Home Blog Page 397

ਰਿਸ਼ਵਤ ਲੈਣ ਵਾਲਾ ਏ. ਐਸ. ਆਈ. ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0
Vigilance Bureau

ਚੰਡੀਗੜ੍ਹ, 9 ਸਤੰਬਰ 2025: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਿਟੀ ਸੁਲਤਾਨਪੁਰ ਲੋਧੀ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ. ਐਸ. ਆਈ.) ਰਾਜਵਿੰਦਰ ਸਿੰਘ (691/ਕਪੂਰਥਲਾ) ਅਤੇ ਸਿਪਾਹੀ ਬਲਤੇਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੇ ਕਬੂਲ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਹੈ ।

ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਇੱਕ ਇੰਗਲੈਂਡ ਨਿਵਾਸੀ ਐਨ. ਆਰ. ਆਈ. ਮਹਿਲਾ, ਜੋ ਇਸ ਸਮੇਂ ਮੁੰਬਈ ਵਿੱਚ ਵੀ ਰਹਿੰਦੀ ਹੈ, ਵੱਲੋਂ ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ ।

ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ

ਬੁਲਾਰੇ ਨੇ ਹੋਰ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਕਤ ਏ. ਐਸ. ਆਈ. (A. S. I.) ਨੇ ਸ਼ਿਕਾਇਤਕਰਤਾ ਦੇ ਐਨ. ਆਰ. ਆਈ. ਦੋਸਤ ਦੀ ਪੁਲਸ ਵੱਲੋਂ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਮੌਕੇ ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ । ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਇੰਨਾਂ ਪੁਲਸ ਮੁਲਾਜ਼ਮਾਂ ਨੇ ਉਸਨੂੰ ਬੈਂਕ ਦੇ ਏ. ਟੀ. ਐਮ. ਤੋਂ ਪੈਸੇ ਕਢਵਾਉਣ ਲਈ ਵੀ ਬਾਹਰ ਭੇਜ ਦਿੱਤਾ ਸੀ । ਇਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਅਦਾਲਤੀ ਕਾਰਵਾਈ ਵਿੱਚ ਉਸਦੇ ਸਾਥੀ ਦੀ ਮਦਦ ਕਰਨ ਬਦਲੇ 5 ਹਜ਼ਾਰ ਰੁਪਏ ਹੋਰ ਮੰਗੇ ਸਨ, ਜਿਸਦੀ ਉਸਨੇ ਰਿਕਾਰਡਿੰਗ ਕਰਕੇ ਆਨ-ਲਾਈਨ ਸ਼ਿਕਾਇਤ ਦਰਜ ਕਰਾ ਦਿੱਤੀ ।

ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸੱਚੇ ਪਾਏ ਗਏ

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ ਸੱਚੇ ਪਾਏ ਗਏ । ਇਸ ਤੋਂ ਬਾਅਦ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਬਿਊਰੋ ਦੇ ਥਾਣਾ, ਜਲੰਧਰ ਰੇਂਜ ਵਿੱਚ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ । ਇਸ ਕੇਸ ਦੀ ਹੋਰ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

Read More : ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਗ੍ਰਿਫਤਾਰ

ਊਰਜਾ ਕੁਸ਼ਲ ਪ੍ਰੋਜੈਕਟਾਂ ਲਈ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਲਈ ਕਾਨਫਰੰਸ ਆਯੋਜਿਤ

0
PEDA

ਚੰਡੀਗੜ੍ਹ, 9 ਸਤੰਬਰ 2025 : ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਅੱਜ ਪੰਜਾਬ ਦੇ ਉਦਯੋਗਾਂ ਅਤੇ ਐਮ. ਐਸ. ਐਮ. ਈਜ਼. ਵਿੱਚ ਊਰਜਾ ਕੁਸ਼ਲ ਪ੍ਰੋਜੈਕਟਾਂ ਲਈ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਬਾਰੇ ‘ਊਰਜਾ ਕੁਸ਼ਲਤਾ ਲਈ ਨਿਵੇਸ਼ ਬਾਜ਼ਾਰ’ (‘Investment market for energy efficiency’) ਵਿਸ਼ੇ ਉੱਤੇ ਇਕ ਰੋਜ਼ਾ ਕਾਨਫਰੰਸ ਕਰਵਾਈ। ਇਸ ਸਮਾਗਮ ਦੌਰਾਨ ਇਸ ਮਹੱਤਵਪੂਰਨ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਾਂ, ਵਿੱਤੀ ਸੰਸਥਾਵਾਂ, ਬੈਂਕਾਂ, ਮਨੋਨੀਤ ਖਪਤਕਾਰਾਂ, ਐਮ. ਐਸ. ਐਮ. ਈਜ਼ ਅਤੇ ਉਪਕਰਣ ਨਿਰਮਾਤਾਵਾਂ ਸਮੇਤ ਮੁੱਖ ਭਾਈਵਾਲਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ ।

ਊਰਜਾ ਕੁਸ਼ਲਤਾ ਲਈ ਨਿਵੇਸ਼ ਬਾਜ਼ਾਰ” ਵਿਸ਼ੇ ‘ਤੇ ਕਰਵਾਈ ਕਾਨਫਰੰਸ ਦੌਰਾਨ ਮੁੱਖ ਭਾਈਵਾਲਾਂ ਨੇ ਇਸ ਅਹਿਮ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਬਾਰੇ ਕੀਤੀ ਚਰਚਾ

ਕਿਸਾਨ ਭਵਨ ਵਿਖੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੇਡਾ (Peda) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ੍ਰੀਮਤੀ ਨੀਲਿਮਾ ਨੇ ਸੂਬੇ ਵਿੱਚ ਉਦਯੋਗਾਂ ਅਤੇ ਐਮ. ਐਸ. ਐਮ. ਈਜ਼ ਵਿੱਚ ਊਰਜਾ ਕੁਸ਼ਲਤਾ ਅਤੇ ਨਵੀਆਂ ਤੇ ਨਵੀਨਤਾਕਾਰੀ ਊਰਜਾ ਕੁਸ਼ਲ ਤਕਨਾਲੋਜੀਆਂ ਨੂੰ ਲਾਗੂ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਉਦਯੋਗਾਂ ਅਤੇ ਐਮ. ਐਸ. ਐਮ. ਈਜ਼ (M. S. M. Ez) ਵਿੱਚ ਨਿਵੇਸ਼ ਦੀਆਂ ਸੰਭਾਵਨਾ ‘ਤੇ ਵੀ ਧਿਆਨ ਕੇਂਦਰਿਤ ਕੀਤਾ ਜਿਸ ਨਾਲ ਸੂਬਾ ਪੱਧਰ ‘ਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਸਕਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਉਦਯੋਗ, ਆਵਾਜਾਈ, ਇਮਾਰਤਾਂ ਅਤੇ ਖੇਤੀਬਾੜੀ ਖੇਤਰ ਦੀ ਗਤੀਸ਼ੀਲਤਾ ‘ਤੇ ਜ਼ੋਰ ਦਿੱਤਾ ਜੋ ਨਵੇਂ ਮੌਕੇ ਸਿਰਜ ਰਹੇ ਹਨ । ਉਨ੍ਹਾਂ ਨੇ ਉਦਯੋਗਾਂ ਅਤੇ ਐਮ. ਐਸ. ਐਮ. ਈਜ਼ ਵਿੱਚ ਊਰਜਾ ਕੁਸ਼ਲ ਪ੍ਰਾਜੈਕਟ ਲਾਗੂ ਕਰਨ ਲਈ ਪ੍ਰੋਜੈਕਟ ਲਾਗੂ ਕਰਨ ਵਾਲਿਆਂ ਅਤੇ ਫੰਡਿੰਗ ਏਜੰਸੀਆਂ ਦਰਮਿਆਨ ਸੰਚਾਰ ਅਤੇ ਗਿਆਨ ਦੇ ਪਾੜੇ ਨੂੰ ਪੂਰਨ ਦੀ ਲੋੜ ਬਾਰੇ ਚਾਨਣਾ ਪਾਇਆ ।

