ਚੰਡੀਗੜ੍ਹ ਵਿਚ ਸਿੰਗਲ ਯੂਜ਼ ਪਲਾਸਟਿਕ ਬੈਨ ਹੋਣ ਦੇ ਬਾਵਜੂਦ ਕਈ ਦੁਕਾਨਦਾਰ ਅਜਿਹੇ ਪਲਾਸਟਿਕ ਕੈਰੀ ਬੈਗਸ ਦਾ ਇਸਤੇਮਾਲ ਕਰ ਰਹੇ ਹਨ। ਹੁਣ ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ ਅਜਿਹੇ ਦੁਕਾਨਦਾਰਾਂ ‘ਤੇ ਸਖਤ ਕਦਮ ਚੁੱਕਣ ਜਾ ਰਿਹਾ ਹੈ। ਸੀਪੀਸੀਸੀ ਨੇ ਸ਼ਹਿਰ ਵਿਚ 60 ਤੋਂ ਵਧ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।

ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਪਾਬੰਦੀ ਦੇ ਬਾਵਜੂਦ ਉਨ੍ਹਾਂ ਨੇ ਪਲਾਸਟਿਕ ਬੈਗਸ ਕਿਉਂ ਸਟੋਰ ਕੀਤੇ ਗਏ ਹਨ। ਨਾਲ ਹੀ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ਕਰਨ ‘ਤੇ ਲਗਭਗ 1 ਦਰਜਨ ਦੁਕਾਨਾਂ ਨੂੰ ਸੀਲ ਕਰਨ ਦੇ ਹੁਕਮ ਵੀ ਜਾਰੀ ਹੋਏ ਹਨ।

ਦੁਕਾਨਦਾਰਾਂ ਨੂੰ ਪ੍ਰੋਟੈਕਸ਼ਨ ਐਕਟ 1986 ਤਹਿਤ ਜਾਰੀ ਨੋਟੀਫਿਕੇਸ਼ਨ ਤਹਿਤ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਨਗਰ ਨਿਗਮ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਲਗਾਤਾਰ ਸ਼ਹਿਰ ਵਿਚ ਸਿੰਗਲ ਯੂਜ਼ ਪਲਾਸਟਿਕ ਖਿਲਾਫ ਛਾਪੇਮਾਰੀ ਤੇ ਮੁਹਿੰਮ ਚਲਾ ਰਹੀਆਂ ਹਨ।

ਇਨ੍ਹਾਂ ਵਿਚ ਦੁਕਾਨਦਾਰਾਂ ਨੂੰ ਜਾਗਰੂਕ ਕਰਨਾ ਵੀ ਸ਼ਾਮਲ ਹਨ। ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ ਸਤੰਬਰ 2019 ਵਿਚ ਸਿੰਗਲ ਯੂਜ਼ ਪਲਾਸਟਿਕ ਆਈਟਮ ਦੇ ਸਟੋਰੇਜ, ਇਸਤੇਮਾਲ, ਵਿਕਰੀ ਤੇ ਵੰਡ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਨਵੀਆਂ ਗੱਡੀਆਂ ਦੀ ਖਰੀਦ ਮੌਕੇ ਛੋਟ ਦੇਣ ਦਾ ਫੈਸਲਾ

ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਪ੍ਰਤੀਬੰਧਿਤ ਸਿੰਗਲ ਯੂਜ਼ ਪਲਾਸਟਿਕ ਆਈਟਮ ਨੂੰ ਰੱਖਣ, ਵੇਚਣ ਜਾਂ ਇਸਤੇਮਾਲ ਕਰਨ ‘ਤੇ ਵਿਅਕਤੀ ਨੂੰ 5 ਸਾਲ ਤਕ ਕੈਦ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਨਵਾਇਰਮੈਂਟ ਐਕਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤਹਿਤ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ।