ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਆਲਮੀ ਪੱਧਰ ‘ਤੇ ਮਨਾਇਆ ਜਾਵੇ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀ ਵਰਚੂਅਲ ਮੁਲਾਕਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ 937 ਕਰੋੜ ਰੁਪਏ ਦੀਆਂ ਵੱਖੋ-ਵੱਖਰੇ ਪ੍ਰਾਜੈਕਟਾਂ ਸਬੰਧੀ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਜਾਵੇ। ਜਿਨ੍ਹਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨਾ ਵੀ ਸ਼ਾਮਲ ਹੈ ਤਾਂ ਜੋ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਕੀਦਤ ਭੇਟ ਕੀਤੀ ਜਾ ਸਕੇ।
ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਇਸ ਵਰ੍ਹੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਸਬੰਧੀ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਸੱਦੀ ਗਈ ਉੱਚ ਪੱਧਰੀ ਕੌਮੀ ਕਮੇਟੀ ਦੀ ਮੀਟਿੰਗ ਵਿੱਚ ਵਰਚੁਅਲ ਤੌਰ ‘ਤੇ ਸ਼ਿਰਕਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, ”ਅਸੀਂ ਸਾਰੇ ਵਡਭਾਗੇ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਹ ਇਤਿਹਾਸਕ ਜਸ਼ਨ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਮੈਂ ਮੋਦੀ ਜੀ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਇਨ੍ਹਾਂ ਇਤਿਹਾਸਕ ਜਸ਼ਨਾਂ ਨੂੰ ਨਾ ਸਿਰਫ ਕੌਮੀ ਸਗੋਂ ਆਲਮੀ ਪੱਧਰ ‘ਤੇ ਵੀ ਮਨਾਇਆ ਜਾਵੇ।”
ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ, “ਇਹ ਮੌਕਾ ਸਾਡੇ ਲਈ ਬਹੁਤ ਹੀ ਖੁਸ਼ਕਸਮਤੀ ਵਾਲਾ ਹੈ, ਅਸੀਂ ਵੀ ਇਸ ਮਹਾਨ ਦਿਹਾੜੇ ‘ਤੇ ਆਪਣਾ ਯੋਗਦਾਨ ਪਾ ਸਕਦੇ ਹਾਂ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਇੰਪਲੀਮੈਂਟੇਸ਼ਨ ਕਮੇਟੀ ਦੇ ਮੁਖੀ ਦੇ ਤੌਰ ‘ਤੇ ਕਮੇਟੀ ਦੇ ਵਿਚਾਰਾਂ ਅੱਗੇ ਸੁਝਾਅ ਪੇਸ਼ ਕੀਤੇ। ਇਸ ਵਿੱਚ ਪੂਰੇ ਇੱਕ ਸਾਲ ਦੇ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਗਈ ਸੀ। ਬੈਠਕ ਵਿੱਚ ਮੌਜੂਦ ਸਭ ਲੋਕਾਂ ਤੋਂ ਸੁਝਾਅ ਵੀ ਮੰਗੇ ਗਏ।
ਇੱਕ ਪਾਸੇ ਪੰਜਾਬ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਨੂੰ ਲੈ ਕੇ ਸਿਆਸਤ ਚਰਚਾ ਵਿੱਚ ਹੈ, ਸਖ਼ਤ ਨਿਯਮ ਬਣਾਏ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਫੈਸਲੇ ਲੈਂਦਿਆਂ ਸਿਆਸੀ ਇਕੱਠ ਉਤੇ ਰੋਕ ਅਤੇ ਹੋਰ ਇਕੱਠਾਂ ‘ਤੇ ਬੰਦਿਸ਼ਾਂ ਲਗਾਈਆਂ ਹਨ। ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਕੋਰੋਨਾ ਕੈਪਟਨ ਅਮਰਿੰਦਰ ਸਿੰਘ ਦਾ ਸਾਊ ਪੁੱਤ ਹੈ। ਜਿੱਥੇ ਸਰਕਾਰ ਕਹਿੰਦੀ ਓਥੇ ਹੀ ਉਹ ਜਾਂਦਾ ਹੈ। ਇਸ ਸਭ ਵਿਚਾਲੇ ਆਲਮੀ ਪੱਧਰ ‘ਤੇ ਪ੍ਰਕਾਸ਼ ਪੁਰਬ ਮਨਾਉਣ ਦੀ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਲਈ ਦੋਹਰੀ ਰਣਨੀਤੀ ਅਪਣਾ ਰਹੇ ਹਨ।