ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ 17ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਸੰਮੇਲਨ ਵਿਚ ਗੁਯਾਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਮੁੱਖ ਮਹਿਮਾਨ, ਜਦਕਿ ਸੂਰੀਨਾਮ ਗਣਰਾਜ ਦੇ ਰਾਸ਼ਟਰਪਤੀ ਚੰਦ੍ਰਿਕਾ ਸੰਤੋਖੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸੰਮੇਲਨ ‘ਚ ਯਾਦਗਾਰੀ ਡਾਕ ਟਿਕਟ ‘ਗੋ ਸੇਫ, ਗੋ ਟਰੇਨਡ’ ਜਾਰੀ ਕੀਤੀ। ਇਸ ਸੰਮੇਲਨ ‘ਚ 70 ਦੇਸ਼ਾਂ ਦੇ ਕਰੀਬ 3500 ਭਾਰਤੀਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ 2021 ਵਿਚ ਕੋਵਿਡ-19 ਵੈਸ਼ਵਿਕ ਮਹਾਮਾਰੀ ਦੇ ਕਹਿਰ ਦੇ ਚੱਲਦੇ ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਕੀਤਾ ਗਿਆ ਸੀ।

ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ‘ਪ੍ਰਵਾਸੀ ਭਾਰਤੀ ਦਿਵਸ ਸੰਮੇਲਨ’ ਦੇਸ਼ ਦੇ ਦਿਲ ਵਜੋਂ ਜਾਣੇ ਜਾਂਦੇ ਮੱਧ ਪ੍ਰਦੇਸ਼ ਦੀ ਧਰਤੀ ‘ਤੇ ਹੋ ਰਿਹਾ ਹੈ। ਮੱਧ ਪ੍ਰਦੇਸ਼ ਵਿਚ ਮਾਂ ਨਰਮਦਾ ਦਾ ਪਾਣੀ, ਇੱਥੋਂ ਦੇ ਜੰਗਲ, ਆਦਿਵਾਸੀ ਪਰੰਪਰਾ ਅਤੇ ਇੱਥੋਂ ਦੀ ਰੂਹਾਨੀਅਤ ਤੁਹਾਡੀ ਯਾਤਰਾ ਨੂੰ ਅਭੁੱਲ ਬਣਾ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤ ਦੀ ਤਾਕਤ ਵਧੇਗੀ। ਜੀ-20 ਕੋਈ ਡਿਪਲੋਮੈਟਿਕ ਇਵੈਂਟ ਨਹੀਂ ਸਗੋਂ ਇਹ ਭਾਰਤ ਦੀ ਤਾਕਤ ਵਿਖਾਉਣ ਦਾ ਮੌਕਾ ਹੈ। ਦੁਨੀਆ ਦੇ ਕਿਸੇ ਇਕ ਦੇਸ਼ ਵਿਚ ਜਦੋਂ ਭਾਰਤ ਦੇ ਵੱਖ-ਵੱਖ ਸੂਬਿਆਂ, ਖੇਤਰਾਂ ਦੇ ਲੋਕ ਮਿਲਦੇ ਹਨ ਤਾਂ ‘ਇਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਸੁਖਦ ਅਹਿਸਾਸ ਹੁੰਦਾ ਹੈ।

ਗਲੋਬਲ ਮੰਚ ‘ਤੇ ਅੱਜ ਭਾਰਤ ਦੀ ਆਵਾਜ਼, ਭਾਰਤ ਦਾ ਸੰਦੇਸ਼ ਅਤੇ ਭਾਰਤ ਦੀ ਆਖੀ ਗੱਲ ਇਕ ਵੱਖਰੇ ਹੀ ਮਾਇਨੇ ਰੱਖਦੀ ਹੈ। ਭਾਰਤ ਦੀ ਇਹ ਵਧਦੀ ਹੋਈ ਤਾਕਤ ਆਉਣ ਵਾਲੇ ਦਿਨਾਂ ਵਿਚ ਹੋਰ ਜ਼ਿਆਦਾ ਵਧਣ ਵਾਲੀ ਹੈ। ਇਸ ਸਾਲ ਭਾਰਤ ਦੁਨੀਆ ਦੇ ਜੀ-20 ਸਮੂਹ ਦੀ ਪ੍ਰਧਾਨਗੀ ਵੀ ਕਰ ਰਿਹਾ ਹੈ। ਭਾਰਤ ਇਸ ਜ਼ਿੰਮੇਵਾਰੀ ਨੂੰ ਇਕ ਵੱਡੇ ਮੌਕੇ ਦੇ ਰੂਪ ਵਿਚ ਦੇਖ ਰਿਹਾ ਹੈ। ਸਾਡੇ ਲਈ ਇਹ ਦੁਨੀਆ ਨੂੰ ਭਾਰਤ ਬਾਰੇ ਦੱਸਣ ਦਾ ਮੌਕਾ ਹੈ। ਪ੍ਰਧਾਨ ਮੰਤਰੀ ਮੁਤਾਬਕ ਅੱਜ ਭਾਰਤ ਕੋਲ ਸਮਰੱਥ ਨੌਜਵਾਨਾਂ ਦੀ ਇਕ ਵੱਡੀ ਤਾਦਾਦ ਹੈ। ਸਾਡੇ ਨੌਜਵਾਨਾਂ ਕੋਲ ਸਕਿਲ ਵੀ ਹੈ ਅਤੇ ਵੈਲਿਊ ਵੀ ਹੈ ਅਤੇ ਕੰਮ ਕਰਨ ਲਈ ਜ਼ਰੂਰੀ ਜਜ਼ਬਾ ਅਤੇ ਈਮਾਨਦਾਰੀ ਵੀ ਹੈ।