ਨਵਾਂਸ਼ਹਿਰ, 1 ਮਈ 2026 : ਮੌਨਸੂਨ ਤੋਂ ਪਹਿਲਾਂ-ਪਹਿਲਾਂ ਸੂਬੇ ਵਿਚ ਹੜ੍ਹ ਰੋਕਥਾਮ ਕਾਰਜਾਂ ਨੂੰ ਮੁਕੰਮਲ ਕਰਵਾਉਣ ਦੇ ਮੱਦੇਨਜ਼ਰ ਜਲ ਸਰੋਤ ਮੰਤਰੀ (Minister of Water Resources) ਵਲੋਂ ਸੂਬੇ ਦਾ ਦੌਰਾ ਕੀਤਾ ਗਿਆ ਹੈ ।
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਸਤਲੁਜ ਦਰਿਆ ਕੰਢੇ ਚੱਲ ਰਹੇ ਕੰਮ ਦਾ ਜਾਇਜ਼ਾ
ਪੰਜਾਬ ਦੇ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ (Barinder Kumar Goyal) ਵੱਲੋਂ ਮਾਨਸੂਨ ਤੋਂ ਪਹਿਲਾਂ-ਪਹਿਲਾਂ ਸੂਬੇ ‘ਚ ਹੜ੍ਹ ਰੋਕਥਾਮ ਕਾਰਜਾਂ ਨੂੰ ਮੁਕੰਮਲ ਕਰਾਉਣ ਦੇ ਮੱਦੇਨਜ਼ਰ ਸੂਬੇ ਦਾ ਦੌਰਾ ਕੀਤਾ ਜਾ ਰਿਹਾ ਹੈ । ਇਸ ਲੜੀ ਤਹਿਤ ਅੱਜ ਲਗਾਤਾਰ ਤੀਸਰੇ ਦਿਨ ਜਲ ਸਰੋਤ ਮੰਤਰੀ ਨੇ ਜ਼ਿਲ੍ਹੇ ਵਿਚੋਂ ਲੰਘਦੇ ਸਤਲੁਜ ਦਰਿਆ ਦੇ ਕੰਢੇ ਚਲ ਰਹੇ ਮਜ਼ਬੂਤੀਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ ।
ਹੜ੍ਹਾਂ ਦੀ ਰੋਕਥਾਮ ਸਬੰਧੀ ਕੰਮਾਂ ‘ਤੇ ਕਿੰਨੇ ਕਰੋੜ ਜਾ ਰਹੇ ਹਨ ਖਰਚੇ
ਜ਼ਿਲ੍ਹੇ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਹੜ੍ਹਾਂ ਦੀ ਰੋਕਥਾਮ ਦੇ ਕੰਮਾਂ ਦਾ ਜਾਇਜ਼ਾ ਲੈਣ ਪਿੱਛੋਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਹੜ੍ਹਾਂ ਦੀ ਰੋਕਥਾਮ ਸਬੰਧੀ ਕੰਮਾਂ ਉਤੇ 600 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਅਤੇ 30 ਜੂਨ ਤੋਂ ਪਹਿਲਾਂ-ਪਹਿਲਾਂ ਸਾਰੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਗੋਇਲ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ ਤੇ ਹਨ। ਜ਼ਿਲ੍ਹਾ ਅੰਮ੍ਰਿਤਸਰ ਅਤੇ ਜਲੰਧਰ ਤੋਂ ਬਾਅਦ ਅੱਜ ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਦਾ ਨਿਰੀਖਣ ਕੀਤਾ ।
ਪਹਿਲਾਂ ਦੀਆਂ ਸਰਕਾਰਾਂ ਸਿਰਫ਼ ਖਾਨਾਪੂਰਤੀ ਲਈ ਕੰਮ ਕਰਦੀਆਂ ਸਨ
ਕੈਬਨਿਟ ਮੰਤਰੀ ਪੰਜਾਬ ਬਰਿੰਦਰ ਗੋਇਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਸੂਬਾ ਸਰਕਾਰ (State Government) ਵਲੋਂ ਹੜ੍ਹਾਂ ਦੀ ਰੋਕਥਾਮ ਲਈ ਸੰਜੀਦਾ ਉਪਰਾਲੇ ਕਰਦਿਆਂ ਏਨੀ ਵੱਡੀ ਰਕਮ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਖ਼ਰਚ ਕੀਤੀ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀਆਂ ਸਰਕਾਰ ਸਿਰਫ਼ ਹੜ੍ਹ ਰੋਕੂ ਕਾਰਜਾਂ ਦੀ ਖਾਨਾਪੂਰਤੀ ਲਈ ਹੀ ਕੰਮ ਕਰਦੀਆਂ ਸਨ, ਜਿਸ ਦਾ ਸੂਬਾ ਵਾਸੀਆਂ ਨੂੰ ਬਹੁਤ ਵੱਡਾ ਖ਼ਾਮਿਆਜ਼ਾ ਭੁਗਤਨਾ ਪੈਂਦਾ ਸੀ ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕੀਤੀਆਂ ਹਦਾਇਤਾਂ
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਗਾਮੀ ਮਾਨਸੂਨ ਤੋਂ ਪਹਿਲਾਂ-ਪਹਿਲਾਂ ਹੜ੍ਹਾਂ ਦੀ ਰੋਕਥਾਮ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਆਏ ਹੜ੍ਹਾਂ ਪਿੱਛੋਂ ਵਿਭਾਗ ਦੇ ਦੋ ਸੁਪਰੀਡੈਂਟਿੰਗ ਇੰਜੀਨੀਅਰਾਂ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਕਮੇਟੀ ਵੱਲੋਂ ਪੰਜਾਬ ਦੇ ਦਰਿਆਵਾਂ‘ਚ ਕੁੱਲ 132 ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਸਾਰੀਆਂ ਥਾਵਾਂ ਨੂੰ ਜੰਗੀ ਪੱਧਰ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ।
