Home Blog Page 2651

ਰਾਮ ਰਹੀਮ ਨੂੰ ਪੁਲਿਸ ਹਿਰਾਸਤ ‘ਚ 48 ਘੰਟਿਆਂ ਦੀ ਮਿਲੀ ਪੈਰੋਲ

0

ਚੰਡੀਗੜ੍ਹ : ਗੁਰਮੀਤ ਰਾਮ ਰਹੀਮ ਨੂੰ ਪੁਲਿਸ ਹਿਰਾਸਤ ਵਿਚ 48 ਘੰਟਿਆਂ ਦੀ ਪੈਰੋਲ ਮਿਲੀ ਹੈ। ਗੁਰਮੀਤ ਰਾਮ ਰਹੀਮ ਨੇ ਆਪਣੀ ਬਿਮਾਰ ਮਾਂ ਦੇ ਇਲਾਜ ਲਈ ਤਿੰਨ ਹਫ਼ਤਿਆਂ ਦੀ ਪੈਰੋਲ ਮੰਗੀ ਸੀ। ਸੁਨਾਰੀਆ ਜੇਲ੍ਹ ਤੋਂ ਸਵੇਰੇ ਸਵਾ 6 ਵਜੇ ਗੁਰਮੀਤ ਨੂੰ ਪੈਰੋਲ ’ਤੇ ਬਾਹਰ ਕੱਢਿਆ ਗਿਆ। ਰਾਮ ਰਹੀਮ ਬੀਮਾਰ ਮਾਂ ਨਾਲ ਮਿਲਣ ਲਈ ਗੁਰੂਗ੍ਰਾਮ ਗਿਆ ਹੈ। ਉਥੇ ਹੀ ਸੁਰੱਖਿਆ ਇੰਤਜ਼ਾਮਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਭੀੜ ਜਮ੍ਹਾ ਨਾ ਹੋਵੇ, ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਦੱਸ ਦਈਏ ਕਿ ਹਾਲ ‘ਚ ਹੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਪੀਜੀਆਈ ‘ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਤਿੰਨ ਦਿਨ ਤੱਕ ਇਲਾਜ ਚੱਲਣਾ ਸੀ। ਜੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮਹਿਜ਼ 21 ਘੰਟੇ ਬਾਅਦ ਸੁਨਾਰੀਆ ਜੇਲ੍ਹ ‘ਚ ਭੇਜ ਦਿੱਤਾ ਗਿਆ। ਇਹ ਘਟਨਾ ਲਗਪਗ ਇੱਕ ਹਫ਼ਤੇ ਦੀ ਹੈ। ਉਥੇ ਜਾਂਚ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਨੂੰ ਕੋਈ ਗੰਭੀਰ ਦਿੱਕਤ ਨਹੀਂ ਸੀ। ਉਨ੍ਹਾਂ ਦੀ ਜਾਂਚ ਲਈ ਸੱਤ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਸੀ। ਜੇ ਪੀਜੀਆਈ ਬਾਹਰ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਕਾਰਨ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜਣਾ ਪਿਆ।

ਇਸ ਤੋਂ 2 ਦਿਨ ਬਾਅਦ ਰਾਮ ਰਹੀਮ ਨੇ ਮਾਂ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ। ਪੈਰੋਲ ਦੇਣ ਨੂੰ ਲੈ ਕੇ ਪੁਲਿਸ ਅਤੇ ਸਰਕਾਰ ਦੋਵੇਂ ਹੀ ਸ਼ਸ਼ੋਪੰਜ ‘ਚ ਸੀ। ਜੇ ਸ਼ੁੱਕਰਵਾਰ ਲਈ ਉਨ੍ਹਾਂ ਨੂੰ 48 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਪਰ ਇਸ ਦੌਰਾਨ ਰਾਮ ਰਹੀਮ ਪੁਲਿਸ ਦੀ ਨਿਗਰਾਨੀ ਵਿਚ ਹੀ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚੋਂ ਨਿਕਲਦੇ ਹੀ ਸਿੱਧੇ ਗੁਰੂਗ੍ਰਾਮ ਹੀ ਗਏ ਹਨ। ਇਸ ਤੋਂ ਬਾਅਦ ਉਹ ਕਿਥੇ ਜਾਣਗੇ, ਇਸ ਨੂੰ ਲੈ ਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਥੇ ਸਿਰਸਾ ਡੇਰੇ ਵੀ ਉਨ੍ਹਾਂ ਦੇ ਪੈਰੋਕਾਰ ਇੰਤਜ਼ਾਰ ਕਰ ਰਹੇ ਹਨ।

ਰੇਪ ਕੇਸ ਮਾਮਲੇ ‘ਚ ਪੱਤਰਕਾਰ ਤਰੁਣ ਤੇਜਪਾਲ ਹੋਏ ਰਿਹਾਅ, ਮਹਿਲਾ ਸਾਥੀ ਨੇ ਲਗਾਏ ਸਨ ਇਹ ਇਲਜ਼ਾਮ

0

ਨਵੀਂ ਦਿੱਲੀ : ਤਹਿਲਕਾ ਪੱਤਰਿਕਾ ਦੇ ਸਾਬਕਾ ਐਡੀਟਰ ਇਨ ਚੀਫ ਤਰੁਣ ਤੇਜਪਾਲ ਨੂੰ ਗੋਆ ਦੀ ਸੈਸ਼ਨ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਗੋਆ ਸੈਸ਼ਨ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ 8 ਸਾਲ ਬਾਅਦ ਰੇਪ ਮਾਮਲੇ ਤੋਂ ਬਰੀ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪੱਤਰਕਾਰ ਦੀ ਇੱਕ ਮਹਿਲਾ ਸਾਥੀ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2013 ‘ਚ ਗੋਆ ਦੇ ਇੱਕ ਲਗਜ਼ਰੀ ਹੋਟਲ ਦੀ ਲਿਫਟ ‘ਚ ਤਰੁਣ ਤੇਜਪਾਲ ਨੇ ਉਸਦਾ ਦਾ ਸਰੀਰਕ ਸ਼ੋਸ਼ਣ ਕੀਤਾ।

