ਸ਼ੇਰੂ ਮਹਾਜਨ (ਪੱਟੀ) :       ਰੇਹਾਂ ਸਪ੍ਰੇਹਾਂ ਕਰਕੇ, ਰਾਤਾਂ ਖੇਤਾਂ ਵਿੱਚ ਕੱਟਕੇ ਕਿਸਾਨਾਂ ਨੇ ਤਿਆਰ ਕੀਤੀ ਫਸਲ ਜਦੋਂ ਕੁਦਰਤ ਦੀ ਮਾਰ ਝੱਲ ਮੰਡੀਆਂ ਵਿੱਚ ਪਹੁੰਚਾਈਆਂ ਤਾਂ ਅਗਿਓਂ ਸਰਕਾਰ ਵੀ ਲਾਪਰਵਾਹ ਮਿਲੀ। ਸਰਕਾਰੀ ਮੰਡੀਆਂ ਵਿੱਚ ਫਸਲਾਂ ਦੀ ਹੋ ਰਹੀ ਬਰਬਾਦੀ ਬੇਹੱਦ ਗੰਭੀਰ ਵਿਸ਼ਾ ਬਣ ਗਈ ਹੈ। ਪੱਟੀ ਦੇ ਪਿੰਡ ਕੋਟ ਬੁੱਢਾ ਦੀ ਦਾਣਾ ਮੰਡੀ ਵਿਖੇ ਥੋੜ੍ਹੀ ਬਰਸਾਤ ਨੇ ਹੀ ਸਰਕਾਰੀ ਤੰਤਰ ਦੀ ਹਵਾ ਕੱਢ ਦਿੱਤੀ। ਮੀਂਹ ਪਿਆ ਤਾਂ ਮੰਡੀ ਵਿੱਚ ਪਈ ਫਸਲ ਪਾਣੀ ਵਿੱਚ ਡੁੱਬ ਗਈ ਜਿਸ ਨਾਲ ਫਸਲ ਵੀ ਖਰਾਬ ਹੋ ਗਈ। ਇਥੋਂ ਤੱਕ ਕੇ ਬਰਸਾਤੀ ਪਾਣੀ ਵਿੱਚ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਕਣਕ ਤੈਰਦੀ ਹੋਈ ਨਜ਼ਰ ਆਈ। ਕਿਸਾਨਾਂ ਨੂੰ ਸਰਕਾਰੀ ਮੰਡੀਆਂ ਵਿੱਚ ਹਰ ਵਰ੍ਹੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।

ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਲਈ ਵੱਡੇ ਦਾਅਵੇ ਕੀਤੇ ਸਨ। ਨਾ ਕਰਜਾ ਮੁਆਫ਼ ਹੋਇਆ ਨਾ ਸਹੂਲਤਾਵਾਂ ਮਿਲੀਆਂ ਅਤੇ ਨਾ ਹੀ ਆਮਦਨ ਦੁਗਣੀ ਹੋਈ। ਕਿਸਾਨਾਂ ਨੇ ਦੱਸਿਆ ਕਿ ਮੰਡੀ ਦੇ ਚਾਰੇ ਪਾਸੇ ਮਿੱਟੀ ਹੀ ਮਿੱਟੀ ਦਿਖਾਈ ਦੇ ਰਹੀ ਹੈ ਅਤੇ ਮੰਡੀ ਵਿੱਚ ਪੱਕਾ ਫੜ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਜ਼ਮੀਨੀ ਪੱਧਰ ‘ਤੇ ਇਸ ਦੀ ਹਕੀਕਤ ਕੁਝ ਹੋਰ ਹੀ ਹੈ। ਕੋਟ ਬੁੱਢਾ ਦਾਣਾ ਮੰਡੀ ਦਾ ਐਨਾ ਜ਼ਿਆਦਾ ਮੰਦਾ ਹਾਲ ਹੈ ਕਿ ਚਾਰੇ ਪਾਸੇ ਗੰਦਗੀ ਹੀ ਦਿਖਾਈ ਦਿੰਦੀ ਹੈ।

