ਲੁਧਿਆਣਾ : ਅਮਰਪ੍ਰੀਤ ਸਿੰਘ ਮੱਕੜ
ਪੰਜਾਬੀ ਗਾਇਕਾਂ ਨਾਲ ਕਈ ਵਿਵਾਦ ਜੁੜਦੇ ਹਨ ਅਤੇ ਇਸੇ ਲੜੀ ‘ਚ ਹੁਣ ਕਰਨ ਔਜਲਾ ਅਤੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਸੁਪ੍ਰਿਟੈਂਡ ਨਾਲ ਵਿਵਾਦ ਜੁੜਿਆ। ਕਰਨ ਔਜਲਾ ਵੀਰਵਾਰ ਅਚਾਨਕ ਆਪਣੇ ਸਾਥੀਆਂ ਸਮੇਤ ਲੁਧਿਆਣਾ ਕੇਂਦਰੀ ਜੇਲ੍ਹ ਪਹੁੰਚਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਔਜਲਾ ਨੂੰ ਜੇਲ੍ਹ ਦੇ ਅੰਦਰ ਲਿਜਾਇਆ ਜਾਂਦਾ ਅਤੇ ਅੰਦਰ ਕੀ ਗੱਲਾਂ ਹੋਈਆਂ ਉਸਦੀ ਜਾਂਚ ਚੱਲ ਰਹੀ ਹੈ। ਕਰਨ ਔਜਲਾ ਨੂੰ ਜੇਲ੍ਹ ਅੰਦਰ ਲਿਜਾਉਣ ਵੇਲੇ ਜੇਲ੍ਹ ਪ੍ਰਸ਼ਾਸਨ ਵੱਲੋਂ ਬਹੁਤ ਨਿਯਮ ਤੋੜੇ ਗਏ। ਨਾ ਤਾਂ ਮੋਬਾਈਲ ਫੋਨ ਬਾਹਰ ਰਖਵਾਏ ਗਏ, ਨਾ ਤਾਂ ਜਾਂਚ ਕੀਤੀ ਗਈ, ਨਾ ਹੀ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਨਾ ਹੀ ਸੁਰੱਖਿਆ ਸਬੰਧੀ ਬਾਕੀ ਨਿਯਮ ਅਪਣਾਏ ਗਏ।
ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਮਾਮਲੇ ‘ਤੇ ਹਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਪਰ ਸਵਾਲ ਬਹੁਤ ਖੜੇ ਹੋ ਰਹੇ ਹਨ। ਆਖ਼ਿਰ ਕੀ ਮਜਬੂਰੀ ਸੀ ਕਿ ਬਿਨਾਂ ਨਿਯਮਾਂ ਨੂੰ ਮੰਨਿਆ ਕਰਨ ਔਜਲਾ ਨੂੰ ਅੰਦਰ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਇਸੇ ਜੇਲ੍ਹ ਵਿੱਚ ਡਰੱਗ ਲਾਰਡ ਗੁਰਦੀਪ ਰਾਣੋ ਵੀ ਬੰਦ ਹੈ। ਓਹੀ ਗੁਰਦੀਪ ਰਾਣੋ ਜਿਸ ਕੋਲੋਂ ਨਸ਼ੇ ਦੀ ਵੱਡੀ ਮਾਤਰਾ ਜਬਤ ਕੀਤੀ ਗਈ ਸੀ, ਜਿਸਦੇ ਤਾਰ ਵਿਦੇਸ਼ਾਂ ਤੱਕ ਵੀ ਜਾ ਜੁੜੇ ਸਨ। ਗੁਰਦੀਪ ਰਾਣੋ ਦੀ ਕੋਠੀ ਵਿੱਚ ਵੀ ਕਈ ਗਾਣਿਆਂ ਦੀ ਸ਼ੂਟਿੰਗ ਹੋਈ ਹੈ। ਕਰਨ ਔਜਲਾ ਦਾ ਗੀਤ ਵੀ ਇਥੇ ਫਿਲਮਾਇਆ ਗਿਆ ਸੀ। ਇਸ ਕਾਰਨ ਕਰਨ ਔਜਲਾ ਦਾ ਜੇਲ੍ਹ ਵਿੱਚ ਇੰਝ ਜਾਣਾ ਬਹੁਤ ਸਵਾਲ ਖੜੇ ਕਰ ਰਿਹਾ।
ਜੇਕਰ ਕਰਨ ਔਜਲਾ ਲਈ ਨਿਯਮ ਤੋੜੇ ਜਾ ਸਕਦੇ ਹਨ ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ਿਰ ਬਾਕੀ ਆਮ ਲੋਕਾਂ ਲਈ ਸਖ਼ਤੀਆਂ ਕਿਉਂ ? ਕਰਨ ਔਜਲਾ ਕੋਲ ਕੋਈ ਵੀ ਸੰਵਿਧਾਨਕ ਅਹੁਦਾ ਨਹੀਂ, ਕੋਈ ਵੀ ਸਰਕਾਰੀ ਅਹੁਦਾ ਨਹੀਂ ਜਿਸ ਦਾ ਫ਼ਾਇਦਾ ਚੁੱਕ ਉਹ ਜੇਲ੍ਹ ਅੰਦਰ ਦਾਖਲ ਹੋਣ। ਜੇਕਰ ਜੇਲ੍ਹ ਸੁਪ੍ਰਿਟੈਂਡ ਦਾ ਪੁੱਤਰ ਕਰਨ ਔਜਲਾ ਦਾ ਮਿੱਤਰ ਹੈ ਤਾਂ ਕੀਤੇ ਬਾਹਰ ਵੀ ਮਿਲਿਆ ਜਾ ਸਕਦਾ ਸੀ, ਜੇਲ੍ਹ ਅੰਦਰ ਹੀ ਕਿਉਂ। ਕਿਹਾ ਇਹ ਵੀ ਜਾ ਰਿਹਾ ਕਿ ਕਰਨ ਔਜਲਾ ਨੂੰ ਰੋਟੀ ਦਾ ਸੱਦਾ ਜੇਲ੍ਹ ਦੇ ਅੰਦਰ ਦਿੱਤਾ ਗਿਆ ਸੀ। ਜਦੋਂ ਕਰਨ ਔਜਲਾ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਲੋਕਾਂ ਵੱਲੋਂ ਉਹਨਾਂ ਨਾਲ ਫੋਟੋਆਂ ਵੀ ਖਿੱਚਵਾਈਆਂ ਜਾਂਦੀਆਂ ਹਨ।
ਬਹੁਤ ਸਾਰੇ ਨਿਯਮ ਤੋੜੇ ਗਏ ਹਨ। ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹਨ। ਪਰ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰੀ ਤੰਤਰ ਹਲੇ ਤੱਕ ਚੁੱਪ ਧਾਰੀ ਬੈਠਾ ਹੈ। ਸਰਕਾਰੀ ਤੰਤਰ ਦਾ ਇਸ ਤਰ੍ਹਾਂ ਗਲਤ ਇਸਤੇਮਾਲ ਕਰਨਾ ਵੀ ਆਪਣੇ ਆਪ ਵਿੱਚ ਗੁਨਾਹ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ‘ਤੇ ਕੀ ਐਕਸ਼ਨ ਲੈਂਦੀ ਹੈ ਅਤੇ ਕੀ ਰਿਪੋਰਟ ਸਾਹਮਣੇ ਆਉਂਦੀ ਹੈ।