ਇਸ ਤੋਂ ਬਾਅਦ ਤਰੁਣ ਤੇਜਪਾਲ ਨੂੰ 30 ਨਵੰਬਰ 2013 ‘ਚ ਰੇਪ ਕੇਸ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਗੋਆ ਦੇ ਇੱਕ ਫਾਈਵ ਸਟਾਰ ਹੋਟਲ ‘ਚ 7 ਨਵੰਬਰ 2013 ਨੂੰ ਥਿੰਕ ਫੈਸਟ ਚੱਲ ਰਿਹਾ ਸੀ। ਇਸ ਫੈਸਟ ‘ਚ ਪੱਤਰਕਾਰ ਤਰੁਣ ਤੇਜਪਾਲ ਸਮੇਤ ਦੁਨੀਆ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਸਨ। ਇਸ ਪ੍ਰੋਗਰਾਮ ‘ਚ ਉਹ ਮਹਿਲਾ ਵੀ ਸ਼ਾਮਿਲ ਹੋਈ ਜਿਸ ਨੇ ਤਰੁਣ ਤੇਜਪਾਲ ‘ਤੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

ਗੁਰੂ ਘਰ ‘ਚ ਗ੍ਰੰਥੀ ਵੱਲੋਂ ਕੀਤੀ ਗਈ ਵਿਵਾਦਿਤ ਅਰਦਾਸ ‘ਤੇ ਹੋਇਆ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ

0

ਬਠਿੰਡਾ: ਪਿੰਡ ਬੀੜ ਤਲਾਬ ਦੇ ਗੁਰੂ ਘਰ ਵਿੱਚ ਇੱਕ ਗ੍ਰੰਥੀ ਵੱਲੋਂ ਡੇਰਾ ਸੱਚਾ ਸੌਦਾ ਦੇ ਮੁੱਖੀ ਦੀ ਰਿਹਾਈ ਲਈ ਕੀਤੀ ਗਈ ਅਰਦਾਸ ‘ਤੇ ਹੰਗਾਮਾ ਹੋ ਗਿਆ, ਜਿਸ ਕਾਰਨ ਗ੍ਰੰਥੀ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਉਸ ਨੇ ਅਰਦਾਸ ਵਿੱਚ ਇਤਰਾਜ਼ਯੋਗ ਪੰਗਤੀਆਂ ਦੀ ਵਰਤੋਂ ਕੀਤੀ ਸੀ ਦਰਅਸਲ ਨਿਹੰਗ ਸਿੰਘ ਦੇ ਬਾਣੇ ਚ ਅਰਦਾਸ ਕਰ ਰਹੇ ਵਿਅਕਤੀ ਵੱਲੋਂ ਡੇਰਾ ਸਿਰਸਾ ਦੇ ਮੁੱਖੀ ਦੀ ਜੇਲ੍ਹ ’ਚੋਂ ਰਿਹਾਈ, ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਤੇ ਦਲਿਤਾਂ ’ਤੇ ਹੁੰਦੇ ‘ਅੱਤਿਆਚਾਰ’, ਪ੍ਰਧਾਨ ਮੰਤਰੀ ਦਾ ਦਲਿਤ ਮੁੱਖ ਮੰਤਰੀ ਬਣਾਉਣ ਦਾ ‘ਸੁਪਨਾ’ ਪੂਰਾ ਕਰਨ ਬਾਰੇ ਅਰਦਾਸ ਕੀਤੀ ਗਈ। ਅਰਦਾਸ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਕਈ ਗੱਲਾਂ ਕਹੀਆਂ ਗਈਆਂ ਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਗਈ।ਅਰਦਾਸ ਤੋਂ ਬਾਅਦ ਐਸਐਸਪੀ ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿੱਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਸਿੰਘ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਗ੍ਰੰਥੀ ਵੱਲੋਂ ਕੀਤੀ ਇਸ ਅਰਦਾਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਅਰਦਾਸ ਵਾਲੀ ਵੀਡੀਓ ਵਿੱਚ ਨਿਹੰਗ ਬਾਣੇ ’ਚ ਸਜਿਆ ਇਕ ਵਿਅਕਤੀ ਗੁਰੂ ਘਰ ਵਿਚ ਅਰਦਾਸ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ‘ਸੱਚੇ ਪਾਤਸ਼ਾਹ! ਸਾਡੇ ਨਾਲ ਇੱਕ ਭੇਦ-ਭਾਵ ਹੋ ਰਿਹੈ ਮਹਾਰਾਜ। ਜਿਨ੍ਹਾਂ ਨੇ ਆਪ ਜੀ ਦੇ ਸਰੂਪ ਗਲੀਆਂ ਵਿੱਚ ਖਿਲਾਰੇ, ਉਨ੍ਹਾਂ ਨੂੰ ਆਪ ਜੀ ਨੇ ਰਾਜ ਗੱਦੀਆਂ ਬਖ਼ਸ਼ੀਆਂ। ਇਸ ਅਰਦਾਸ ਨਾਲ ਸਿੱਖ ਸੰਗਤ ਦੇ ਹਿਰਦਿਆਂ ਨੂੰ ਦੁੱਖ ਪਹੁੰਚਿਆ ਹੈ।

