ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਹੁਣ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਦਿੱਲੀ ਵਿੱਚ ਅਨਲੌਕ 4 ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਸਰਕਾਰ ਵੱਲੋਂ ਅਨਲੌਕ 4 ਦਾ ਐਲਾਨ ਕਰਦਿਆਂ ਸੋਮਵਾਰ ਤੋਂ ਦਿੱਲੀ ਵਿੱਚ ਬਾਰ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਫੈਸਲੇ ਅਨੁਸਾਰ ਹੁਣ ਰਾਜਧਾਨੀ ਵਿੱਚ 50% ਸਮਰੱਥਾ ਨਾਲ ਬਾਰ ਖੋਲ੍ਹੇ ਜਾ ਸਕਣਗੇ। ਇਸਦੇ ਨਾਲ ਹੀ ਬਾਰ ਖੋਲ੍ਹਣ ਦਾ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਹੁਣ ਬਾਰ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਣਗੇ।
ਇਸ ਤੋਂ ਇਲਾਵਾ ਅਨਲੌਕ 4 ਦੇ ਤਹਿਤ ਦਿੱਲੀ ਵਿੱਚ ਹੋਰ ਵੀ ਰਾਹਤ ਦਿੱਤੀ ਗਈ ਹੈ। ਦਿੱਲੀ ਵਿੱਚ ਹੁਣ ਸੋਮਵਾਰ ਤੋਂ ਰੈਸਟੋਰੈਂਟ ਵੀ ਸਵੇਰ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਣਗੇ, ਜਦਕਿ ਹੁਣ ਤੱਕ ਇਨ੍ਹਾਂ ਨੂੰ ਸਵੇਰ 10 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਆਗਿਆ ਸੀ। ਹਾਲਾਂਕਿ ਰੈਸਟੋਰੈਂਟ ਵਿੱਚ ਹੁਣ ਵੀ 50 ਫ਼ੀਸਦੀ ਲੋਕ ਹੀ ਬੈਠ ਸਕਣਗੇ।
ਇਸ ਤੋਂ ਇਲਾਵਾ ਜਨਤਕ ਪਾਰਕਾਂ ਅਤੇ ਗਾਰਡਨ ਨੂੰ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ । 21 ਜੂਨ ਤੋਂ ਰਾਜਧਾਨੀ ਵਿੱਚ ਜਨਤਕ ਪਾਰਕਾਂ, ਗਾਰਡਨ, ਗੋਲਫ ਕਲੱਬਾਂ ਅਤੇ ਆਊਟਡੋਰ ਯੋਗਾ ਗਤੀਵਿਧੀਆਂ ਦੀ ਇਜ਼ਾਜਤ ਮਿਲ ਗਈ ਹੈ। ਇਸ ਦੇ ਨਾਲ ਹੀ ਬਾਜ਼ਾਰ, ਮਾਰਕੀਟ ਕੰਪਲੈਕਸ ਅਤੇ ਮਾਲ ਵੀ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਣਗੇ। ਇਨ੍ਹਾਂ ਛੋਟਾਂ ਵਿਚਾਲੇ ਮੈਟਰੋ ਅਜੇ ਵੀ 50% ਸਮਰੱਥਾ ਨਾਲ ਚੱਲੇਗੀ। ਇਸ ਤੋਂ ਇਲਾਵਾ ਬੱਸ, ਆਟੋ, ਰਿਕਸ਼ਾ, ਟੈਕਸੀ, ਕੈਬ ਵਰਗੀਆਂ ਜਨਤਕ ਟ੍ਰਾਂਸਪੋਰਟ ਵਿੱਚ ਵੀ ਸਮਾਜਿਕ ਦੂਰੀਆਂ ਲਈ ਘੱਟ ਯਾਤਰੀ ਹੀ ਬਿਠਾਏ ਜਾਣਗੇ।
ਇਸਦੇ ਨਾਲ ਹੀ ਦਿੱਲੀ ਵਿੱਚ ਜਨਤਕ ਥਾਂ ‘ਤੇ ਵਿਆਹ ਕਰਨ ‘ਤੇ ਲੱਗੀ ਪਾਬੰਦੀ ਜਾਰੀ ਰਹੇਗੀ। ਹਾਲੇ ਵੀ ਬੈਨਕਵੇਟ ਹਾਲ ਜਾਂ ਮੈਰਿਜ ਗਾਰਡਨ ਵਿੱਚ ਵਿਆਹ ਕਰਨ ‘ਤੇ ਵੀ ਪਾਬੰਦੀ ਹੈ। ਸਿਰਫ ਕੋਰਟ ਮੈਰਿਜ ਜਾਂ ਘਰ ਵਿੱਚ ਹੀ ਵਿਆਹ ਹੋ ਸਕਦੇ ਹਨ। ਇਸ ਪ੍ਰਕਾਰ ਵਿਆਹ ਸਮਾਗਮ ‘ਚ ਸਿਰਫ 20 ਲੋਕ ਹੀ ਹਿੱਸਾ ਲੈ ਸਕਣਗੇ। ਇਸ ਤੋਂ ਇਲਾਵਾ ਅੰਤਿਮ ਸੰਸਕਾਰ ਵਿੱਚ ਵੱਧ ਤੋਂ ਵੱਧ 20 ਲੋਕ ਸ਼ਾਮਿਲ ਹੋ ਸਕਦੇ ਹਨ।