ਫੰਡਾਂ ਦੀ ਕੋਈ ਕਮੀ ਨਹੀਂ ਹੈ : ਗੋਇਲ
ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹ ਵਰਗੇ ਹਲਾਤਾਂ ਦੌਰਾਨ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਅਧਿਕਾਰੀਆ ਨੂੰ ਸਖ਼ਤੀ ਨਾਲ ਕਿਹਾ ਕਿ ਹੜ੍ਹ ਰੋਕੂ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ ਅਤੇ ਇਸ ਕੰਮ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਮਾਨ ਸਰਕਾਰ ਵਲੋਂ ਕਿੰਨੇ ਏਕੜ ਜਮੀਨ ਨੂੰ ਪਾਈਪ ਲਾਈਨ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹੈ
ਕੈਬਨਿਟ ਮੰਤਰੀ ਨੇ ਹਲਕਾ ਬੰਗਾ ਦੇ ਪਿੰਡ ਢੱਕ ਮਜਾਰਾ ਤੇ ਮੰਡੀ ਵਿਖੇ ਪਾਈਪਾਂ ਰਾਹੀਂ ਖੇਤਾਂ ਨੂੰ ਪਾਣੀ ਦੇਣ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ । ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਵਲੋਂ 1030 ਏਕੜ ਜ਼ਮੀਨ ਨੂੰ ਪਾਈਪ ਲਾਈਨ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਦਕਿ ਪਹਿਲਾਂ ਸਿਰਫ਼ 33 ਏਕੜ ਨੂੰ ਹੀ ਪਾਣੀ ਦਿੱਤਾ ਜਾ ਰਿਹਾ ਸੀ । ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਡੀ ਸਰਕਾਰ ਵਲੋਂ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਨਹਿਰੀ ਪਾਣੀ ਮੁਹੱਈਆ ਕਰਵਾਕੇ ਸੋਕੇ ਤੋਂ ਬਚਾਉਣ ਲਈ ਔੜ ਹੈਡਵਰਕਸ ਉਤੇ ਸੰਜੀਦੇ ਉਪਰਾਲੇ ਕੀਤੇ ਗਏ ਹਨ ਅਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ।
ਸਿੰਚਾਈ ਅਧੀਨ ਰਕਬਾ 1030 ਏਕੜ ਤੱਕ ਵਧੇਗਾ
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਬਰਾਂਚ ਤੇ ਮੌਜੂਦ ਔੜ ਹੈੱਡ ਉਪਰ ਸਾਲ 2023 ਵਿਚ ਗੇਟ ਗੇਅਰਿੰਗ ਸਿਸਟਮ ਇੰਸਟਾਲ ਕੀਤਾ ਗਿਆ ਸੀ। ਜਿਸ ਉਪਰੰਤ ਅਪਰਾ ਰਜਵਾਹਾ, ਲਸਾੜਾ ਰਜਵਾਹਾ ਅਤੇ ਬਖਲੌਰ ਡਿੱਚ ਨੂੰ ਲੋੜ ਅਨੁਸਾਰ ਪੂਰਾ ਪਾਣੀ ਮਿਲਣਾ ਸ਼ੁਰੂ ਹੋਇਆ । ਹੁਣ ਬਖਲੌਰ ਡਿੱਚ ਦੀ ਟੇਲ ਐਂਡ ‘ਤੇ ਪਾਣੀ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਟੇਲ ਫਰੰਟ ਅਤੇ ਟੇਲ ਲੈਫਟ ਦੇ ਖੇਤਾਂ ਵਿੱਚ ਕੁੱਲ 16,829 ਫੁੱਟ ਦੀ ਪਾਈਪਲਾਈਨ ਪਾਈ ਜਾ ਰਹੀ ਹੈ । ਇਸ ਨਾਲ ਸਿੰਚਾਈ ਅਧੀਨ ਰਕਬਾ ਮੌਜੂਦਾ 33 ਏਕੜ ਤੋਂ ਵਧ ਕੇ 1,030 ਏਕੜ ਤੱਕ ਵਧੇਗਾ ।
ਪ੍ਰਾਜੈਕਟ ਮੁਕੰਮਲ ਹੋਣ ਤੇ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਮਿਲ ਸਕੇਗੀ
ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਤਹਿਸੀਲ ਫਿਲੌਰ ਦੇ ਪਿੰਡ ਮੰਡੀ ਅਤੇ ਢੱਕ ਮਜ਼ਾਰਾ ਨੂੰ ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਮਿਲ ਸਕੇਗੀ । ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਹੁਣ ਇਸ ਹੈੱਡ ਵਰਕਸ ਤੋਂ ਕਿਤੇ ਪਾਣੀ ਨਾਲ ਨੁਕਸਾਨ ਨਹੀਂ ਹੁੰਦਾ ਅਤੇ ਨਾ ਹੀ ਕਿਤੇ ਸੋਕਾ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਅਪਰਾ ਸੈਕਸ਼ਨ ਤੋਂ ਪਹਿਲਾਂ 7000 ਏਕੜ ਨੂੰ ਪਾਣੀ ਲੱਗਦਾ ਸੀ ਪਰ ਹੁਣ 20,000 ਏਕੜ ਨੂੰ ਪਾਣੀ ਮਿਲੇਗਾ ।