 

ਸਿਹਤ ਮੰਤਰਾਲੇ ਵੱਲੋਂ ਬਲੈਕ ਫੰਗਸ ਨੂੰ ਮਹਾਂਮਾਰੀ ਰੋਗ ਐਕਟ ਤਹਿਤ ਨੋਟੀਫਾਈ ਕਰਨ ਦੇ ਦਿੱਤੇ ਆਦੇਸ਼

0

ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਤੇ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਲੈਕ ਫੰਗਸ ਜਾਂ ਮਿਊਕਰਮਿਕੋਸਿਸ ਨੂੰ ਐਪੀਡੈਮਿਕ ਡਿਜ਼ੀਜ਼ਿਜ਼ ਐਕਟ 1897 ਤਹਿਤ ਆਉਂਦੇ ਰੋਗਾਂ ਦੀ ਸੂਚੀ ਵਿੱਚ ਸ਼ਾਮਲ ਕਰਨ। ਮੰਤਰਾਲੇ ਨੇ ਕਿਹਾ ਕਿ ਕਰੋਨਾ ਦੀ ਲਾਗ ਕਰਕੇ ਜਿੱਥੇ ਸਰੀਰ ਵਿੱਚ ਹੋਰ ਕਈ ਵਿਗਾੜ ਪੈਦਾ ਹੁੰਦੇ ਹਨ, ਉਥੇ ਇਸ ਕਰਕੇ ਮੌਤਾਂ ਵੀ ਹੋ ਰਹੀਆਂ ਹਨ। ਮੰਤਰਾਲੇ ਨੇ ਰਾਜਾਂ ਤੇ ਯੂਟੀਜ਼ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਫੰਗਲ ਲਾਗ, ਜਿਸ ਨੂੰ ਮਿਊਕਰਮਿਕੋਸਿਸ ਵੀ ਕਿਹਾ ਜਾਂਦਾ ਹੈ, ਦੇ ਰੂਪ ਵਿੱਚ ਨਵੀਂ ਚੁਣੌਤੀ ਦਰਪੇਸ਼ ਹੈ। ਇਸ ਲਾਗ ਕਰਕੇ ਕਈ ਰਾਜਾਂ ਵਿੱਚ ਕਰੋਨਾ ਮਰੀਜ਼ਾਂ, ਖਾਸ ਕਰ ਕੇ ਉਹ ਲੋਕ ਜੋ ਸਟਿਰੌਇਡ ਥੈਰੇਪੀ ’ਤੇ ਸਨ ਜਾਂ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਵਿੱਚ ਨਹੀਂ ਸੀ, ਦੀ ਮੌਤ ਹੋਣ ਦੀਆਂ ਰਿਪੋਰਟਾਂ ਹਨ।

ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਪੱਤਰ ਵਿੱਚ ਕਿਹਾ, ‘ਫੰਗਲ ਲਾਗ ਕਰਕੇ ਸਰੀਰ ’ਚ ਕਈ ਹੋਰ ਵਿਗਾੜ ਪੈਣ ਦੇ ਨਾਲ ਇਹ ਕੋਵਿਡ-19 ਮਰੀਜ਼ਾਂ ਦੀ ਮੌਤ ਦਾ ਕਾਰਨ ਵੀ ਹੈ। ਇਸ ਫੰਗਲ ਲਾਗ ਦੇ ਇਲਾਜ ਲਈ ਅੱਖਾਂ ਦੇ ਸਰਜਨ, ਈਐੱਨਟੀ ਮਾਹਿਰਾਂ, ਜਨਰਲ ਸਰਜਨ, ਦਿਮਾਗ ਦੇ ਸਰਜਨ ਤੇ ਦੰਦਾਂ ਦੇ ਡਾਕਟਰ ਤੱਕ ਸਾਂਝੀ ਪਹੁੰਚ ਦੀ ਲੋੜ ਹੈ। ਲਿਹਾਜ਼ਾ ਤੁਹਾਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਮਿਊਕਰਮਿਕੋਸਿਸ ਨੂੰ ਐਪੀਡੈਮਿਕ ਡਿਜ਼ੀਜ਼ਿਜ਼ ਐਕਟ 1897 ਅਧੀਨ ਆਉਂਦੇ ਰੋਗਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।’

ਬਲੈਕ ਫੰਗਸ ਨੂੰ ਇਸ ਐਕਟ ਤਹਿਤ ਨੋਟੀਫਾਈ ਕੀਤੇ ਜਾਣ ਮਗਰੋਂ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲ ਤੇ ਮੈਡੀਕਲ ਕਾਲਜ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਵੱਲੋਂ ਮਿਊਕਰਮਿਕੋਸਿਸ ਦੀ ਸਕਰੀਨਿੰਗ, ਡਾਇਗਨੋਜ਼ ਤੇ ਪ੍ਰਬੰਧਨ ਲਈ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਜ਼ਿਲ੍ਹਾ ਪੱਧਰ ਦੇ ਮੁੱਖ ਮੈਡੀਕਲ ਅਧਿਕਾਰੀ (ਸੀਐੱਮਓ) ਰਾਹੀਂ ਬਲੈਕ ਫੰਗਸ ਦੇ ਸ਼ੱਕੀ ਤੇ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਲਾਜ਼ਮੀ ਭੇਜਣਾ ਯਕੀਨੀ ਬਣਾਉਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਕੋਰੋਨਾ ਦੇ ਨਾਲ-ਨਾਲ ਬਲੈਕ ਫੰਗਸ ਵੀ ਦੇਸ਼ ਅੰਦਰ ਆਪਣੇ ਪੈਰ ਪਸਾਰ ਰਹੀ ਹੈ।

