ਲੁਧਿਆਣਾ : ਸਨਮਜੀਤ ਸਿੰਘ ਭੱਲਾ
ਸ਼੍ਰੋਮਣੀ ਅਕਾਲੀ ਦਲ (ਬ) ਉੱਤੇ ਸ਼ਰਾਬ ਵੇਚਣ ਵਾਲੇ ਅਤੇ ਤੰਬਾਕੂ ਵਰਗੇ ਨਸ਼ੇ ਵੇਚਣ ਵਾਲੀਆਂ ਕੰਪਨੀਆਂ ਤੋਂ ਰੁਪਏ ਲੈਣ ਦੇ ਇਲਜ਼ਾਮ ਲਗਾਏ ਗਏ। ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੁਝ ਕਾਗਜ਼ ਦਿਖਾਉਂਦਿਆਂ ਸ਼੍ਰੋਮਣੀ ਅਕਾਲੀ ਦਲ ‘ਤੇ ਇਲਜ਼ਾਮ ਲਗਾਏ। ਮਨਵਿੰਦਰ ਸਿੰਘ ਗਿਆਸਪੁਰਾ ਦਾ ਦਾਅਵਾ ਹੈ ਕਿ ਸ਼ਰਾਬ ਅਤੇ ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਤੋਂ ਰੁਪਏ ਲੈ ਕੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਖਰਚੇ ਜਾਣਗੇ। ਜਲਦ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਲਈ ਸਿਆਸੀ ਧਿਰਾਂ ਵੱਲੋਂ ਵੀ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ।
ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕੇ ਸ਼੍ਰੋਮਣੀ ਅਕਾਲੀ ਦਲ ਹੁਣ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਹੈ ਕਿ ਸ਼ਰਾਬ ਪੀਣ ਵਾਲਾ, ਕੁੜੀ ਮਾਰ ਅਤੇ ਨਸ਼ੇ ਵੇਚਣ ਵਾਲੇ ਇਸ ਕਮੇਟੀ ਦੇ ਮੈਂਬਰ ਨਹੀਂ ਬਣ ਸਕਦੇ। ਪਰ ਫ਼ਿਰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਸਥਾਨ ਸ਼ਰਾਬ ਏਜੰਸੀ ਕੋਲੋਂ 25 ਲੱਖ ਰੁਪਏ ਅਤੇ ਤੰਬਾਕੂ ਬਣਾਉਣ ਵਾਲੀ ਕੰਪਨੀ ITC ਤੋਂ ਸਾਲ 2020 ਵਿੱਚ 15 ਲੱਖ ਰੁਪਏ ਲਏ ਹਨ। ਇਹੀ ਰੁਪਏ ਹੁਣ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਖਰਚੇ ਜਾਣਗੇ ਅਜਿਹਾ ਵੀ ਦਾਅਵਾ ਕੀਤਾ ਗਿਆ ਹੈ।
ਗਿਆਸਪੁਰਾ ਨੇ ਕਿਹਾ ਉਹ ਜਲਦ ਹੀ ਜਥੇਦਾਰ ਸਿੰਘਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਅਤੇ ਕਾਰਵਾਈ ਦੀ ਮੰਗ ਕਰਨਗੇ। ਬੀਬੀ ਜਗੀਰ ਕੌਰ ਦਾ ਵੀ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਜਿੰਨਾ ਉੱਤੇ ਆਪਣੀ ਧੀ ਨੂੰ ਮਾਰਨ ਦੇ ਇਲਜ਼ਾਮ ਲੱਗੇ ਹੋਣ ਉਹ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਨਿਯੁਕਤ ਕੀਤੀ ਜਾ ਸਕਦੀ ਹੈ। ਅਕਾਲੀ ਦਲ ‘ਤੇ ਇਲਜ਼ਾਮ ਲਗਾਉਂਦਿਆਂ ਇਹ ਵੀ ਕਿਹਾ ਗਿਆ ਕਿ ਜੋ ਪਾਰਟੀ ਖ਼ੁਦ ਨਸ਼ੇ ਦੇ ਵਪਾਰ ਕਰਨ ਵਾਲੀਆਂ ਕੰਪਨੀਆਂ ਤੋਂ ਰੁਪਏ ਲੈਂਦੇ ਹਨ ਉਹ ਕਿਵੇਂ ਨਸ਼ਾ ਖਤਮ ਕਰ ਸਕਦੇ ਹਨ। ਉਹ ਨਸ਼ੇ ਦਾ ਹੀ ਵਪਾਰ ਕਰਨਗੇ। ਪੰਜਾਬੀਆਂ ਦਾ ਭਲਾ ਕਿਵੇਂ ਕਰ ਸਕਦੇ ਹਨ।
ਮਨਵਿੰਦਰ ਗਿਆਸਪੁਰਾ ਨੇ ਕਿਹਾ ਕਿ ਉਹ ਅਪੀਲ ਕਰਨਗੇ ਕਿ ਬਾਦਲ ਪਰਿਵਾਰ ਨੂੰ ਮਿਲੇ ਪੰਥ ਰਤਨ ਦੇ ਐਵਾਰਡ ਵੀ ਵਾਪਸ ਲਏ ਜਾਣ। “ਸ਼੍ਰੋਮਣੀ ਅਕਾਲੀ ਦਲ ਦਾ ਨਾਮ ਬਦਲਕੇ ਸੁਖਬੀਰ ਬਾਦਲ ਐਂਡ ਪਾਰਟੀ ਰੱਖ ਲਓ ਅਤੇ ਸਿੱਖ ਸਿੱਖ ਕੂਕਣਾ ਬੰਦ ਕਰ ਦੇਣ”, ਇਹ ਵੀ ਇਲਜ਼ਾਮ ਲਗਾਏ ਗਏ ਹਨ। ITC ਕੰਪਨੀ ‘ਚ ਸਿਗਰਟਾਂ ਅਤੇ ਤੰਬਾਕੂ ਬਣਾਉਣ ਦਾ ਕੰਮ ਹੈ ਅਤੇ ਸੁਖਬੀਰ ਬਾਦਲ ਉਹਨਾਂ ਤੋਂ ਹੀ ਰੁਪਏ ਲੈ ਕੇ ਪੰਜਾਬੀਆਂ ਦਾ ਘਾਣ ਕੀਤਾ ਜਾ ਰਿਹਾ। ਗੁਰੂ ਦੇ ਸਿੱਖਾਂ ਅਤੇ ਵੋਟਰਾਂ ਨੂੰ ਭਰਮਾਉਣ ਲਈ ਹੀ ਅਕਾਲੀ ਦਲ ਨੇ ਇਹਨਾਂ ਪਾਰਟੀਆਂ ਤੋਂ ਰੁਪਏ ਲਈ ਹਨ ਅਤੇ ਇਹਨਾਂ ਨੂੰ ਹੁਣ ਪੰਥ ‘ਚੋਂ ਛੇਕ ਦੇਣਾ ਚਾਹੀਦਾ।