ਮੰਡੀ ਵਿੱਚ ਇੱਕ ਗੋਦਾਮ ਵੀ ਬਣਿਆ ਹੋਇਆ ਹੈ ਪਰ ਕਈ ਸਾਲਾਂ ਤੋਂ ਉਸਦੀ ਛੱਤ ਤੱਕ ਨਹੀਂ ਹੈ। ਆਰਜੀ ਚਾਦਰਾਂ ਪਾਈਆਂ ਗਈਆਂ ਸਨ ਉਹ ਵੀ ਟੁੱਟ ਗਈਆਂ। ਮੰਡੀ ਵਿੱਚ ਕਣਕ ਦੀਆਂ ਢੇਰੀਆਂ ਘੱਟ ਅਤੇ ਮਿੱਟੀ ਦੀਆਂ ਢੇਰੀਆਂ ਜ਼ਿਆਦਾ ਲੱਗੀਆਂ ਹੋਈਆਂ ਹਨ। ਮਿੱਟੀ ਨਾਲ ਕਣਕ ਰਲ ਰਹੀ ਹੈ ਜਿਸਦਾ ਨੁਕਸਾਨ ਵੀ ਕਿਸਾਨਾਂ ਨੂੰ ਹੀ ਹੋ ਰਿਹਾ। ਪਹਿਲਾਂ ਤਾਂ ਖਰੀਦ ਬਹੁਤ ਦੇਰੀ ਨਾਲ ਸ਼ੁਰੂ ਹੋਈ ਅਤੇ ਜੇਕਰ ਸ਼ੁਰੂ ਹੋਈ ਤਾਂ ਬਾਰਦਾਨਾ ਨਹੀਂ ਮਿਲ ਰਿਹਾ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਨੂੰ ਕਿਸੇ ਪਾਸਿਓਂ ਜਿਉਂਦੇ ਰਹਿਣ ਲਈ ਛੱਡ ਦੇਵੇ। ਹਰ ਪਾਸਿਓਂ ਕਿਸਾਨਾਂ ਨੂੰ ਸਰਕਾਰੀ ਮਾਰ ਝੱਲਣੀ ਪੈ ਰਹੀ ਹੈ।

ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਦੀ ਫਸਲ ਇਥੋਂ ਜਲਦੀ ਖਰੀਦੀ ਜਾਵੇ ਤਾਂ ਜੋ ਹੋਰ ਨੁਕਸਾਨ ਨਾ ਹੋਵੇ। ਪੰਜਾਬ ਭਰ ਵਿੱਚ ਮੌਸਮ ਲਗਾਤਾਰ ਬਦਲ ਰਿਹਾ। ਕਦੇ ਤੇਜ਼ ਹਵਾਵਾਂ ਅਤੇ ਕਦੇ ਮੀਂਹ, ਇਹਨਾਂ ਨਾਲ ਨੁਕਸਾਨ ਜ਼ਿਆਦਾ ਹੋ ਰਿਹਾ ਅਤੇ ਉਤੋਂ ਸਰਕਾਰ ਵੀ ਧਿਆਨ ਨਹੀਂ ਦੇ ਰਹੀ। ਜਲਦ ਫਸਲ ਦੀ ਚੁਕਾਈ ਹੋਵੇ ਤਾਂ ਜੋ ਸਾਡੀ ਮਿਹਨਤ ਬਰਬਾਦ ਨਾ ਹੋਵੇ। ਮੰਡੀਆਂ ਵੱਲ ਸਰਕਾਰ ਜਲਦ ਧਿਆਨ ਦੇਵੇ ਇਹੀ ਮੰਗ ਲਗਾਤਾਰ ਕਿਸਾਨਾਂ ਵੱਲੋਂ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here