ਮੋਗਾ ‘ਚ ਮਿਗ -21 ਜਹਾਜ਼ ਹੋਇਆ ਕਰੈਸ਼ , ਪਾਇਲਟ ਦੀ ਮੌਤ

0

ਮੋਗਾ : ਕੱਲ੍ਹ ਰਾਤ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਇੱਕ ਜਹਾਜ਼ ਮਿਗ -21 ਬਾਈਸਨ ਹਾਦਸਾਗ੍ਰਸਤ ਹੋ ਗਿਆ।ਮਿਗ -21 ਰਾਜਸਥਾਨ ਦੇ ਸੂਰਤਗੜ੍ਹ ਤੋਂ ਰਵਾਨਾ ਹੋਇਆ ਸੀ। ਪਾਇਲਟ ਅਭਿਨਵ ਦੁਆਰਾ ਸਿਖਲਾਈ ਦੇ ਕਾਰਨ ਉਡਾਣ ਭਰੀ ਗਈ ਸੀ।ਜਿਸ ਦੌਰਾਨ ਇਹ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਅਭਿਨਵ ਦੀ ਮੌਤ ਹੋ ਗਈ ਹੈ। ਮੋਗਾ ਦੇ ਬਾਘਾਪੁਰਾਣਾ ਖੇਤਰ ਵਿੱਚ ਰਾਤ ਦੇ ਕਰੀਬ ਇੱਕ ਵਜੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਏਅਰਫੋਰਸ ਦੇ ਅਧਿਕਾਰੀ ਦੇਰ ਰਾਤ ਉੱਥੇ ਪਹੁੰਚੇ। ਹਵਾਈ ਫੌਜ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ।

ਭਾਰਤੀ ਹਵਾਈ ਸੈਨਾ ਦੇ ਆਈਏਐਫ ਅਧਿਕਾਰੀ ਨੇ ਕਿਹਾ ਹੈ ਕਿ ਪੱਛਮੀ ਸੈਕਟਰ ਵਿਚ ਆਈਏਐਫ ਦਾ ਬਾਈਸਨ ਜਹਾਜ਼ ਸ਼ਾਮਲ ਕਰਨ ਵਾਲੀ ਬੀਤੀ ਰਾਤ ਇਕ ਜਹਾਜ਼ ਹਾਦਸਾ ਹੋਇਆ ਸੀ।ਆਈਏਐਫ ਨੇ ਦੁਖਦਾਈ ਨੁਕਸਾਨ ‘ਤੇ ਦੁੱਖ ਜਤਾਇਆ ਅਤੇ ਦੁਖੀ ਪਰਿਵਾਰ ਨਾਲ ਦ੍ਰਿੜਤਾ ਨਾਲ ਖੜਾ ਹੈ।

ਆਈਏਐਫ ਅਧਿਕਾਰ ਮੁਤਾਬਕ ਇੱਕ ਭਾਰਤੀ ਹਵਾਈ ਸੈਨਾ ਦਾ ਮਿਗ -21 ਲੜਾਕੂ ਜਹਾਜ਼ ਦੇਰ ਰਾਤ ਪੰਜਾਬ ਦੇ ਮੋਗਾ ਨੇੜੇ ਕਰੈਸ਼ ਹੋ ਗਿਆ। ਜਹਾਜ਼ ਦੀ ਰੁਟੀਨ ਸਿਖਲਾਈ ਦੌਰਾਨ ਹਾਦਸਾ ਵਾਪਰਿਆ ਹੈ। ਪੱਛਮੀ ਸੈਕਟਰ ‘ਚ ਹੋਏ ਜਹਾਜ਼ ਦੇ ਹਾਦਸੇ ਦਾ ਪਤਾ ਲਗਾਉਣ ਲਈ ਅਦਾਲਤ ਨੂੰ ਹੁਕਮ ਦਿੱਤਾ ਗਿਆ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨ ਲਈ 6 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਦੀ ਕੀਤੀ ਗਈ ਸ਼ੁਰੂਆਤ

0

ਅਨੰਦਪੁਰ ਸਾਹਿਬ: (ਚੋਵੇਸ਼ ਲਟਾਵਾ)

ਪੰਜਾਬ ਦੇ ਵਿਧਾਨ ਸਭਾ ਸਪੀਕਰ ਅੱਜ ਅਨੰਦਪੁਰ ਸਾਹਿਬ ਪਹੁੰਚੇ ਅਤੇ ਸਤਲੁਜ ਦਰਿਆ ਕਿਨਾਰੇ ਵਸੇ ਦਰਜਨਾਂ ਪਿੰਡਾਂ ਨੂੰ ਹੜ੍ਹ ਤੋ ਬਚਾਉਣ ਲਈ 6 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਰਾਣਾ ਕੇ ਪੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਧੀਪੁਰ ਪਿੰਡ ਵਿੱਚ ਇਸਦਾ ਦੌਰਾ ਕਰਨ ਪਹੁੰਚੇ ਸਨ ।

ਸਤਲੁਜ ਦਰਿਆ ਦੇ ਕਿਨਾਰੇ ਬਸੇ ਦਰਜਨਾਂ ਪਿੰਡ ਹਰ ਸਾਲ ਬਰਸਾਤ ਦੇ ਮੌਸਮ ਵਿਚ ਹੜ੍ਹਾਂ ਦੀ ਮਾਰ ਝੇਲਦੇ ਹਨ ਤੇ ਹਰ ਸਾਲ ਕਿਨਾਰੇ ਬਸੇ ਦਰਜਨਾਂ ਪਿੰਡਾਂ ਦਾ ਕਾਫੀ ਮਾਲੀ ਨੁਕਸਾਨ ਹੁੰਦਾ ਹੈ।ਇਹਨਾ ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਸਪੀਕਰ ਨੇ ਸਤਲੁਜ ਦਰਿਆ ਨੂੰ ਚੈਨੇਲਾਈਜ ਕਰਨ ਲਈ ਚੀਫ ਇੰਜੀਨੀਅਰ ਤੇ ਮਾਈਨਿੰਗ ਅਧਿਕਾਰੀਆਂ ਨੂੰ ਨਾਲ ਲੈ ਕੇ ਦਰਿਆ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਣਾ ਕੇਪੀ ਨੇ ਦੱਸਿਆ ਕਿ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਲੋਧੀਪੁਰ ਪਿੰਡ ਵਿਚੋਂ ਲੰਘਦੇ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕੀਤਾ ਜਾ ਰਿਹਾ ਹੈ । ਚਾਲ਼ੀ ਲੱਖ ਰੁਪਈਆ ਖਾਲਸਾ ਸਕੂਲ ਦੇ ਨਾਲ ਤੋਂ ਲੰਘਦੀ ਚਰਨ ਗੰਗਾ ਖੱਡ ਵਿੱਚ ਲਗਾਇਆ ਜਾਵੇਗਾ , 70 ਲੱਖ ਰੁਪਿਆ ਹਰਸ਼ਾ ਬੇਲਾ ਪਿੰਡ ਨਾਲੋ ਲੰਘਦੇ ਸਤਲੁਜ ਦਰਿਆ ਵਿੱਚ ਲਗਾਇਆ ਜਾਵੇਗਾ। 50 ਲੱਖ ਰੁਪਏ ਪਿੰਡ ਬੁਰਜ ਨਾਲੋਂ ਲੰਘਦੇ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨ ਲਈ ਲਗਾਇਆ ਜਾਵੇਗਾ ਤੇ ਇਸ ਤੋਂ ਬਾਅਦ 210 ਕਰੋੜ ਰੁਪਏ ਨਾਲ ਸਵਾਂ ਨਦੀ ਨੂੰ ਚੈਨੇਲਾਈਜ਼ ਕੀਤਾ ਜਾਵੇਗਾ ।ਡਰੇਨੇਜ਼ ਵਿਭਾਗ ਦੇ ਚੀਫ ਇੰਜੀਨੀਅਰ ਨੇ ਦੱਸਿਆ ਕਿ ਇਹ ਕੰਮ ਜਲਦੀ ਮੁਕੰਮਲ ਕਰ ਲਏ ਜਾਣਗੇ । ਜੂਨ ਮਹੀਨੇ ਤੱਕ ਕੰਮ ਮੁਕੰਮਲ ਹੋ ਜਾਣਗੇ। ਪੂਰੇ ਪੰਜਾਬ ਦੇ ਵਿਚ 100 ਕਰੋੜ ਦੀ ਲਾਗਤ ਨਾਲ ਪਿੰਡਾਂ ਦੀ ਡ੍ਰੇਨੇਜ ਦੀ ਸਫ਼ਾਈ ਕੀਤੀ ਜਾਵੇਗੀ ।

ਪੀ.ਐੱਮ.ਮੋਦੀ ਵੱਲੋਂ ਤੂਫ਼ਾਨ ਨਾਲ ਪ੍ਰਭਾਵਿਤ ਹੋਏ ਗੁਜਰਾਤ ਲਈ 1 ਹਜ਼ਾਰ ਕਰੋੜ ਰੁਪਏ ਦੀ ਮੱਦਦ ਐਲਾਨੀ ਗਈ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਗੁਜਰਾਤ ਦਾ ਹਵਾਈ ਦੌਰਾ ਕੀਤਾ ਗਿਆ ਸੀ।ਜਿਸ ਦੌਰਾਨ ਉਨ੍ਹਾਂ ਵੱਲੋਂ ਚੱਕਰਵਾਤ ਨਾਲ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕੀਤਾ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ਤਾਊਤੇ ਤੋਂ ਪ੍ਰਭਾਵਿਤ ਗੁਜਰਾਤ ਦੇ ਇਲਾਕਿਆਂ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਤਾਊਤੇ ਤੋਂ ਪ੍ਰਭਾਵਿਤ ਤੂਫ਼ਾਨ ਕਾਰਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਅਤੇ ਅਧਿਕਾਰੀਆਂ ਨਾਲ ਬੈਠਕ ਕਰਕੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ।ਇਸਤੋਂ ਬਾਅਦ ਉਨ੍ਹਾਂ ਤੂਫ਼ਾਨ ਤੋਂ ਪ੍ਰਭਾਵਿਤ ਸੂਬੇ ਦੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਗੁਜਰਾਤ ਅਤੇ ਨਾਲ ਲਗਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਊ ਦੇ ਤੂਫ਼ਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਪ੍ਰਧਾਨ ਮੰਤਰੀ ਦੁਪਹਿਰ ਵੇਲੇ ਦਿੱਲੀ ਤੋਂ ਭਾਵਨਗਰ ਪਹੁੰਚੇ ਅਤੇ ਫਿਰ ਗੀਰ-ਸੋਮਨਾਥ, ਭਾਵਨਗਰ ਅਤੇ ਅਮਰੇਲੀ ਜ਼ਿਿਲ੍ਹਆਂ ਦੇ ਤੂਫ਼ਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹੈਲੀਕਾਪਟਰ ਰਾਹੀਂ ਜਾਇਜ਼ਾ ਲਿਆ। ਉਨ੍ਹਾਂ ਨਾਲ ਮੁੱਖ ਮੰਤਰੀ ਰੂਪਾਨੀ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਤੂਫ਼ਾਨ ਤੋਂ ਪ੍ਰਭਾਵਿਤ ਸਾਰੇ ਸੂਬਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਜਲ ਸੈਨਾ ਵੱਲੋਂ ਮੁੰਬਈ ’ਚ ਬੇੜੀਆਂ ’ਤੇ ਸਵਾਰ ਲੋਕਾਂ ਨੂੰ ਬਚਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਵੀ ਹਾਸਲ ਕੀਤੀ।

