ਬਿਊਰੋ
ਦੀਪ ਸਿੱਧੂ ਦੀ ਜ਼ਮਾਨਤ ‘ਤੇ ਫੈਸਲਾ ਤੀਸ ਹਜ਼ਾਰੀ ਅਦਾਲਤ ਵੱਲੋਂ ਸੁਣਾਇਆ ਜਾਣਾ ਹੈ। ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ ਪਰ ਦੀਪ ਸਿੱਧੂ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਦੀਪ ਸਿੱਧੂ ਦੀ ਪੇਸ਼ੀ ਅਦਾਲਤ ਵਿੱਚ ਆਨਲਾਈਨ ਹੀ ਕੀਤੀ ਗਈ। 31 ਮਾਰਚ ਤੋਂ ਸੁਣਵਾਈ ਟਲਦੀ ਹੋਈ 12 ਅਪ੍ਰੈਲ ਤੱਕ ਪਹੁੰਚ ਗਈ। ਕਦੇ ਜੱਜ ਛੁੱਟੀ ਉੱਤੇ ਸਨ ਅਤੇ ਕਦੇ ਸੁਣਵਾਈ ਲਈ ਅਦਾਲਤ ਵੱਲੋਂ ਹੋਰ ਤੱਥਾਂ ਦੀ ਮੰਗ ਕੀਤੀ ਗਈ। 8 ਅਪ੍ਰੈਲ ਨੂੰ ਸੁਣਵਾਈ ਦੌਰਾਨ ਅਦਾਲਤ ਵੱਲੋਂ 25 ਜਨਵਰੀ ਦੀ ਰਾਤ ਸਟੇਜ ਤੋਂ ਦਿੱਤੀ ਸਪੀਚ ਦੀ ਲਿਖਤ ਰਿਪੋਰਟ ਦੀ ਮੰਗ ਰੱਖੀ ਸੀ। ਇਸ ਲਈ ਦੀਪ ਸਿੱਧੂ ਦੀ ਆਵਾਜ਼ ਦਾ ਨਮੂਨਾ ਵੀ ਅਦਾਲਤ ਵੱਲੋਂ ਰਿਕਾਰਡ ਕਰਵਾਇਆ ਗਿਆ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਲਜ਼ਾਮ ਲਗਾਏ ਸਨ ਕਿ ਦੀਪ ਸਿੱਧੂ ਦੀ ਸਪੀਚ ਨੇ ਹੀ ਨੌਜਵਾਨਾਂ ਨੂੰ ਭੜਕਾਇਆ ਸੀ। ਉਸ ਸਪੀਚ ਤੋਂ ਬਾਅਦ ਹੀ ਨੌਜਵਾਨ ਦਿੱਲੀ ਅੰਦਰ ਲਾਲ ਕਿਲਾ ਤੱਕ ਪਹੁੰਚੇ ਅਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ। ਉਸ ਦਿਨ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਲਾਲ ਝੰਡਾ ਅਤੇ ਕਿਸਾਨੀ ਝੰਡਾ ਵੀ ਲਹਿਰਾਇਆ ਗਿਆ ਸੀ। ਪੁਲਿਸ ਦੇ ਇਹਨਾਂ ਤੱਥਾਂ ‘ਤੇ ਅਦਾਲਤ ਨੇ 25 ਜਨਵਰੀ ਦੀ ਸਪੀਚ ਦੀ ਲਿਖਤ ਰਿਪੋਰਟ ਮੰਗੀ। ਅੱਜ 12 ਅਪ੍ਰੈਲ ਨੂੰ ਮੁੜ ਤੋਂ ਉਸ ਮਾਮਲੇ ‘ਤੇ ਸੁਣਵਾਈ ਸ਼ੁਰੂ ਹੋਈ ਅਤੇ ਦੀਪ ਸਿੱਧੂ ਦੀ ਪੇਸ਼ੀ ਆਨਲਾਈਨ ਕਰਵਾਈ ਗਈ। ਦੀਪ ਸਿੱਧੂ ਦੀ ਜ਼ਮਾਨਤ ‘ਤੇ ਸਭ ਦੀਆਂ ਨਜ਼ਰਾਂ ਟੀਕਿਆਂ ਹੋਈਆਂ ਹਨ।
ਦੀਪ ਸਿੱਧੂ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਹ ਗਲਤ ਸਮੇਂ ‘ਤੇ ਗਲਤ ਜਗ੍ਹਾ ‘ਤੇ ਮੌਜੂਦ ਸੀ। 26 ਜਨਵਰੀ ਨੂੰ ਮੇਰੇ ਵੱਲੋਂ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਜਿਸ ਨਾਲ ਲੋਕ ਭੜਕੇ ਹੋਣ। ਦੀਪ ਸਿੱਧੂ ਦੇ ਖਿਲਾਫ਼ ਕਿਸਾਨ ਆਗੂਆਂ ਨੇ ਵੀ ਬੋਲ ਬੋਲੇ ਸਨ ਪਰ ਹੁਣ ਕਿਸਾਨਾਂ ਦੇ ਬੋਲ ਵੀ ਨਰਮ ਪੈ ਰਹੇ ਹਨ। ਹੁਣ ਤੱਕ ਦੀ ਕਾਰਵਾਈ ਤੋਂ ਇਹ ਸਿੱਧ ਹੋਇਆ ਕਿ ਦੀਪ ਸਿੱਧੂ ਦੇ ਕਹਿਣ ‘ਤੇ ਨੌਜਵਾਨ ਨਹੀਂ ਗਏ। ਦੀਪ ਸਿੱਧੂ ਨੇ ਵੀ ਕਿਹਾ ਸੀ ਕਿ ਜਦੋਂ ਕੋਈ ਹੋਰ ਵੱਡਾ ਲੀਡਰ ਓਥੇ ਨਾ ਨਜ਼ਰ ਆਇਆ ਤਾਂ ਉਹਨਾਂ ਵੱਲੋਂ ਨੌਜਵਾਨ ਨੂੰ ਸ਼ਾਂਤ ਰਹਿਣ ਅਤੇ ਲਾਲ ਕਿਲਾ ਖਾਲੀ ਕਰਨ ਦੀ ਅਪੀਲ ਕੀਤੀ ਸੀ। ਦੀਪ ਸਿੱਧੂ ਦੀ ਜ਼ਮਾਨਤ ‘ਤੇ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ। ਜਾਂ ਤਾਂ ਅਦਾਲਤ ਕੋਈ ਅਗਲੀ ਮਿਤੀ ਦੇ ਸਕਦੀ ਹੈ ਜਾਂ ਫ਼ਿਰ ਜ਼ਮਾਨਤ ਮਿਲ ਸਕਦੀ ਹੈ। ਲੋਕਾਂ ਵੱਲੋਂ ਇਸ ਮਾਮਲੇ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ।