ਚੰਡੀਗੜ੍ਹ ਵਾਸੀਆਂ ਨੂੰ ਝਟਕਾ ! 1 ਅਗਸਤ ਤੋਂ ਵਧਣਗੀਆਂ ਬਿਜਲੀ ਦੀਆਂ ਕੀਮਤਾਂ
ਪਾਣੀ ਦੇ ਬਾਅਦ ਹੁਣ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਾਸੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਦਰਅਸਲ ,1 ਅਗਸਤ ਤੋਂ ਬਿਜਲੀ ਦੀਆਂ ਕੀਮਤਾਂ ਵੱਧਣ ਜਾ ਰਹੀਆਂ ਹਨ | ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿਭਾਗ ਦੀ ਪਟੀਸ਼ਨ ‘ਤੇ ਸੁਣਵਾਈ ਦੇ ਬਾਅਦ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਦੋ ਸਲੈਬਾਂ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਕਾਰਨ ਬਿਜਲੀ 16 ਫ਼ੀਸਦੀ ਮਹਿੰਗੀ ਹੋ ਜਾਵੇਗੀ। ਘਰੇਲੂ ਬਿਜਲੀ ਦੇ ਬਿਲਾਂ ‘ਤੇ ਲੱਗਣ ਵਾਲਾ ਫਿਕਸਡ ਚਾਰਜ ਦੁੱਗਣਾ ਹੋ ਜਾਵੇਗਾ।
ਘਰੇਲੂ ਬਿਜਲੀ ਦੀਆਂ ਕੀਮਤਾਂ ਵਧਣ ਦਾ ਦਿੱਤਾ ਸੀ ਪ੍ਰਸਤਾਵ
ਇਸ ਵਾਰ ਇੰਜੀਨੀਅਰਿੰਗ ਵਿਭਾਗ ਨੇ 23.35 ਫ਼ੀਸਦੀ ਘਰੇਲੂ ਬਿਜਲੀ ਦੀਆਂ ਕੀਮਤਾਂ ਵਧਣ ਦਾ ਪ੍ਰਸਤਾਵ ਦਿੱਤਾ ਸੀ ਪਰ ਸੁਣਵਾਈ ਦੌਰਾਨ ਲੋਕਾਂ ਨੇ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਸੀ। ਜਿਸ ਕਾਰਨ ਲੋਕਾਂ ਦਾ ਮੰਨਣਾ ਸੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ ਪਰ JERC ਨੇਲੋਕਾਂ ਨੂੰ ਝਟਕਾ ਦਿੰਦੇ ਹੋਏ 23.35 ਫ਼ੀਸਦੀ ਨਾ ਵਧਾ ਕੇ 16 ਫ਼ੀਸਦੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ।
ਸ਼ੁਰੂਆਤੀ ਸਲੈਬ ਦੇ ਵਿਚਾਲੇ ਕੋਈ ਵਾਧਾ ਨਹੀਂ ਕੀਤਾ ਗਿਆ
ਸ਼ੁਰੂਆਤੀ ਸਲੈਬ 0-150 ਯੂਨਿਟ ਦੇ ਵਿਚਾਲੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਲੋਕਾਂ ਨੂੰ ਪਹਿਲਾਂ ਵੀ 2.75 ਰੁਪਏ ਪ੍ਰਤੀ ਯੂਨਿਟ ਖਰਚ ਕਰਨੇ ਪੈਂਦੇ ਸਨ, ਹੁਣ ਵੀ ਇੰਨੇ ਹੀ ਲੱਗਣਗੇ। 151 ਤੋਂ 400 ਯੂਨਿਟ ਤੱਕ ਪਹਿਲਾਂ 4.25 ਰੁਪਏ ਦੇਣੇ ਪੈਂਦੇ ਸਨ ਹੁਣ 4.80 ਰੁਪਏ ਖਰਚ ਕਰਨੇ ਪੈਣਗੇ। 400 ਯੂਨਿਟ ਤੋਂ ਜ਼ਿਆਦਾ ਦੇ ਲਈ ਪਹਿਲਾਂ ਪ੍ਰਤੀ ਯੂਨਿਟ 4.65 ਰੁਪਏ ਖਰਚ ਕਰਨੇ ਪੈਂਦੇ ਸਨ, ਹੁਣ 5.40 ਰੁਪਏ ਖਰਚ ਕਰਨੇ ਪੈਣਗੇ। ਸਭ ਤੋਂ ਜ਼ਿਆਦਾ ਵਾਧਾ ਫਿਕਸ ਚਾਰਜ ਵਿੱਚ ਹੋਇਆ ਹੈ, ਜਿਸਨੂੰ 15 ਰੁਪਏ ਤੋਂ ਸਿੱਧਾ 30 ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਹੀ ਕਮਰਸ਼ੀਅਲ ਕੈਟੇਗਰੀ ਦੇ ਪਹਿਲੇ ਦੋ ਸਲੈਬਾਂ ਵਿੱਚ ਕੀਮਤਾਂ ਵਿੱਚ ਬਦਲਾਅ ਨਹੀਂ ਹੋਇਆ ਹੈ। 0-150 ਯੂਨਿਟ ਦੇ ਹੁਣ ਵੀ 4.50 ਰੁਪਏ ਪ੍ਰਤੀ ਯੂਨਿਟ, 151-400 ਦੇ ਲਈ 4.70 ਪ੍ਰਤੀ ਯੂਨਿਟ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ 400 ਯੂਨਿਟ ਤੋਂ ਉੱਤੇ ਪਹਿਲਾਂ 5 ਰੁਪਏ ਪ੍ਰਤੀ ਯੂਨਿਟ ਦੀ ਜਗ੍ਹਾ 5.90 ਰੁਪਏ ਖਰਚ ਕਰਨੇ ਪੈਣਗੇ।