ਗੁਜਰਾਤ ਵਿੱਚ ਹੋਏ ਇਸ ਨੁਕਸਾਨ ਕਾਰਨ ਕਾਫ਼ੀ ਲੋਕਾਂ ਦੇ ਘਰ ਵੀ ਢਾਹ ਗਏ ਅਤੇ ਸੜਕਾਂ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ।ਬਿਜਲੀ ਦੇ ਖੰਭੇ ਵੀ ਉੱਖੜ ਗਏ।ਇਸ ਚੱਕਰਵਾਤ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ।ਇਸਤੋਂ ਇਲਾਵਾ ਕਿੰਨੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ।ਜਿਸ ਕਾਰਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਰਾਜਿੰਦਰਾ ਹਸਪਤਾਲ ਵਿੱਚ ਬੁਲਾਇਆ ਏਮਜ਼ ਹਸਪਤਾਲ ਬਠਿੰਡਾ ਦਾ ਮੇਲ ਨਰਸਿੰਗ ਸਟਾਫ਼ ਭੇਜਿਆ ਗਿਆ ਵਾਪਸ

0

 

 

ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਏਮਜ਼ ਹਸਪਤਾਲ ਨੇ ਆਪਣਾ ਸਟਾਫ਼ ਭੇਜਿਆ ਸੀ,ਤਾਂ ਜੋ ਮਰੀਜ਼ਾਂ ਦੇ ਇਲਾਜ਼ ਵਿੱਚ ਕੋਈ ਸਮੱਸਿਆ ਨਾ ਆਵੇ।ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪੰਜਾਬ ਦੇ ਕਈ ਜ਼ਿਿਲ੍ਹਆਂ ਸਮੇਤ ਹੋਰ ਰਾਜਾਂ ਤੋਂ ਵੀ ਮਰੀਜ਼ ਆ ਰਹੇ ਹਨ ਜਿਸ ਦੌਰਾਨ ਸਟਾਫ਼ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਦੇ ਕਹਿਣ ’ਤੇ ਏਮਜ਼ ਬਠਿੰਡਾ ਵੱਲੋਂ ਤਿੰਨ ਦਿਨ ਪਹਿਲਾਂ ਮੇਲ ਨਰਸਿੰਗ ਸਟਾਫ਼ ਦੇ ਪੰਜਾਹ ਮੈਂਬਰ ਭੇਜੇ ਗਏ ਸਨ।ਇਸ ਸਟਾਫ਼ ਨੂੰ ਇੱਥੇ ਫਿਜ਼ੀਕਲ ਕਾਲਜ ਵਿਚਲੇ ਹੋਸਟਲ ਵਿੱਚ ਠਹਿਰਾਇਆ ਗਿਆ।ਇਸ ਸਟਾਫ਼ ਦੁਆਰਾ ਖਾਣਾ ਚੰਗਾ ਨਾ ਹੋਣਾ ਤੇ ਖਾਣਾ ਸਮੇਂ ਸਿਰ ਨਾ ਮਿਲਣ ਦੇ ਦੋਸ਼ ਲਾਏ ਗਏ। ਸਟਾਫ਼ ਨੇ ਕਮਰਿਆਂ ’ਚ ਕੂਲਰ ਅਤੇ ਗੁਸਲਖ਼ਾਨਿਆਂ ਦੀ ਸਫ਼ਾਈ ਨਾ ਹੋਣ ਸਮੇਤ ਹੋਰ ਘਾਟਾਂ ਸਬੰਧੀ ਵੀ ਮੁੱਦਾ ਚੁੱਕਿਆ। ਇਸ ਸਟਾਫ਼ ਦੇ ਨੁਮਾਇੰਦਿਆਂ ਵਿਵੇਕ ਅਤੇ ਮੁਕੇਸ਼ ਸੈਣੀ ਸਮੇਤ ਕਈ ਹੋਰਾਂ ਨੇ ਦੋਸ਼ ਲਾਏ ਕਿ ਇਨ੍ਹਾਂ ਘਾਟਾਂ ਬਾਰੇ ਜਦੋਂ ਉਨ੍ਹਾਂ ਇੱਕ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤਾਂ ਅੱਗੋਂ ਉਸ ਦਾ ਗੱਲ ਕਰਨ ਦਾ ਰਵੱਈਆ ਠੀਕ ਨਹੀਂ ਸੀ ਜਿਸ ਕਾਰਨ ਉਨ੍ਹਾਂ ਭੁੱਖ ਹੜਤਾਲ ਕੀਤੀ।ਉਨ੍ਹਾਂ ਦਾ ਕਹਿਣਾ ਸੀ ਕਿ ਰਹਿਣ ਦਾ ਪ੍ਰਬੰਧ ਠੀਕ ਨਹੀਂ ਹੈ।

 

 

 