ਉਦਯੋਗਾਂ ਅਤੇ ਐਮ. ਐਸ. ਐਮ. ਈਜ਼ ਦੇ ਭਾਈਵਾਲਾਂ ਵੱਲੋਂ ਵਿਆਪਕ ਪੱਧਰ ‘ਤੇ ਅਪਣਾਏ ਜਾਣ ਲਈ ਸਫਲ ਊਰਜਾ ਕੁਸ਼ਲ ਪ੍ਰੋਜੈਕਟ ਵੀ ਪੇਸ਼ ਕੀਤੇ ਗਏ

ਆਰਥਿਕ ਵਿਕਾਸ ਅਤੇ ਵਿੱਤੀ ਸਹਾਇਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਰਾਜ-ਵਿਆਪੀ ਊਰਜਾ ਕੁਸ਼ਲਤਾ ਪ੍ਰਾਜੈਕਟਾਂ ਵਿੱਚ ਉਦਯੋਗਾਂ ਅਤੇ ਐਮ. ਐਸ. ਐਮ. ਈਜ਼ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ (Minister Aman Arora) ਦੀ ਅਗਵਾਈ ਹੇਠ, ਸੂਬੇ ਵੱਲੋਂ ਸਾਫ਼ ਸੁਥਰੀ ਊਰਜਾ ਸਬੰਧੀ ਹੱਲਾਂ ‘ਤੇ ਧਿਆਨ ਕੇਂਦ੍ਰਤ ਕਰਕੇ ਊਰਜਾ ਤਬਦੀਲੀ ਵਿੱਚ ਦੇਸ਼ ਦੀ ਅਗਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਾਨਫਰੰਸ ਦਾ ਉਦੇਸ਼ ਊਰਜਾ ਕੁਸ਼ਲਤਾ ਨੂੰ ਹੋਰ ਬਾਜ਼ਾਰ ਅਨੁਕੂਲ ਬਣਾਉਣਾ ਹੈ । ਕਾਨਫਰੰਸ ਦੌਰਾਨ ਉਦਯੋਗਾਂ ਅਤੇ ਐਮ. ਐਸ. ਐਮ. ਈਜ਼ ਦੇ ਭਾਈਵਾਲਾਂ ਵੱਲੋਂ ਵਿਆਪਕ ਪੱਧਰ ‘ਤੇ ਅਪਣਾਏ ਜਾਣ ਲਈ ਸਫਲ ਊਰਜਾ ਕੁਸ਼ਲ ਪ੍ਰੋਜੈਕਟ ਵੀ ਪੇਸ਼ ਕੀਤੇ ਗਏ ।

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ (ਬੀ. ਈ. ਈ.) ਦੇ ਡਾਇਰੈਕਟਰ ਸ਼ਿਆਮ ਸੁੰਦਰ ਨੇ ਊਰਜਾ ਕੁਸ਼ਲਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ (Ministry of Power, Government of India) ਦੇ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ (ਬੀ. ਈ. ਈ.) ਦੇ ਡਾਇਰੈਕਟਰ ਸ਼ਿਆਮ ਸੁੰਦਰ ਨੇ ਊਰਜਾ ਕੁਸ਼ਲਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਬੀ. ਈ. ਈ. ਵੱਲੋਂ ਉਦਯੋਗਾਂ ਲਈ ਪੇਸ਼ ਕੀਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਏ. ਡੀ. ਈ. ਈ. ਟੀ. ਆਈ. ਈ. (ਉਦਯੋਗਾਂ ਅਤੇ ਸੰਸਥਾਵਾਂ ਵਿੱਚ ਊਰਜਾ ਕੁਸ਼ਲ ਤਕਨਾਲੋਜੀਆਂ ਲਾਗੂ ਕਰਨ ਸਬੰਧੀ ਸਹਾਇਤਾ) ਯੋਜਨਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ । ਇਸ ਕਾਨਫਰੰਸ ਵਿੱਚ ਪੇਡਾ ਦੇ ਸੀਨੀਅਰ ਅਧਿਕਾਰੀ ਅਤੇ ਉਦਯੋਗਾਂ, ਐਮ. ਐਸ. ਐਮ. ਈਜ਼, ਵਿੱਤੀ ਸੰਸਥਾਵਾਂ/ਬੈਂਕਾਂ, ਐਸ. ਆਈ. ਡੀ. ਬੀ. ਆਈ., ਯੂਨੀਅਨ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐਚ. ਡੀ. ਐਫ. ਸੀ. ਬੈਂਕ, ਉਪਕਰਣ ਨਿਰਮਾਤਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ ।

Read More : ਪੇਡਾ ਵੱਲੋਂ ਪੰਜਾਬ ਵਿੱਚ ਊਰਜਾ ਸੰਭਾਲ ਖੋਜ ਅਤੇ ਵਿਕਾਸ ਲਈ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ

ਪੰਜਾਬ ਸਰਕਾਰ ਵੱਡੇ ਸ਼ਹਿਰਾਂ ਵਿੱਚ 447 ਇਲੈਕਟ੍ਰਿਕ ਬੱਸਾਂ ਸ਼ੁਰੂ ਕਰੇਗੀ

0
Doctor Ravjot Singh

ਚੰਡੀਗੜ੍ਹ, 9 ਸਤੰਬਰ 2025 : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਅੱਜ ਇਥੇ ਦੱਸਿਆ ਕਿ ਸੂਬਾ ਸਰਕਾਰ ਵਾਤਾਵਰਣ ਅਨੁਕੂਲ ਸਾਫ਼-ਸੁਥਰੀ ਜਨਤਕ ਆਵਾਜਾਈ ਦੇ ਵਿਸਤਾਰ ਲਈ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸ. ਏ. ਐਸ. ਨਗਰ (ਮੋਹਾਲੀ) ਵਿੱਚ ਜਲਦ ਹੀ ਆਧੁਨਿਕ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਤ ਕਰਕੇ 447 ਇਲੈਕਟ੍ਰਿਕ ਬੱਸਾਂ ਸ਼ੁਰੂ ਕਰੇਗੀ ।

ਆਧੁਨਿਕ ਚਾਰਜਿੰਗ ਢਾਂਚਾ ਹੋਵੇਗਾ ਸਥਾਪਤ : ਡਾ. ਰਵਜੋਤ ਸਿੰਘ

ਇੱਥੇ “ਈ-ਮੋਬਿਲਿਟੀ ਅਤੇ ਸਸਟੇਨੇਬਲ ਪਬਲਿਕ ਟ੍ਰਾਂਸਪੋਰਟੇਸ਼ਨ ‘ਤੇ ਪੰਜਾਬ ਕਨਕਲੇਵ” (“Punjab Conclave on E-Mobility and Sustainable Public Transportation”) ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਸੂਬਾ ਵਾਤਾਵਰਣ ਅਨੁਕੂਲ ਜਨਤਕ ਆਵਾਜਾਈ ਦੀ ਦਿਸ਼ਾ ਵਿੱਚ ਵੱਡੀ ਤਬਦੀਲੀ ਦਾ ਗਵਾਹ ਬਣੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰ ਵਿਕਾਸ ਦੇ ਇੰਜਣ ਹਨ, ਜਿਨ੍ਹਾਂ ਦਾ ਟਿਕਾਊ ਵਿਕਾਸ ਯਕੀਨੀ ਬਣਾਉਣਾ ਸਰਕਾਰ ਦੇ ਏਜੰਡੇ ‘ਤੇ ਹੈ ।

ਸਭ ਤੋਂ ਪਹਿਲਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਸ਼ੁਰੂ ਹੋਵੇਗੀ ਸੇਵਾ

ਉਨ੍ਹਾਂ ਕਿਹਾ ਕਿ ਡੀਜ਼ਲ ਤੋਂ ਇਲੈਕਟ੍ਰਿਕ ਵਾਹਨਾਂ ਵੱਲ ਰੁਖ਼ ਕਰਨ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟਦਾ ਹੈ ਸਗੋਂ ਡਰਾਈਵਰਾਂ ਦੀ ਆਮਦਨ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਔਰਤਾਂ ਦੇ ਸਸ਼ਕਤੀਕਰਨ ਵਿੱਚ ਵੀ ਅਹਿਮ ਯੋਗਦਾਨ ਪਾ ਰਹੀ ਅਤੇ ਮਾਰਚ 2024 ਤੋਂ ਹੁਣ ਤੱਕ ਅੰਮ੍ਰਿਤਸਰ ਵਿੱਚ ਈ-ਆਟੋ ਫਲੀਟ ‘ਚ 200 ਔਰਤਾਂ ਸ਼ਾਮਲ ਹੋਈਆਂ ਹਨ ।

