ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਸਾਮ – ਮਿਜ਼ੋਰਮ ਬਾਰਡਰ ਵਿਵਾਦ ਦੇ ਅਚਾਨਕ ਵਧਣ ਤੋਂ ਭੜਕੀ ਹਿੰਸਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਲੋਕਾਂ ਦੇ ਜੀਵਨ ਵਿੱਚ ਨਫ਼ਰਤ ਅਤੇ ਅਵਿਸ਼ਵਾਸ ਦਾ ਬੀਜ ਬੀਜਕੇ’ ਇੱਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ ।

ਉਨ੍ਹਾਂ ਨੇ ਹਿੰਸਾ ਨਾਲ ਜੁੜਿਆ ਇੱਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਜੋ ਲੋਕ ਮਾਰੇ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਂ ਜ਼ਖਮੀਆਂ ਦੇ ਛੇਤੀ ਤੰਦੁਰੁਸਤ ਹੋਣ ਦੀ ਕਾਮਨਾ ਕਰਦਾ ਹਾਂ।’’ ਕਾਂਗਰਸ ਆਗੂ ਨੇ ਦਾਅਵਾ ਕੀਤਾ, ‘‘ਗ੍ਰਹਿ ਮੰਤਰੀ ਨੇ ਲੋਕਾਂ ਦੇ ਜੀਵਨ ਵਿੱਚ ਨਫ਼ਰਤ ਅਤੇ ਅਵਿਸ਼ਵਾਸ ਦਾ ਬੀਜ ਬੀਜਕੇ’ ਇੱਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ। ਭਾਰਤ ਹੁਣ ਭਿਆਨਕ ਨਤੀਜਿਆਂ ਨਾਲ ਭੁਗਤ ਰਿਹਾ ਹੈ।’’

ਜ਼ਿਕਰਯੋਗ ਹੈ ਕਿ ਅਸਾਮ – ਮਿਜ਼ੋਰਮ ਦੇ ਵਿੱਚ ਬਾਰਡਰ ਵਿਵਾਦ ਦੇ ਅਚਾਨਕ ਵਧਣ ਦੇ ਦੌਰਾਨ ਹੋਈ ਹਿੰਸਕ ਝੜਪ ‘ਚ ਅਸਾਮ ਪੁਲਿਸ ਦੇ 6 ਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਪੁਲਿਸ ਪ੍ਰਧਾਨ ਸਮੇਤ 60 ਹੋਰ ਜਖ਼ਮੀ ਹੋ ਗਏ। ਦੋਵਾਂ ਪੱਖਾਂ ਨੇ ਹਿੰਸਾ ਲਈ ਇੱਕ – ਦੂਜੇ ਦੀ ਪੁਲਿਸ ਨੂੰ ਜ਼ਿੰਮੇਦਾਰ ਠਹਿਰਾਇਆ ਅਤੇ ਕੇਂਦਰ ਤੋਂ ਦਖਲ ਦੀ ਮੰਗ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਵਾਂ ਰਾਜਾਂ ਦੇ ਮੁੱਖਮੰਤਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਿਵਾਦਿਤ ਬਾਰਡਰ ‘ਤੇ ਸ਼ਾਂਤੀ ਬਹਾਲ ਕਰਨ ਲਈ ਕਿਹਾ।

ਅਸਾਮ ਤੇ ਮਿਜ਼ੋਰਮ ‘ਚ 164 ਕਿਲੋਮੀਟਰ ਲੰਮੀ ਸਰਹੱਦ-
ਅਸਾਮ ਦੇ ਬਰਾਕ ਘਾਟੀ ਦੇ ਜ਼ਿਲ੍ਹੇ- ਕਛਾਰ, ਕਰੀਮਗੰਜ ਤੇ ਹੈਲਾਕਾਂਡੀ, ਮਿਜ਼ੋਰਮ ਦੇ ਤਿੰਨ ਜ਼ਿਲ੍ਹਿਆਂ- ਆਈਜ਼ੋਲ, ਕੋਲਾਸਿਬ ਤੇ ਮਾਮਿਤ ਨਾਲ 164 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਹੈ। ਅਗਸਤ 2020 ਤੇ ਫ਼ਰਵਰੀ ‘ਚ ਵੀ ਖੇਤਰੀ ਵਿਵਾਦ ਦੌਰਾਨ ਅੰਤਰ-ਰਾਜੀ ਸਰਹੱਦ ‘ਤੇ ਝੜਪਾਂ ਹੋਈਆਂ ਸਨ। ਅਸਾਮ ਤੇ ਮਿਜ਼ੋਰਮ ਦੋਵੇਂ ਪਹਾੜੀ ਖੇਤਰ ਹਨ।

