ਮੁੰਬਈ : ਮਾਨਸੂਨ ਪੌਣਾਂ ਹੁਣ ਆਪਣਾ ਰੁਖ਼ ਬਦਲ ਰਹੀਆਂ ਹਨ। ਦੱਖਣ ਭਾਰਤ ’ਚ ਦਸਤਕ ਦੇਣ ਤੋਂ ਬਾਅਦ ਹੁਣ ਮਾਨਸੂਨ ਉੱਤਰ-ਪੂਰਬੀ ਭਾਰਤ ਦੇ ਇਲਾਕੇ ’ਚ ਸਰਗਰਮ ਹੋਣ ਲੱਗਾ ਹੈ। ਓਡਿਸ਼ਾ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੇ ਸਾਰੇ ਹਿੱਸਿਆਂ ’ਚ ਮਾਨਸੂਨ ਪੁੱਜਣ ਦੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ ਹੈ। ਉਥੇ ਹੀ ਮੁੰਬਈ ’ਚ ਵੀ ਅੱਜ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ, ਜਿਸ ਤਹਿਤ ਕਈ ਇਲਾਕਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਸੜਕਾਂ ’ਤੇ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਮੁੰਬਈ ‘ਚ ਹਾਈ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਪੂਰਬ-ਉੱਤਰ ਦੇ ਹਿੱਸੇ ਸਮੇਤ ਦੇਸ਼ ਦੇ ਕੁੱਲ 14 ਸੂਬਿਆਂ ’ਚ 10 ਜੂਨ ਦੇ ਆਸਪਾਸ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ ਦੇ ਰਸਤੇ ਮਹਾਰਾਸ਼ਟਰ ਸਮੇਤ ਉੱਤਰ-ਪੂਰਬੀ ਭਾਰਤ ’ਚ ਪਹੁੰਚ ਰਹੇ ਮਾਨਸੂਨ ਦੇ ਅਸਰ ਨਾਲ ਕਈ ਇਲਾਕਿਆਂ ’ਚ ਜ਼ੋਰਦਾਰ ਮੀਂਹ ਪੈ ਰਿਹਾ ਹੈ।

ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਤੋਂ ਪਹਿਲਾਂ ਪੱਛਮੀ ਹਵਾ ਦੇ ਦਬਾਅ ਦੇ ਸਰਗਰਮ ਹੋਣ ਨਾਲ ਮੌਸਮ ’ਚ ਬਦਲਾਅ ਆਵੇਗਾ। ਮੌਸਮ ਵਿਭਾਗ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 12 ਤੋਂ 14 ਜੂਨ ਤੱਕ ਸੂਬੇ ’ਚ ਪ੍ਰੀ-ਮਾਨਸੂਨ ਦੀ ਬਾਰਿਸ਼ ਹੋਵੇਗੀ। 12 ਜੂਨ ਨੂੰ ਮੀਂਹ ਦੇ ਨਾਲ ਹਨੇਰੀ ਚੱਲਣ ਅਤੇ ਆਸਮਾਨੀ ਬਿਜਲੀ ਡਿੱਗਣ ਦਾ ਖਦਸ਼ਾ ਹੈ। ਇਸ ਨੂੰ ਲੈ ਕੇ ਲਾਹੌਲ-ਸਪੀਤੀ ਅਤੇ ਕਿੰਨੌਰ ਨੂੰ ਛੱਡ ਕੇ ਸੂਬੇ ਦੇ 10 ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।