ਅੰਮ੍ਰਿਤਸਰ ਵਿੱਚ ਮਾਰਚ 2024 ਤੋਂ ਹੁਣ ਤੱਕ 200 ਔਰਤਾਂ ਈ-ਆਟੋ ਫਲੀਟ ਵਿੱਚ ਸ਼ਾਮਲ ਹੋਈਆਂ

ਇਹ ਸੰਮੇਲਨ, ਜੋ ਵਿਸ਼ਵ ਈਵੀ ਦਿਵਸ (World EV Day) ‘ਤੇ ਸੀ. ਈ. ਈ. ਡਬਲਿਊ. ਦੁਆਰਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ, ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇਲੈਕਟ੍ਰਿਕ ਆਟੋ (ਈ-ਆਟੋ) ਅਪਨਾਉਣ ਵੱਲ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ ਹੈ । ਇਸ ਸੰਮੇਲਨ ਨੇ ਸਾਫ਼ ਸੁਥਰੀ ਤੇ ਟਿਕਾਊ ਆਵਾਜਾਈ ਦੇ ਵਿਸ਼ੇ ‘ਤੇ ਵਿਚਾਰਚਰਚਾ ਲਈ ਅੰਮ੍ਰਿਤਸਰ ਦੇ ਨੀਤੀ ਘਾੜਿਆਂ, ਸ਼ਹਿਰ ਦੇ ਮੋਹਰੀ ਆਗੂਆਂ, ਮਾਹਿਰਾਂ ਅਤੇ ਈ-ਆਟੋ ਡਰਾਈਵਰਾਂ ਨੂੰ ਇੱਕ ਮੰਚ ‘ਤੇ ਲਿਆਂਦਾ ।

ਪੰਜਾਬ ਦੇ ਖੁਸ਼ਹਾਲ ਅਤੇ ਟਿਕਾਊ ਭਵਿੱਖ ਦੀ ਸਿਰਜਣਾ ਲਈ ਸਾਰੇ ਨਾਗਰਿਕਾਂ ਦਾ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ

ਆਪਣੇ ਉਦਘਾਟਨੀ ਭਾਸ਼ਣ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਖੁਸ਼ਹਾਲ ਅਤੇ ਟਿਕਾਊ ਭਵਿੱਖ ਦੀ ਸਿਰਜਣਾ ਲਈ ਸਾਰੇ ਨਾਗਰਿਕਾਂ ਦਾ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ । ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿੱਚ 1,200 ਡੀਜ਼ਲ ਆਟੋਜ਼ ਨੂੰ ਇਲੈਕਟ੍ਰਿਕ ਆਟੋ ‘ਚ ਬਦਲਣਾ ਵਧੇਰੇ ਪ੍ਰੇਰਨਾਦਾਇਕ ਸਫ਼ਰ ਰਿਹਾ ਹੈ, ਜੋ ਇੱਕ ਠੋਸ ਨੀਤੀ ਅਤੇ ਸਮੂਹਿਕ ਯਤਨਾਂ ਕਰਕੇ ਸੰਭਵ ਹੋਇਆ ।

ਇਸ ਸਫ਼ਲਤਾ ਦੇ ਆਧਾਰ ‘ਤੇ ਅਸੀਂ ਹੁਣ ਇਲੈਕਟ੍ਰਿਕ ਬੱਸਾਂ ਸ਼ੁਰੂ ਕਰ ਰਹੇ ਹਾਂ

ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਦੇ ਆਧਾਰ ‘ਤੇ ਅਸੀਂ ਹੁਣ ਇਲੈਕਟ੍ਰਿਕ ਬੱਸਾਂ (Electric buses) ਸ਼ੁਰੂ ਕਰ ਰਹੇ ਹਾਂ, ਜੋ ਸਭ ਤੋਂ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਐਸ. ਏ. ਐਸ. ਨਗਰ (ਮੋਹਾਲੀ) ਵਰਗੇ ਪ੍ਰਮੁੱਖ ਸ਼ਹਿਰਾਂ ‘ਚ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਪੀ. ਐਮ. ਆਈ. ਡੀ. ਸੀ. ਦੁਆਰਾ ਸਰਕਾਰ ਨਾਲ ਨੇੜਿਓਂ ਤਾਲਮੇਲ ਰਾਹੀਂ ਸਾਵਧਾਨੀ ਨਾਲ ਰੂਟ ਰੈਸ਼ਨਲਾਈਜ਼ੇਸ਼ਨ, ਚਾਰਜਿੰਗ ਢਾਂਚੇ ਅਤੇ ਆਧੁਨਿਕੀਕਰਨ ਬਾਰੇ ਯੋਜਨਾ ਬਣਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੂਰੇ ਜਨੂੰਨ ਅਤੇ ਵਚਨਬੱਧਤਾ ਨਾਲ ਕੰਮ ਕਰਾਂਗੇ, ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ ।

Read More : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਤੜਕਸਾਰ ਪਟਿਆਲਾ ਪੁੱਜੇ

ਮੰਤਰੀ ਵੱਲੋਂ ਪੈਸਕੋ ਨੂੰ ਭਰਤੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼

0
Minister directs PESCO

ਚੰਡੀਗੜ੍ਹ, 9 ਸਤੰਬਰ 2025 :  ਪੰਜਾਬ ਸਰਕਾਰ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ 1,700 ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ (Minister Mohinder Bhagat) ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ ।

ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਲਈ 1,700 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ : ਮੋਹਿੰਦਰ ਭਗਤ

ਭਗਤ ਨੇ ਕਿਹਾ ਕਿ ਇਸ ਨਵੀਂ ਭਰਤੀ ਵਿੱਚ ਸਾਬਕਾ ਸੈਨਿਕਾਂ ਅਤੇ ਗੈਰ-ਸਾਬਕਾ ਸੈਨਿਕਾਂ ਦੋਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਹ ਅਸਾਮੀਆਂ ਪੁਰਸ਼ਾਂ ਦੇ ਨਾਲ-ਨਾਲ ਮਹਿਲਾ ਉਮੀਦਵਾਰਾਂ ਲਈ ਵੀ ਖੁੱਲ੍ਹੀਆਂ ਹਨ । ਉਨ੍ਹਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਸਾਡੀਆਂ ਜੇਲ੍ਹਾਂ ਲਈ ਹੋਰ ਸੁਰੱਖਿਆ ਗਾਰਡ ਪ੍ਰਦਾਨ ਕਰੇਗਾ ਬਲਕਿ ਸਾਬਕਾ ਸੈਨਿਕਾਂ ਅਤੇ ਪੰਜਾਬ ਦੇ ਨੌਜਵਾਨਾਂ ਲਈ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ ।

ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ

ਮੀਟਿੰਗ ਦੌਰਾਨ ਪੈਸਕੋ ਦੇ ਮੈਨੇਜਿੰਗ ਡਾਇਰੈਕਟਰ, ਮੇਜਰ ਜਨਰਲ ਹਰਮਨਦੀਪ ਸਿੰਘ (ਸੇਵਾਮੁਕਤ) ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੁੱਲ ਮਨਜ਼ੂਰਸ਼ੁਦਾ ਗਿਣਤੀ ਵਿੱਚੋਂ 900 ਸੁਰੱਖਿਆ ਗਾਰਡ ਪਹਿਲਾਂ ਹੀ ਭਰਤੀ ਕੀਤੇ ਜਾ ਚੁੱਕੇ ਹਨ । ਉਨ੍ਹਾਂ ਅੱਗੇ ਦੱਸਿਆ ਕਿ ਸਾਰੀਆਂ ਜੇਲ੍ਹਾਂ ਵਿੱਚ ਮਜ਼ਬੂਤ ​​ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਬਾਕੀ ਅਸਾਮੀਆਂ ਜਲਦ ਹੀ ਭਰੀਆਂ ਜਾਣਗੀਆਂ । ਭਗਤ ਨੇ ਪੈਸਕੋ ਨੂੰ ਭਰਤੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਬਾਕੀ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਿਆ ਜਾ ਸਕੇ ।

ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ (Punjab Government) ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ । ਪੈਸਕੋ ਦੇ ਮੈਨੇਜਿੰਗ ਡਾਇਰੈਕਟਰ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਭਰਤੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇਗੀ । ਭਗਤ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ।