ਉੱਧਰ ਏਮਜ਼ ਬਠਿੰਡਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਇਹ ਸਟਾਫ਼ ਵਾਪਸ ਭੇਜਣ ਲਈ ਨਹੀਂ ਸੀ ਕਿਹਾ ਬਲਕਿ ਰਾਜਿੰਦਰਾ ਹਸਪਤਾਲ ਵੱਲੋਂ ਖ਼ੁਦ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਵਧੇਰੇ ਚਰਚਾ ਵਿੱਚ ਆਉਣ ’ਤੇ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੀ ਨੁਕਤਾਚੀਨੀ ਸ਼ੁਰੂ ਹੋ ਗਈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ‘ਆਪ’ ਆਗੂ ਹਰਮੀਤ ਪਠਾਣਮਾਜਰਾ, ਪ੍ਰੋੋ. ਸੁੁਮੇਰ ਸਿੰਘ ਅਤੇ ਇੰਦਰਜੀਤ ਸਿੰਘ ਸੰਧੂ ਸਮੇਤ ਕਈ ਹੋਰ ‘ਆਪ’ ਆਗੂਆਂ ਨੇ ਇਸ ਸਬੰਧੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ।ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੇ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਟਾਫ਼ ਉੱਚ ਪੱਧਰ ਦੀਆਂ ਕੁਝ ਅਜਿਹੀਆਂ ਸੁਵਿਧਾਵਾਂ ਦੀ ਮੰਗ ਕਰ ਰਹੇ ਸਨ,ਜੋ ਵਾਜਿਬ ਨਹੀਂ ਸਨ।ਉਨ੍ਹਾਂ ਨੇ ਦੱਸਿਆ ਕਿ ਸਟਾਫ਼ ਵੱਲੋਂ ਹੋਸਟਲ ਤੋਂ ਹਸਪਤਾਲ ਜਾਣ ਲਈ ਏ.ਸੀ.ਬੱਸ ਦੀ ਮੰਗ ਵੀ ਕੀਤੀ ਗਈ ਸੀ।

 

ਇਸ ਮਾਮਲੇ ’ਤੇ ਡਾਕਟਰੀ ਸਿੱਖਿਆ ਅਤੇ ਖੋਜਾਂ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਕੋਵਿਡ ਸੰਕਟ ਦੀ ਘੜੀ ਵਿੱਚ ਬਠਿੰਡਾ ਦੇ ਨਰਸਿੰਗ ਸਟਾਫ਼ ਨੂੰ ਜਿੱਥੇ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਸੀ।ਉੱਥੇ ਉਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਮਹੱਤਤਾ ਦਿੱਤੀ ਹੈ।ਅਜਿਹਾ ਕਰਕੇ ਉਨ੍ਹਾਂ ਨੇ ਆਪਣੇ ਕਿੱਤੇ ਨਾਲ ਵੀ ਧ੍ਰੋਹ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆਂ ਸੰਕਟ ਦੀ ਇਸ ਘੜੀ ਵਿੱਚ ਡਾਕਟਰਾਂ ਅਤੇ ਸਟਾਫ਼ ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਰਾਹੀਂ ਇਸ ਘਾਤਕ ਵਾਇਰਸ ਦਾ ਟਾਕਰਾ ਕਰ ਰਹੀ ਹੈ ਅਤੇ ਆਮ ਲੋਕ ਵੀ ਮਨੁੱਖਤਾ ਲਈ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ ਤਾਂ ਉਸ ਸਮੇਂ ਏਮਜ਼ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਭੇਜੇ ਗਏ ਨਰਸਿੰਗ ਸਟਾਫ਼ ਵੱਲੋਂ ਬਿਨਾਂ ਕਾਰਨ ਧਰਨਾ ਲਗਾ ਕੇ ਜ਼ਿੰਦਗੀ ਲਈ ਲੜ ਰਹੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਸ਼ ਨਰਸਿੰਗ ਸਟਾਫ਼ ਆਉਣ ਦੀ ਸੂਚਨਾ ਮਿਲਣ ’ਤੇ ਸੋਮਵਾਰ ਸ਼ਾਮ ਨੂੰ ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਫਿਜ਼ੀਕਲ ਕਾਲਜ ਦੇ ਹੋਸਟਲ ਵਿੱਚ ਕੀਤਾ ਸੀ ਜਿਸ ਦੌਰਾਨ ਸਾਰੇ ਲੋੜੀਂਦੇ ਪ੍ਰਬੰਧ ਹੋਸਟਲ ਵਾਰਡਨ ਵੱਲੋਂ ਐੱਸਡੀਐੱਮ, ਪਿ੍ੰਸੀਪਲ ਅਤੇ ਮੈਡੀਕਲ ਸੁਪਰਡੈਂਟ ਦੀ ਮੌਜੂਦਗੀ ’ਚ ਕਰਵਾਏ ਗਏ ਸਨ। ਉਨ੍ਹਾਂ ਹੋਸਟਲ ਮੈੱਸ ਵਿੱਚ ਵਧੀਆ ਖਾਣੇ ਦਾ ਪ੍ਰਬੰਧ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਲਈ ਲਿਜਾਇਆ ਗਿਆ ਤਾਂ ਸਟਾਫ਼ ਨੇ ਪੀਪੀਈ ਕਿੱਟ ਨਾ ਪਹਿਨਣੀ ਆਉਂਦੀ ਸਮੇਤ ਸੈਂਪਲ ਲੈਣ ਵਿੱਚ ਵੀ ਅਸਮਰਥੱਤਾ ਜ਼ਾਹਰ ਕਰਨ ਸਮੇਤ ਉੱਚ ਅਧਿਕਾਰੀਆਂ ਨਾਲ ਬਦਤਮੀਜ਼ੀ ਵੀ ਕੀਤੀ ਗਈ।ਇਸ ਲਈ ਇਸ ਸਟਾਫ਼ ਨੂੰ ਬਠਿੰਡਾ ਵਾਪਸ ਭੇਜ ਦਿੱਤਾ ਗਿਆ ਹੈ। ਸ੍ਰੀ ਸੋਨੀ ਨੇ ਸ਼ੰਕਾ ਜ਼ਾਹਰ ਕੀਤੀ ਕਿ ਸਟਾਫ਼ ਵੱਲੋਂ ਕਿਸੇ ਸਿਆਸੀ ਸਾਜਿਸ਼ ਦਾ ਹਿੱਸਾ ਬਣਦਿਆਂ ਹੀ ਅਜਿਹਾ ਕੀਤਾ ਜਾ ਰਿਹਾ ਹੈ।

