ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਦਿੱਲੀ ਦੀ ਰਹਿਣ ਵਾਲੀ 25 ਸਾਲਾ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਦਿਲ ਦੀ ਮਰੀਜ਼ ਹੈ ਅਤੇ ਖਿਲਾੜੀ ਕੁਮਾਰ ਨੇ ਉਸ ਦੇ ਇਲਾਜ ਲਈ ਮਦਦ ਦਾ ਹੱਥ ਵਧਾਇਆ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਨੇ ਕਿਸੇ ਲਈ ਇੰਨੀ ਦਰਿਆਦਿਲੀ ਦਿਖਾਈ ਹੈ। ਇਸ ਤੋਂ ਪਹਿਲਾਂ ਵੀ ਅਕਸ਼ੈ ਕੁਮਾਰ ਕਈਆਂ ਦੀ ਮਦਦ ਕਰ ਚੁੱਕੇ ਹਨ। ਅਕਸ਼ੈ ਕੁਮਾਰ ਨੇ ਜਿਸ ਆਯੂਸ਼ੀ ਸ਼ਰਮਾ ਨਾਂ ਦੀ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ। ਇਸ ਗੱਲ ਦੀ ਜਾਣਕਾਰੀ ਲੜਕੀ ਦੇ ਦਾਦਾ ਨੇ ਦਿੱਤੀ ਹੈ।

ਦਰਅਸਲ ਆਯੂਸ਼ੀ ਦੇ ਦਾਦਾ ਯੋਗੇਂਦਰ ਅਰੁਣ ਨੇ ਦੱਸਿਆ ਹੈ ਕਿ ਅਸੀਂ ਇਸ ਮਾਮਲੇ ਦੀ ਜਾਣਕਾਰੀ ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇ ਨਿਰਦੇਸ਼ਕ ਡਾਕਟਰ ਚੰਦਰਪ੍ਰਕਾਸ਼ ਨੂੰ ਦਿੱਤੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਮਿਲਦਿਆ ਹੀ ਅਕਸ਼ੈ ਕੁਮਾਰ ਨੇ ਆਯੂਸ਼ੀ ਲਈ 15 ਲੱਖ ਰੁਪਏ ਦਾਨ ਕੀਤੇ ਹਨ। ਯੋਗੇਂਦਰ ਅਰੁਣ ਨੇ ਕਿਹਾ, ”ਮੈਂ ਅਕਸ਼ੈ ਤੋਂ ਇੱਕ ਸ਼ਰਤ ‘ਤੇ ਪੈਸੇ ਲਵਾਂਗਾ ਕਿ ਮੈਨੂੰ ਇਸ ਵੱਡੇ ਦਿਲ ਵਾਲੇ ਅਦਾਕਾਰ ਦਾ ਧੰਨਵਾਦ ਕਰਨ ਦਾ ਮੌਕਾ ਮਿਲੇ।”

ਇਹ ਖ਼ਬਰ ਵੀ ਪੜ੍ਹੋ :

ਦੱਸਣਯੋਗ ਹੈ ਦਿੱਲੀ ਦੀ ਰਹਿਣ ਵਾਲੀ ਆਯੂਸ਼ੀ ਸ਼ਰਮਾ ਦੀ ਉਮਰ 25 ਸਾਲ ਹੈ ਅਤੇ ਉਸ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਚੱਲ ਰਿਹਾ ਹੈ। ਆਯੂਸ਼ੀ ਦੇ ਦਾਦਾ ਨੇ ਗੱਲਬਾਤ ‘ਚ ਅੱਗੇ ਦੱਸਿਆ ਕਿ ‘ਉਹ 82 ਸਾਲ ਦੇ ਰਿਟਾਇਰਡ ਪ੍ਰਿੰਸੀਪਲ ਹਨ ਅਤੇ ਡਾਕਟਰਾਂ ਨੇ ਆਯੂਸ਼ੀ ਦੇ ਹਾਰਟ ਟਰਾਂਸਪਲਾਂਟ ‘ਤੇ ਘੱਟੋ-ਘੱਟ 50 ਲੱਖ ਰੁਪਏ ਦਾ ਖਰਚਾ ਦੱਸਿਆ ਹੈ। ਅਜਿਹੇ ‘ਚ ਅੱਕੀ ਨੇ 15 ਲੱਖ ਤੋਂ ਇਲਾਵਾ ਲੋੜ ਪੈਣ ‘ਤੇ ਹੋਰ ਪੈਸੇ ਦੇਣ ਦਾ ਵਾਅਦਾ ਕੀਤਾ ਹੈ। ਅਕਸ਼ੈ ਦੇ ਇਸ ਮਦਦ ਨਾਲ ਆਯੂਸ਼ੀ ਦੇ ਪਰਿਵਾਰ ਨੂੰ ਨਵੀਂ ਉਮੀਦ ਜਾਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਇਸ ਸਮੇਂ ਸਮਾਜਿਕ, ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਕਾਫੀ ਕੰਮ ਕਰ ਰਹੇ ਹਨ।