Read More : ਕਿਸਾਨੀ ਸੰਕਟ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਬਾਗ਼ਬਾਨੀ ਵਿਭਾਗ: ਮੋਹਿੰਦਰ ਭਗਤ

ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਲਈ 11 ਨੁਕਾਤੀ ਪੈਕੇਜ ਦਾ ਕੀਤਾ ਐਲਾਨ

0
Prime Minister Modi

ਚੰਡੀਗੜ, 9 ਸਤੰਬਰ 2025 :  ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਅਤੇ ਗੁਰਦਾਸਪੁਰ ਵਿੱਚ ਅਧਿਕਾਰੀਆਂ ਅਤੇ ਪੀੜਤਾਂ ਲੋਕਾਂ ਨਾਲ ਬੈਠਕ ਕਰ ਕੇ ਆਫ਼ਤ ਦਾ ਮੁਲਾਂਕਣ ਕੀਤਾ । ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਲਈ 11 ਨੁਕਾਤੀ ਪੈਕੇਜ ਦੇ ਕਿਤੇ ਐਲਾਨ ਦਾ ਸਵਾਗਤ ਕੀਤਾ ।

ਪੰਜਾਬ ਨੂੰ ਪਹਿਲਾਂ ਤੋਂ ਦਿੱਤੇ 12 ਹਜ਼ਾਰ ਕਰੋੜ ਦੇ ਆਫਤ ਰਾਹਤ ਫੰਡ ਦੇ ਨਾਲ ਹੋਰ ਵਾਧੂ 1600 ਕਰੋੜ ਦਿੱਤੇ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Punjab BJP President Sunil Jakhar) ਅਤੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਫਤ ਦੇ ਮੌਕੇ ਪੰਜਾਬ ਨਾਲ ਖੜਨ ਅਤੇ ਪੀੜਿਤ ਲੋਕਾਂ ਨੂੰ ਮਦਦ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ । ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਦੁੱਖ ਅਤੇ ਸਮੱਸਿਆ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ ।

ਪ੍ਰਧਾਨ ਮੰਤਰੀ ਨੇ ਪੰਜਾਬ ਲਈ ਜੋ ਐਲਾਨ ਕੀਤੇ ਉਨ੍ਹਾਂ ਵੇਰਵਾ ਇਸ ਤਰ੍ਹਾਂ ਹੈ:

-ਪੰਜਾਬ ਲਈ 1600 ਕਰੋੜ ਦੀ ਵਿੱਤੀ ਰਾਹਤ ਰਾਸ਼ੀ ਦਾ ਐਲਾਨ
-ਇਹ ਰਾਸ਼ੀ ਪਹਿਲਾਂ ਹੀ ਸੂਬਾ ਸਰਕਾਰ ਨੂੰ ਭੇਜੀ ਗਈ 12000 ਕਰੋੜ ਦੀ ਰਾਸ਼ੀ ਤੋਂ ਅਲੱਗ ਹੋਵੇਗੀ।

-ਸਟੇਟ ਡਿਜ਼ਾਸਟਰ ਰਿਲੀਫ਼ ਫੰਡ (ਐੱਸ. ਡੀ. ਆਰ. ਐੱਫ.) ਅਤੇ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਐਡਵਾਂਸ ਜਾਰੀ ਕੀਤੀ ਜਾਵੇਗੀ

-ਬਹੁ-ਧਾਰਾਵੀਂ ਯੋਜਨਾ ਰਾਹੀਂ ਪੀਐੱਮ ਅਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਨੈਸ਼ਨਲ ਹਾਈਵੇਜ਼ ਨੂੰ ਠੀਕ ਕਰਨਾ, ਸਕੂਲਾਂ ਦੀ ਉਸਾਰੀ ਕਰਵਾਉਣਾਂ, ਪਸ਼ੂਆਂ ਤੇ ਮਵੇਸ਼ੀਆਂ ਲਈ ਮਿੰਨੀ ਕਿੱਟਾਂ ਦਾ ਪ੍ਰਬੰਧ ਕਰਨਾ ਅਤੇ ਪੀ. ਐੱਮ. ਐੱਨ. ਆਰ. ਐਫ਼. ਦੇ ਫੰਡ ਨਾਲ ਰਾਹਤ ਮੁਹੱਈਆ ਕਰਵਾਉਣਾ ਹੈ ।

– ਕਿਸਾਨ ਭਾਈਚਾਰੇ ਦੀ ਮਦਦ ਲਈ ਮਹੱਤਵਪੂਰਨ ਲੋੜ ਨੂੰ ਦੇਖਦੇ ਹੋਏ, ਉਨ੍ਹਾਂ ਕਿਸਾਨਾਂ ਨੂੰ ਵਾਧੂ ਸਹਾਇਤਾ ਦਿੱਤੀ ਜਾਵੇਗੀ,ਜਿਨ੍ਹਾਂ ਕੋਲ ਇਸ ਸਮੇਂ ਬਿਜਲੀ ਕੁਨੈਕਸ਼ਨਾਂ ਦੀ ਘਾਟ ਹੈ ।

-ਸੂਬਾ ਸਰਕਾਰ ਦੇ ਖਾਸ ਪ੍ਰਸਤਾਵ ਦੇ ਮੱਦੇਨਜ਼ਰ ਜੋ ਬੋਰ ਗਾਰ ਨਾਲ ਭਰ ਗਏ ਹਨ ਜਾਂ ਪਾਣੀ ਵਿੱਚ ਵਹਿ ਗਏ ਹਨ, ਉਨ੍ਹਾਂ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪ੍ਰੋਜੈਕਟ ਤਹਿਤ ਨਵੀਨੀਕਰਨ ਲਈ ਮਦਦ ਦਿੱਤੀ ਜਾਵੇਗੀ ।

-ਡੀਜ਼ਲ ‘ਤੇ ਚੱਲਣ ਵਾਲੇ ਬੋਰ ਪੰਪਾਂ, ਸੋਲਰ ਪੈਨਲਾਂ ਲਈ MNRE ਨਾਲ ਕਨਵਰਜੈਂਸ ਅਤੇ ਪਰ ਡਰੋਪ ਮੋਰ ਕਰੌਪ ਗਾਇਡਲਾਇਨਜ਼ ਤਹਿਤ ਮਾਈਕ੍ਰੋ ਸਿੰਚਾਈ ਲਈ ਸਹਾਇਤਾ ਦੀ ਸਹੂਲਤ ਦਿੱਤੀ ਜਾਵੇਗੀ ।

– ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ, ਪੇਂਡੂ ਖੇਤਰਾਂ ਵਿੱਚ ਘਰਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ “ਵਿਸ਼ੇਸ਼ ਪ੍ਰੋਜੈਕਟ” ਦੇ ਤਹਿਤ ਵਿੱਤੀ ਸਹਾਇਤਾ ਉਨ੍ਹਾਂ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ ।

– ਪੰਜਾਬ ਵਿੱਚ ਹਾਲ ਹੀ ਵਿੱਚ ਹੜ੍ਹਾਂ ਵਿੱਚ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਸੂਬਾ ਸਰਕਾਰ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਲੋੜੀਂਦੀ ਸਹਾਇਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ ।

– ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਰੀਚਾਰਜ ਢਾਂਚਿਆਂ ਦਾ ਨਿਰਮਾਣ ਵਿਆਪਕ ਤੌਰ ‘ਤੇ ਕੀਤਾ ਜਾਵੇਗਾ। ਇਸ ਦਾ ਉਦੇਸ਼ ਨੁਕਸਾਨੇ ਗਏ ਰੀਚਾਰਜ ਢਾਂਚਿਆਂ ਦੀ ਮੁਰੰਮਤ ਕਰਨਾ ਅਤੇ ਵਾਧੂ ਪਾਣੀ ਦੀ ਸੰਭਾਲ ਦੇ ਢਾਂਚਿਆਂ ਦਾ ਨਿਰਮਾਣ ਕਰਨਾ ਹੋਵੇਗਾ ।

– ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਆਫ਼ਤ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਵਾਰਸਾਂ ਨੂੰ ਪ੍ਰਤੀ ਵਿਅਕਤੀ 2 ਲੱਖ ਰੁਪਏ ਅਤੇ ਗੰਭੀਰ ਜਖ਼ਮੀਆ ਦੇ ਇਲ਼ਾਜ਼ ਲਈ 50,000 ਮੁਆਵਜਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ ।

