂ ਤਰਫੋਂ ਕੁਝ ਵਿਅਕਤੀਆਂ ਨੇ ਮਾਮਲਾ ਖਤਮ ਕਰਨ ਦੀ ਗੱਲ ਵੀ ਅੱਗੇ ਵਧਾਈ ਹੈ।

LEAVE A REPLY

Please enter your comment!
Please enter your name here