ਦਰਅਸਲ, ਪਹਾੜੀ ਖੇਤਰਾਂ ‘ਚ ਕਾਸ਼ਤ ਲਈ ਜ਼ਮੀਨ ਬਹੁਤ ਘੱਟ ਹੈ। ਇਸ ਲਈ ਖੇਤੀਬਾੜੀ ਵਾਲੀ ਜ਼ਮੀਨ ਦੇ ਇੱਕ ਛੋਟੇ ਟੁਕੜੇ ਲਈ ਸਥਾਨਕ ਲੋਕਾਂ ‘ਚ ਵਿਵਾਦ ਹੈ। ਤਾਜ਼ਾ ਵਿਵਾਦ ਉਦੋਂ ਵੱਧ ਗਿਆ ਜਦੋਂ ਅਸਾਮ ਪੁਲਿਸ ਨੇ ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੀ ਸਰਹੱਦ ‘ਤੇ ਕਾਸ਼ਤ ਕਰਨ ਤੋਂ ਰੋਕਿਆ ਤੇ ਉਨ੍ਹਾਂ ਨੂੰ ਭਜਾ ਦਿੱਤਾ।

ਮਿਜ਼ੋਰਮ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਉੱਤਰੀ ਰੇਂਜ) ਲਾਲਬਿਆਕਥੰਗਾ ਖਿਆਂਗਤੇ ਨੇ ਦੱਸਿਆ ਕਿ ਵਿਵਾਦਤ ਖੇਤਰ ਵਿੱਚ ਏਟਲਾਂਗ ਨਦੀ ਦੇ ਕੋਲ ਘੱਟੋ-ਘੱਟ 8 ਝੌਪੜੀਆਂ ਨੂੰ ਅੱਗ ਲਗਾਈ ਗਈ। ਇਨ੍ਹਾਂ ਝੌਂਪੜੀਆਂ ‘ਚ ਕੋਈ ਨਹੀਂ ਸੀ। ਇਹ ਝੌਪੜੀਆਂ ਅਸਾਮ ਦੇ ਨੇੜਲੇ ਪਿੰਡ ਵੈਰੇਂਗਟੇ ਦੇ ਕਿਸਾਨਾਂ ਨਾਲ ਸਬੰਧਤ ਹਨ।

ਦੋਵੇਂ ਸੂਬੇ ਇੱਕ-ਦੂਜੇ ‘ਤੇ ਦੋਸ਼ ਲਾਉਂਦੇ
ਅਸਾਮ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰੋਂ ਬਦਮਾਸ਼ਾਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਦੋਂ ਦੋਵਾਂ ਪਾਸਿਆਂ ਦੇ ਸਿਵਲ ਅਧਿਕਾਰੀ ਮਤਭੇਦ ਸੁਲਝਾਉਣ ਲਈ ਗੱਲਬਾਤ ਕਰ ਰਹੇ ਸਨ। ਉੱਥੇ ਹੀ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਅਸਾਮ ਪੁਲਿਸ ‘ਤੇ ਅੱਥਰੂ ਗੈਸ ਦੇ ਗੋਲੇ ਦਾਗਣ ਤੇ ਲਾਠੀਚਾਰਜ ਕਰਨ ਦਾ ਦੋਸ਼ ਲਗਾਇਆ, ਜਦਕਿ ਅਸਾਮ ਪੁਲਿਸ ਨੇ ਦਾਅਵਾ ਕੀਤਾ ਕਿ ਮਿਜ਼ੋਰਮ ਦੇ ਵੱਡੀ ਗਿਣਤੀ ਹੁੜਦੰਗੀਆਂ ਨੇ ਅਸਮ ਦੇ ਸਰਕਾਰੀ ਅਧਿਕਾਰੀਆਂ ‘ਤੇ ਪਥਰਾਅ ਅਤੇ ਹਮਲਾ ਕੀਤਾ।

LEAVE A REPLY

Please enter your comment!
Please enter your name here