ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ਦਾ ਮੁਲਾਜ਼ਮ ਜੇਲ੍ਹ ਦੇ ਅੰਦਰ ਨਸ਼ਾ ਸਪਲਾਈ ਕਰਦਾ ਫੜ੍ਹ ਲਿਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਥਾਣਾ ਤ੍ਰਿਪੜੀ ਪੁਲਿਸ ਦੇ ਹਵਾਲੇ ਕਰ ਦਿੱਤਾ। ਗ੍ਰਿਫ਼ਤਾਰ ਮੁਲਾਜ਼ਮ ਦਾ ਨਾਂ ਜਤਿੰਦਰ ਕੁਮਾਰ ਦੱਸਿਆ ਗਿਆ ਹੈ ਅਤੇ ਉਹ ਬਤੌਰ ਵੀਡੀਓ ਕਾਨਫਰੰਸ ਆਪਰੇਟਰ ਕੰਮ ਕਰਦਾ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ 50 ਗ੍ਰਾਮ ਅਫ਼ੀਮ, 35 ਗ੍ਰਾਮ ਸੁਲਫਾ ਅਤੇ 8 ਪੈਕਟ ਜ਼ਰਦੇ ਦੇ ਬਰਾਮਦ ਕੀਤੇ ਗਏ। ਇਹ ਬਾਹਰੋਂ ਨਸ਼ਾ ਲੈ ਕੇ ਮਹਿੰਗੇ ਰੇਟਾਂ ’ਤੇ ਜੇਲ੍ਹ ਅੰਦਰ ਸਪਲਾਈ ਕਰਦਾ ਸੀ ਅਤੇ ਮੋਟੇ ਪੈਸਾ ਕਮਾਉਂਦਾ ਸੀ।
ਇਸ ਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਡੀ. ਜੀ. ਪੀ. ਜੇਲ੍ਹ ਨੂੰ ਭੇਜ ਦਿੱਤੀ ਗਈ ਸੀ। ਵਿਭਾਗ ਨੇ ਜਤਿੰਦਰ ਕੁਮਾਰ ਨੂੰ ਫ਼ੌਰੀ ਤੌਰ ’ਤੇ ਮੁਅੱਤਲ ਵੀ ਕਰ ਦਿੱਤਾ ਹੈ। ਜਤਿੰਦਰ ਕੁਮਾਰ ਪਿਛਲੇ 8 ਸਾਲ ਤੋਂ ਜੇਲ੍ਹ ’ਚ ਤਾਇਨਾਤ ਸੀ ਅਤੇ ਅੰਦਰ ਨਸ਼ਾ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਸੀ। ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਕਿ ਜਤਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਲਿਆ ਜਾਵੇਗਾ ਅਤੇ ਉਸ ਤੋਂ ਅੱਗੇ ਪੁੱਛ-ਗਿੱਛ ਕੀਤੀ ਜਾਵੇਗੀ।