– ਹੜਾਂ ਦੌਰਾਨ ਅਨਾਥ ਹੋਏ ਬੱਚਿਆਂ ਦੀ ਦੇਖ-ਭਾਲ ਲਈ ਪੀ. ਐੱਮ. ਚਾਇਲਡ ਕੇਅਰ ਸਕੀਮ ਤਹਿਤ ਸਹਾਇਤਾ ਕੀਤੀ ਜਾਵੇਗੀ ।

Read More : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਦਿੱਤੀ ਵਧਾਈ

ਫ਼ਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ਾ ਤਸਕਰੀ ਕਾਰਟਲ ਦਾ ਪਰਦਾਫਾਸ਼

0
cartel busted in Faridkot

ਚੰਡੀਗੜ੍ਹ/ਫਰੀਦਕੋਟ, 9 ਸਤੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ `ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ (‘War on drugs’) ਮੁਹਿੰਮ ਦੌਰਾਨ ਨਾਰਕੋ-ਅੱਤਵਾਦੀ ਨੈੱਟਵਰਕਾਂ ਵਿਰੁੱਧ ਦੋ ਹਫ਼ਤਿਆਂ ਦੇ ਯੋਜਨਾਬੱਧ ਅਤੇ ਸਰੋਤ-ਅਧਾਰਤ ਆਪ੍ਰੇਸ਼ਨ ਤਹਿਤ ਫਰੀਦਕੋਟ ਪੁਲਸ ਨੇ ਦੋ ਮੁੱਖ ਨਸ਼ਾ ਤਸਕਰਾਂ (Two major drug traffickers) ਨੂੰ 12.1 ਕਿਲੋਗ੍ਰਾਮ ਹੈਰੋਇਨ ਨਾਲ, ਗ੍ਰਿਫ਼ਤਾਰ ਕਰਕੇ ਪਾਕਿਸਤਾਨ-ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫ਼ਰੀਦਕੋਟ ਦੇ ਪਿੰਡ ਝਰੀਵਾਲਾ ਦੇ ਵਸਨੀਕ ਸੁਖਪ੍ਰੀਤ ਸਿੰਘ ਅਤੇ ਫਿਰੋਜ਼ਪੁਰ ਦੇ ਪਿੰਡ ਵਾਨ ਦੇ ਵਸਨੀਕ ਕਾਦਰ ਸਿੰਘ ਵਜੋਂ ਹੋਈ ਹੈ ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਬੰਧ, ਵੱਡੇ ਅੰਤਰ-ਰਾਸ਼ਟਰੀ ਤਸਕਰੀ ਨੈੱਟਵਰਕ ਵੱਲ ਕਰਦੇ ਹਨ ਇਸ਼ਾਰਾ : ਡੀ. ਜੀ. ਪੀ. ਗੌਰਵ ਯਾਦਵ

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਕਿ ਇੱਕ ਵੱਡੇ ਅੰਤਰ-ਰਾਸ਼ਟਰੀ ਤਸਕਰੀ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ । ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਕੀਤੀ ਗਈ ਇਹ ਨਾਜਾਇਜ਼ ਖੇਪ ਪੁਲਿਸ ਥਾਣਾ ਸਦਰ ਫਰੀਦਕੋਟ ਦੇ ਅਧਿਕਾਰ ਖੇਤਰ ਅਧੀਨ ਪਿੰਡ ਝਰੀਵਾਲਾ ਤੋਂ ਬਰਾਮਦ ਕੀਤੀ ਗਈ ਹੈ । ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਡਰੱਗ ਕਾਰਟਲ ਪੂਰੀ ਤਰ੍ਹਾਂ ਪਰਦਾਫ਼ਾਸ਼ ਕੀਤਾ ਜਾ ਸਕੇ ।

ਪਿੰਡ ਝਰੀਵਾਲਾ ਵਿੱਚ ਮੁਲਜ਼ਮ ਸੁਖਪ੍ਰੀਤ ਸਿੰਘ ਦੇ ਘਰ ਨੇੜਿਓਂ ਦੋਵਾਂ ਮੁਲਜ਼ਮਾਂ ਨੂੰ 12.1 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ

ਸੀਨੀਅਰ ਪੁਲਿਸ ਸੁਪਰਡੈਂਟ (ਐਸ. ਐਸ. ਪੀ.) ਫਰੀਦਕੋਟ ਡਾ. ਪ੍ਰਗਿਆ ਜੈਨ (Dr. Pragya Jain) ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਮਿਲੀ ਪੁਖ਼ਤਾ ਇਤਲਾਹ `ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਐਸ. ਪੀ. (ਜਾਂਚ) ਸੰਦੀਪ ਕੁਮਾਰ ਅਤੇ ਡੀ. ਐਸ. ਪੀ. ਫਰੀਦਕੋਟ ਤਰਲੋਚਨ ਸਿੰਘ ਦੀ ਨਿਗਰਾਨੀ ਹੇਠ ਪੁਲਸ ਸਟੇਸ਼ਨ ਸਦਰ ਫਰੀਦਕੋਟ ਅਤੇ ਪੁਲਸ ਚੌਕੀ ਗੋਲੇਵਾਲਾ ਦੀਆਂ ਟੀਮਾਂ ਨੇ ਪਿੰਡ ਝਰੀਵਾਲਾ ਵਿੱਚ ਮੁਲਜ਼ਮ ਸੁਖਪ੍ਰੀਤ ਸਿੰਘ ਦੇ ਘਰ ਨੇੜਿਓਂ ਦੋਵਾਂ ਮੁਲਜ਼ਮਾਂ ਨੂੰ 12.1 ਕਿਲੋਗ੍ਰਾਮ ਹੈਰੋਇਨ ਸਮੇਤ ਉਦੋਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਿਸੇ ਨੂੰ ਖੇਪ ਪਹੁੰਚਾਉਣ ਜਾ ਰਹੇ ਸਨ ।

ਜਾਂਚ ਵਿੱਚ ਪਾਇਆ ਗਿਆ ਹੈ ਕਿ ਪਾਕਿਸਤਾਨ-ਅਧਾਰਤ ਤਸਕਰ ਵੱਲੋਂ ਡਰੋਨਾਂ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤੀ ਖੇਤਰ ਵਿੱਚ ਪਹੁੰਚਾਈ ਜਾਂਦੀ ਸੀ

ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪਾਇਆ ਗਿਆ ਹੈ ਕਿ ਪਾਕਿਸਤਾਨ-ਅਧਾਰਤ ਤਸਕਰ (Pakistan-based smugglers) ਵੱਲੋਂ ਡਰੋਨਾਂ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤੀ ਖੇਤਰ ਵਿੱਚ ਪਹੁੰਚਾਈ ਜਾਂਦੀ ਸੀ , ਜਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਅੱਗੇ ਹੋਰ ਤਸਕਰਾਂ ਨੂੰ ਸਪਲਾਈ ਕੀਤਾ ਜਾਂਦਾ ਸੀ । ਐਸ. ਐਸ. ਪੀ. ਨੇ ਕਿਹਾ ਕਿ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਹਿਲਾਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ । ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 23 ਤਹਿਤ ਐਫ. ਆਈ. ਆਰ. ਨੰਬਰ 212 ਮਿਤੀ 08.09.2025 ਨੂੰ ਕੇਸ ਦਰਜ ਕੀਤਾ ਗਿਆ ਹੈ ।

Read More : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ

ਵਿਧਾਇਕ ਕੋਹਲੀ ਵੱਲੋਂ ਪਟਿਆਲਾ ‘ਚ 10 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

0
MLA Kohli

ਪਟਿਆਲਾ, 9 ਸਤੰਬਰ 2025 : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਅੱਜ ਆਪਣੇ ਹਲਕੇ ਵਿੱਚ ਲਗਭਗ 10 ਕਰੋੜ ਰੁਪਏ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਨਿਰੀਖਣ (Inspection of ongoing development projects worth Rs. 10 crore) ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।

ਦੋ ਕਮਿਊਨਿਟੀ ਸੈਂਟਰ, ਲਾਇਬ੍ਰੇਰੀ ਅਤੇ ਗੈਸਟ ਹਾਊਸ ਜਲਦੀ ਹੀ ਕਿਫਾਇਤੀ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਗੇ : ਅਜੀਤਪਾਲ ਸਿੰਘ ਕੋਹਲੀ

ਵਿਧਾਇਕ ਕੋਹਲੀ ਨੇ ਸਨੌਰੀ ਅੱਡਾ ਵਿਖੇ 2.50 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਇੱਕ ਕਮਿਊਨਿਟੀ ਸੈਂਟਰ (A community center at Sanauri Adda with an estimated cost of Rs. 2.50 crore) , 2.25 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਵਿਖੇ ਇੱਕ ਲਾਇਬ੍ਰੇਰੀ, 2.50 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਵਿਖੇ ਇੱਕ ਕਮਿਊਨਿਟੀ ਸੈਂਟਰ ਅਤੇ 2 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਮਾਡਲ ਟਾਊਨ ਵਿਖੇ ਬਣ ਰਹੇ ਇੱਕ ਗੈਸਟ ਹਾਊਸ ਦਾ ਦੌਰਾ ਕੀਤਾ । ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਪ੍ਰੋਜੈਕਟ ਇਤਿਹਾਸਕ ਪਹਿਲਕਦਮੀਆਂ ਹਨ ਜੋ ਨਾਗਰਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਗੀਆਂ ਅਤੇ ਪਟਿਆਲਾ ਦੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਗੀਆਂ ।

ਕਮਿਊਨਿਟੀ ਸੈਂਟਰ ਅਤੇ ਗੈਸਟ ਹਾਊਸ ਮੱਧ ਵਰਗ ਦੇ ਪਰਿਵਾਰਾਂ ਲਈ ਵਰਦਾਨ ਸਾਬਤ ਹੋਣਗੇ

ਅਜੀਤਪਾਲ ਸਿੰਘ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਅਤੇ ਗੈਸਟ ਹਾਊਸ ਮੱਧ ਵਰਗ ਦੇ ਪਰਿਵਾਰਾਂ ਲਈ ਵਰਦਾਨ ਸਾਬਤ ਹੋਣਗੇ ਕਿਉਂਕਿ ਉਹ ਸਮਾਜਿਕ ਇਕੱਠਾਂ, ਵਿਆਹਾਂ, ਪਰਿਵਾਰਕ ਸਮਾਗਮਾਂ ਅਤੇ ਇੱਥੋਂ ਤੱਕ ਕਿ ਆਪਣੇ ਅਜ਼ੀਜ਼ਾਂ ਦੀਆਂ ਅੰਤਿਮ ਰਸਮਾਂ ਲਈ ਕਿਫਾਇਤੀ ਥਾਵਾਂ ਤੱਕ ਪਹੁੰਚ ਕਰ ਸਕਣਗੇ । ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿ ਅਮੀਰ ਪਰਿਵਾਰ ਮਹਿੰਗੇ ਮੈਰਿਜ ਪੈਲੇਸਾਂ ਦੀਆਂ ਸੇਵਾਵਾਂ ਲੈ ਸਕਦੇ ਹਨ, ਪਰ ਇਹ ਪ੍ਰਾਜੈਕਟ ਆਮ ਸ਼ਹਿਰੀਆਂ ਨੂੰ ਵੀ ਬਿਹਤਰ ਸਹੂਲਤਾਂ ਨਾਲ ਤਰ੍ਹਾਂ ਲੈਸ, ਘੱਟ ਕੀਮਤ ਵਾਲੀਆਂ ਕਮਿਉਨਿਟੀ ਸਹੂਲਤਾਂ ਪ੍ਰਦਾਨ ਕਰਨਗੀਆਂ ।

ਲਾਇਬ੍ਰੇਰੀ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਲਈ ਇੱਕ ਜੀਵੰਤ ਕੇਂਦਰ ਵਜੋਂ ਕੰਮ ਕਰੇਗੀ

ਲਾਇਬ੍ਰੇਰੀ (Library) ਬਾਰੇ ਬੋਲਦਿਆਂ ਵਿਧਾਇਕ ਕੋਹਲੀ ਨੇ ਕਿਹਾ ਕਿ ਇਹ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਲਈ ਇੱਕ ਜੀਵੰਤ ਕੇਂਦਰ ਵਜੋਂ ਕੰਮ ਕਰੇਗੀ । ਇਹ ਅਧਿਐਨ ਸਮੱਗਰੀ, ਡਿਜੀਟਲ ਸਰੋਤਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਇੱਕ ਸ਼ਾਂਤਮਈ ਵਾਤਾਵਰਣ ਪ੍ਰਦਾਨ ਕਰੇਗਾ । ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨਾ ਅਤੇ ਉਤਸ਼ਾਹਿਤ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਇੱਕ ਵਿਸ਼ੇਸ਼ ਤਰਜੀਹ ਹੈ, ਜੋ ਨੌਜਵਾਨ ਪੀੜ੍ਹੀ ਲਈ ਸਿੱਖਣ ਅਤੇ ਵਿਕਾਸ ਦੇ ਕੇਂਦਰਾਂ ਵਜੋਂ ਉਸਾਰੀਆਂ ਜਾ ਰਹੀਆਂ ਹਨ ।

ਵਿਧਾਇਕ ਨੇ ਕੀਤੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਪ੍ਰੋਜੈਕਟਾਂ ਦੀ ਉਪਯੋਗਤਾ ਨੂੰ ਵਧਾਉਣ ਲਈ ਕੁਝ ਸੋਧਾਂ ਲਈ ਨਿਰਦੇਸ਼ ਵੀ ਜਾਰੀ

ਨਿਰੀਖਣ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਪ੍ਰੋਜੈਕਟਾਂ ਦੀ ਉਪਯੋਗਤਾ ਨੂੰ ਵਧਾਉਣ ਲਈ ਕੁਝ ਸੋਧਾਂ ਲਈ ਨਿਰਦੇਸ਼ ਵੀ ਜਾਰੀ ਕੀਤੇ । ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਲਦੀ ਹੀ ਪੂਰੇ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਪਟਿਆਲਾ ਦੇ ਵਸਨੀਕਾਂ ਨੂੰ ਸਮਰਪਿਤ ਕਰਨਗੇ। ਪੰਜਾਬ ਸਰਕਾਰ ਦੀ ਸ਼ਹਿਰੀ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਵਿਧਾਇਕ ਕੋਹਲੀ ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਪਟਿਆਲਾ ਨੂੰ ਇੱਕ ਮਾਡਲ ਸ਼ਹਿਰ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ ਜਿੱਥੇ ਸਾਰੇ ਨਿਵਾਸੀਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਆਧੁਨਿਕ ਬੁਨਿਆਦੀ ਢਾਂਚਾ ਸਥਾਪਤ ਹੋਵੇ ।

Read More : ਵਿਧਾਇਕ ਕੋਹਲੀ ਵਲੋਂ 24 ਕਰਜ਼ਦਾਰਾਂ ਨੂੰ 37.33 ਲੱਖ ਦੀ ਕਰਜਾ ਮੁਆਫੀ ਦਾ ਤੋਹਫ਼ਾ

ਜਿਮਖਾਨਾ ਕਲੱਬ ਮੈਨੇਜਮੈਂਟ ਨੇ ਹੜ ਪੀੜਤਾਂ ਲਈ ਦਿੱਤੀ 11 ਲੱਖ ਦੀ ਸਹਾਇਤਾ ਰਾਸ਼ੀ

0
Gymkhana Club

ਪਟਿਆਲਾ, 9 ਸਤੰਬਰ 2025 : ਜਿਮਖਾਨਾ ਕਲੱਬ (Gymkhana Club) ਦੇ ਪ੍ਰਧਾਨ ਦੀਪਕ ਕੰਪਾਨੀ ਸਕੱਤਰ ਡਾ. ਸੁਖਦੀਪ ਸਿੰਘ ਬੋਪਾਰਾਏ, ਮੀਤ ਪ੍ਰਧਾਨ ਵਿਕਾਸ ਪੁਰੀ ਅਤੇ ਕਲੱਬ ਮੈਨੇਜਮੈਂਟ ਵੱਲੋਂ ਪੰਜਾਬ ਵਿੱਚ ਆਏ ਭਿਆਨਕ ਹੜਾ ਦੇ ਹੜ ਪੀੜਤਾਂ ਲਈ 11 ਲੱਖ ਰੁਪਏ ਦਾ ਚੈੱਕ (A cheque of Rs 11 lakh for flood victims) ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸੌਂਪਿਆ ।

ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੂੰ ਸੌਂਪਿਆ ਚੈੱਕ

ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਮਨਮੋਹਨ ਸਿੰਘ, ਡਾ.ਸੁ ਧੀਰ ਵਰਮਾ, ਬਾਲ ਕਿਸ਼ਨ ਸਿੰਗਲਾ, ਹਰਪ੍ਰੀਤ ਸੰਧੂ ਤੋਂ ਇਲਾਵਾ ਵਿਨੋਦ ਸ਼ਰਮਾ, ਸੰਚਿਤ ਬਾਂਸਲ, ਡਾ. ਨਿਧੀ ਬਾਂਸਲ, ਬਿਕਰਮਜੀਤ ਸਿੰਘ, ਰਾਹੁਲ ਮਹਿਤਾ, ਪ੍ਰਦੀਪ ਸਿੰਗਲਾ, ਡਾ. ਅੰਸ਼ੂਮਨ ਖਰਬੰਦਾ, ਜਤਿਨ ਗੋਇਲ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ । ਇਸ ਮੌਕੇ ਡਾ. ਬਲਵੀਰ ਨੇ ਸਮੁੱਚੀ ਕਲੱਬ ਮੈਨੇਜਮੈਂਟ ਅਤੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰ ਪੀੜਤਾਂ ਦੇ ਮੁੜ ਵਸੇਵੇ ਲਈ ਅਤੇ ਉਹਨਾਂ ਦੇ ਖਾਣ ਪੀਣ ਦੇ ਪ੍ਰਬੰਧ ਲਈ ਕਲੱਬ ਮੈਂਬਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜਿਸ ਲਈ ਸਮੁੱਚੀ ਪੰਜਾਬ ਸਰਕਾਰ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਹੈ ।

ਡਾ. ਬਲਬੀਰ ਦੀ ਪ੍ਰੇਰਨਾ ਸਦਕਾ ਕਈ ਹੋਰ ਮੈਂਬਰਾਂ ਨੇ ਹੜ ਪੀੜਤ ਪਰਿਵਾਰਾਂ ਨੂੰ ਮੌਕੇ ਤੇ ਹੀ ਗੋਦ ਲਿਆ

ਇਸ ਮੌਕੇ ਦੀਪਕ ਕੰਮਪਾਨੀ (Deepak Company) ਨੇ ਕਿਹਾ ਕਿ ਡਾ. ਬਲਬੀਰ ਦੀ ਪ੍ਰੇਰਨਾ ਸਦਕਾ ਕਈ ਹੋਰ ਮੈਂਬਰਾਂ ਨੇ ਹੜ ਪੀੜਤ ਪਰਿਵਾਰਾਂ ਨੂੰ ਮੌਕੇ ਤੇ ਹੀ ਗੋਦ ਲਿਆ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰਣ ਵੀ ਕੀਤਾ ਹੈ । ਇਸ ਮੌਕੇ ਵਿਪਿਨ ਸ਼ਰਮਾ, ਨੀਰਜ ਵਤਸ, ਹਿਮਾਂਸ਼ੂ ਸ਼ਰਮਾ ਐਚ.ਐਸ ਬਾਠ, ਹਰਦੇਵ ਬੱਲੀ, ਦੀਪਕ ਡਕਾਲਾ, ਸ਼ੇਰਵੀਰ ਸਿੰਘ, ਐਮ. ਐਮ. ਕੁਰੇਸ਼ੀ, ਐਡ. ਸੁਮੇਸ਼ ਜੈਨ, ਗੁਰਦੀਪ ਸਿੰਘ ਏ. ਆਈ. ਜੀ. ਰਿਟਾਇਰਡ, ਰਘਬੀਰ ਸਿੰਘ ਅਤੇ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ ।

Read More : ਯੰਗ ਸਟਾਰ ਵੈਲਫੇਅਰ ਕਲੱਬ ਨੇ ਇਨਵਾਇਰਮੈਂਟ ਪਾਰਕ ਵਿੱਚ ਲਗਾਏ ਪੌਦੇ

ਪਿੰਡ ਸੰਗਤਪੁਰਾ ਵਿਖੇ ਖੇਤੀਬਾੜੀ ਕੈਂਪ ਦਾ ਆਯੋਜਨ

0
Agriculture camp

ਲਹਿਰਾਗਾਗਾ, 9 ਸਤੰਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (Agricultural Science Center of Punjab Agricultural University), ਸੰਗਰੂਰ ਦੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਏ ਮੀਹਾਂ ਨਾਲ ਪ੍ਰਭਾਵਿਤ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਪਿੰਡ ਸੰਗਤਪੁਰਾ (Village Sangatpura) ਵਿਖੇ ਪਹੁੰਚ ਕੇ ਨਿਰੀਖਣ ਕੀਤਾ ਗਿਆ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਇਸ ਦੀ ਸਾਂਭ-ਸੰਭਾਲ ਬਾਰੇ ਸੁਝਾਅ ਦਿੱਤੇ ਗਏ । ਟੀਮ ਵੱਲੋਂ ਕਿਸਾਨ ਅਵਤਾਰ ਸਿੰਘ, ਕੁਲਦੀਪ ਸਿੰਘ, ਗੁਲਾਬ ਸਿੰਘ ਅਤੇ ਬਿੱਟੂ ਸਿੰਘ ਦੇ ਖੇਤਾਂ ਦਾ ਮੁਆਇਨਾ ਕਰਕੇ ਮੌਕੇ ਤੇ ਹਾਜ਼ਰ ਕਿਸਾਨਾਂ ਝੋਨੇ ਵਿੱਚ ਲਗਾਤਾਰ ਪਾਣੀ ਨਾਲ ਹੋਏ ਨੁਕਸਾਨ ਅਤੇ ਝੋਨੇ ਦੀਆਂ ਬਿਮਾਰੀਆਂ ਦੇ ਲੱਛਣਾਂ ਪ੍ਰਤੀ ਜਾਗਰੂਕ ਕੀਤਾ ਗਿਆ ।

ਇਸ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੇ ਖੇਤਾਂ ਵਿਚੋਂ ਬਰਸਾਤ ਦੇ ਪਾਣੀ ਨਿਕਾਸੀ ਤੋਂ ਬਾਅਦ ਜੇਕਰ ਫ਼ਸਲ ਵਿੱਚ ਨਾਈਟ੍ਰੋਜਨ ਦੀ ਘਾਟ ਨਜ਼ਰ ਆਵੇ ਤਾਂ 3 % ਯੂਰੀਆ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ ।

ਝੋਨੇ ਵਿੱਚ ਥੋਥ ਜਾਂ ਫੋਕ ਘਟਾਉਣ ਲਈ ਜਿਹੜਾ ਝੋਨਾ ਹੁਣ ਗ਼ੋਭ ਦੀ ਅਵਸਥਾ ਵਿੱਚ ਹੈ

ਇਸ ਤੋਂ ਇਲਾਵਾ ਝੋਨੇ ਵਿੱਚ ਥੋਥ ਜਾਂ ਫੋਕ ਘਟਾਉਣ ਲਈ ਜਿਹੜਾ ਝੋਨਾ ਹੁਣ ਗ਼ੋਭ ਦੀ ਅਵਸਥਾ ਵਿੱਚ ਹੈ ਉਸ ਉੱਤੇ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਕਿਸਾਨ ਵੀਰਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਤਾਲਮੇਲ ਰੱਖਣ ਲਈ ਵੀ ਕਿਹਾ ਗਿਆ ।

ਝੋਨੇ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ

ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪਲਾਂਟ ਪ੍ਰੋਟੈਕਸ਼ਨ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਝੋਨੇ ਅਤੇ ਬਾਸਮਤੀ ਵਿੱਚ ਸ਼ੀਥ ਬਲਾਈਟ, ਬਲਾਸਟ ਅਤੇ ਬੈਕਟੀਰੀਅਲ ਬਲਾਈਟ, ਆਦਿ ਬਿਮਾਰੀਆਂ ਨਾਲ ਪ੍ਰਭਾਵਿਤ ਬੂਟੇ ਦਿਖਾ ਕੇ ਇਹਨਾਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਉਹਨਾਂ ਝੋਨੇ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ ਉਹ ਮੌਸਮ ਠੀਕ ਹੋਣ ਤੇ ਤੋਰੀਆ ਜਾਂ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ ਕਰ ਕੇ ਕੁਝ ਹੱਦ ਤੱਕ ਨੁਕਸਾਨ ਦੀ ਭਰਪਾਈ ਕਰ ਸਕਦੇ ਹਨ ।

ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਉਪਲਬਧ ਖੇਤੀ ਮਸ਼ੀਨਰੀ ਅਤੇ ਇਸ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (Dr. Sunil Kumar, Assistant Professor) (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ) ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਉਪਲਬਧ ਖੇਤੀ ਮਸ਼ੀਨਰੀ ਅਤੇ ਇਸ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਕਿਸਾਨਾਂ ਨੂੰ ਪੀ. ਏ. ਯੂ. ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਅਤੇ ਸਬਜ਼ੀ ਦੇ ਬੀਜਾਂ ਦੀਆਂ ਕਿੱਟਾਂ ਵੀ ਮੁਹਈਆ ਕਰਵਾਈਆਂ ਗਈਆਂ ।

Read More : ਪਰਾਲੀ ਸਾੜਨ ‘ਤੇ ਰੋਕ: ਕੇਂਦਰ ਸਰਕਾਰ ਨੇ ਪੰਜਾਬ ਦੀ 1200 ਕਰੋੜ ਦੀ ਮੰਗ ਠੁਕਰਾਈ

ਭਾਸ਼ਾ ਵਿਭਾਗ ਵੱਲੋਂ 2025 ਦੇ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ

0
Bhasha Vibhag Punjab

ਪਟਿਆਲਾ, 9 ਸਤੰਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਪੁਸਤਕ ਪੁਰਸਕਾਰਾਂ (Best Book Awards) ਤਹਿਤ ਵਿਭਾਗ ਵੱਲੋਂ ਹਿੰਦੀ ਤੇ ਉਰਦੂ ਭਾਸ਼ਾਵਾਂ ਦੇ ਸਰਵੋਤਮ ਪੁਸਤਕ ਪੁਰਸਕਾਰਾਂ (2025) ਦਾ ਐਲਾਨ ਕਰ ਦਿੱਤਾ ਗਿਆ ਹੈ ।

ਦੋਵਾਂ ਭਾਸ਼ਾਵਾਂ ਦੀਆਂ 5 ਸਰਵੋਤਮ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣਗੇ ਪੁਰਸਕਾਰ

ਇਸ ਸਬੰਧੀ ਡਾਇਰੈਕਟਰ ਭਾਸ਼ਾ ਵਿਭਾਗ (Director Language Department,) ਪੰਜਾਬ ਜਸਵੰਤ ਸਿੰਘ ਜ਼ਫ਼ਰ, ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ 2025 ਦੇ ਪੰਜਾਬੀ ਮਾਹ ਦੇ ਰਾਜ ਪੱਧਰੀ ਸਮਾਪਨ ਸਮਾਰੋਹ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਪਿਛਲੇ ਸਾਲ-2024 ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਹਿੰਦੀ ਅਤੇ ਉਰਦੂ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਅਤੇ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ । ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000 ਦੇ ਨਾਲ-ਨਾਲ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ (Badge and honors) ਭੇਂਟ ਕੀਤਾ ਜਾਵੇਗਾ ।

ਪੁਰਸਕਾਰ ਸਾਲ 2024 ‘ਚ ਛਪੀਆਂ ਹਿੰਦੀ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 4 ਸਰਵੋਤਮ ਪੁਸਤਕਾਂ ਨੂੰ ਦਿੱਤੇ ਜਾਣਗੇ

ਦੱਸਣਯੋਗ ਹੈ ਕਿ ਇਹ ਪੁਰਸਕਾਰ ਸਾਲ 2024 ‘ਚ ਛਪੀਆਂ ਹਿੰਦੀ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 4 ਸਰਵੋਤਮ ਪੁਸਤਕਾਂ ਨੂੰ ਦਿੱਤੇ ਜਾਣਗੇ । ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵਿਧਾਵਾਂ ਦੀਆਂ 26 ਕਿਤਾਬਾਂ ਪ੍ਰਾਪਤ ਹੋਈਆਂ ਸਨ। ਉਰਦੂ ਦੇ 1 ਪੁਰਸਕਾਰ ਲਈ 03 ਕਿਤਾਬਾਂ ਪ੍ਰਾਪਤ ਹੋਈਆਂ ਸਨ ।

ਐਲਾਨੇ ਗਏ ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ਤਹਿਤ ਕਿਸ ਕਿਸ ਨੂੰ ਪ੍ਰਦਾਨ ਕੀਤੇ ਜਾਣਗੇ

ਐਲਾਨੇ ਗਏ ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ (ਕਵਿਤਾ) ਪੁਰਸਕਾਰ, ਕਮਲ ਪੁਰੀ ਦੀ ਪੁਸਤਕ ‘ਚਾਕ ਪਰ ਚੜ੍ਹੇ ਸ਼ਬਦ ’ ਨੂੰ ਸੁਦਰਸ਼ਨ ਗਲਪ (ਨਾਵਲ/ਕਹਾਣੀ) ਪੁਰਸਕਾਰ, ਅਨੰਤ ਸ਼ਰਮਾ ਅਨੰਤ ਦੀ ਪੁਸਤਕ ‘ਘਰ-ਘਰ ਕੀ ਕਹਾਣੀ’ ਨੂੰ ਇੰਦਰਨਾਥ ਮਦਾਨ (ਆਲੋਚਨਾ/ਸੰਪਾਦਨ/ਗਿਆਨ/ਖੋਜ) ਪੁਰਸਕਾਰ ਡਾ. ਨੀਤੂ ਰਾਣੀ ਦੀ ਪੁਸਤਕ ‘ਸ਼੍ਰੀ ਲਾਲ ਸ਼ੁਕਲ ਕੇ ਸਾਹਿਤਯ ਮੇਂ ਰਾਜਨੀਤਿਕ ਚੇਤਨਾ ਕੇ ਸਵਰ’ ਨੂੰ, ਬਾਬਾ ਫ਼ਤਹਿ ਸਿੰਘ (ਬਾਲ ਸਾਹਿਤ) ਪੁਰਸਕਾਰ ਸੁਸ਼ੀਲ ਕੁਮਾਰ ਫੁੱਲ ਦੀ ਪੁਸਤਕ ‘ਲਲਕਾਰ’ ਨੂੰ ਪ੍ਰਦਾਨ ਕੀਤੇ ਜਾਣਗੇ ।

ਵਿਭਾਗ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਵੱਖ-ਵੱਖ ਭਾਸ਼ਾਵਾਂ ਦੇ ਸਰਵੋਤਮ ਪੁਸਤਕ ਪੁਰਸਕਾਰ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਪ੍ਰਦਾਨ ਕਰ ਦਿੱਤੇ ਜਾਣਗੇ : ਜਸਵੰਤ ਸਿੰਘ ਜ਼ਫ਼ਰ

ਸਰਵੋਤਮ ਉਰਦੂ ਪੁਸਤਕ ਪੁਰਸਕਾਰ ਤਹਿਤ ਹਾਫ਼ਿਜ਼ ਮਹਿਮੂਦ ਸ਼ੀਰਾਨੀ (ਤਨਕੀਦ)-2025, ਡਾ. ਕਹਿਕਸ਼ਾਂ ਫ਼ਲਕ ਦੀ ਪੁਸਤਕ ‘ਉਰਦੂ ਅਫ਼ਸਾਨਾ ਔਰ ਪੰਜਾਬ’ ਨੂੰ ਪ੍ਰਦਾਨ ਕੀਤਾ ਜਾਵੇਗਾ । ਜਸਵੰਤ ਸਿੰਘ ਜ਼ਫ਼ਰ (Jaswant Singh Zafar) ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਵੱਖ-ਵੱਖ ਭਾਸ਼ਾਵਾਂ ਦੇ ਸਰਵੋਤਮ ਪੁਸਤਕ ਪੁਰਸਕਾਰ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਪ੍ਰਦਾਨ ਕਰ ਦਿੱਤੇ ਜਾਣਗੇ । ਦੱਸਣਯੋਗ ਹੈ ਕਿ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸਾਰੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ । ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਵੱਖ-ਵੱਖ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ ।

Read More : ਭਾਸ਼ਾ ਵਿਭਾਗ ਪੰਜਾਬ ਵੱਲੋਂ 2025 ਦੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਦਾ ਐਲਾਨ