ਡੀ.ਸੀ. ਵੱਲੋਂ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਪੁਲਿਸ ਟੀਮ ਨੂੰ ਕੀਤਾ ਗਿਆ ਤਾਇਨਾਤ

0

ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਉੱਥੇ ਹੀ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ ਵਿੱਚ ਵੀ ਵਾਧਾ ਹੋ ਰਿਹਾ ਹੈ।ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਦੀ ਕਾਲਾਬਜ਼ਾਰੀ ਰੋਕਣ ਲਈ ਆਕਸੀਜਨ ਸਿਲੰਡਰ ਭੰਡਾਰਾਂ ’ਤੇ ਪੁਲਿਸ ਦਾ ਪਹਿਰਾ ਬਿਠਾ ਦਿੱਤਾ ਗਿਆ ਹੈ।ਬਠਿੰਡਾ ਦੇ ਅੱਧੀ ਦਰਜਨ ਦੇ ਕਰੀਬ ਨਿੱਜੀ ਆਕਸੀਜਨ ਸਿਲੰਡਰ ਭਰਨ ਵਾਲੀਆਂ ਏਜੰਸੀਆਂ ’ਤੇ ਮਹਿਲਾ ਸਿਪਾਹੀ ਤਾਇਨਾਤ ਕੀਤੇ ਗਏ ਹਨ ਜੋ ਬਕਾਇਦਾ ਰਿਕਾਰਡ ਰੱਖ ਰਹੀਆਂ ਹਨ, ਕਿਸ ਹਸਪਤਾਲ ਨੂੰ ਕਿੰਨੀ ਸਪਲਾਈ ਜਾ ਰਹੀ ਹੈ। ਸ਼ਹਿਰ ਦੇ ਵੱਡੇ ਹਸਪਤਾਲ ਆਦੇਸ਼ ਇੰਸਟੀਚਿਊਟ ਅੰਦਰੋਂ ਵੀ ਬਾਹਰੀ ਹਸਪਤਾਲ ਅਤੇ ਬਾਹਰਲੇ ਜ਼ਿਿਲ੍ਹਆਂ ਨੂੰ ਆਕਸੀਜਨ ਟੈਂਕਰ ਸਪਲਾਈ ਲਈ ਪੁਲਿਸ ਦੀ ਸੁਰੱਖਿਆ ਵਿੱਚ ਹੀ ਭੇਜੇ ਜਾਂਦੇ ਹਨ।ਪੁਲਿਸ ਵੱਲੋਂ ਇਸ ਦਾ ਪੂਰਾ ਰਿਕਾਰਡ ਰੱਖਣ ਤੋਂ ਬਾਅਦ ਹੀ ਟੈਂਕਰ ਰਵਾਨਾ ਕੀਤੇ ਜਾਂਦੇ ਹਨ।
ਇਸ ਕਾਲਾਬਜ਼ਾਰੀ ਨੂੰ ਰੋਕਣ ਲਈ ਪੁਲਿਸ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ’ਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਸਥਾਪਿਤ ਕੀਤੇ ਗਏ ਲੈਵਲ 2 ਤੇ ਲੈਵਲ 3 ਦੀ ਸਮਰੱਥਾ ਵਾਲੇ ਬੈੱਡਾਂ ਦੀ ਸਥਿਤੀ ਤੋਂ ਇਲਾਵਾ ਰੋਜ਼ਾਨਾ ਕੀਤੀ ਜਾਣ ਵਾਲੀ ਕਰੋਨਾ ਟੈਸਟਿੰਗ, ਵੈਕਸੀਨੇਸ਼ਨ ਅਤੇ ਆਕਸੀਜਨ ਗੈਸ ਸਿੰਲਡਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਖ਼ਾਸ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰੀ ਇਲਾਕੇ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਪਿੰਡਾਂ ਵਿਚ ਕਰੋਨਾ ਦੇ ਵਧ ਰਹੇ ਕੇਸਾਂ ਤੇ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀਆਂ ਹੋ ਰਹੀਆ ਮੌਤਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾਵੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।ਕਿਉਂਕਿ ਅਜਿਹਾ ਕਰਨ ਨਾਲ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਪੀ.ਐੱਮ ਨਰਿੰਦਰ ਮੋਦੀ ਵੱਲੋਂ ਚੱਕਰਵਾਤ ਤੋਂ ਪ੍ਰਭਾਵਿਤ ਗੁਜਰਾਤ ਦਾ ਕੀਤਾ ਜਾਵੇਗਾ ਹਵਾਈ ਦੌਰਾ

0

ਮਹਾਂਰਾਸ਼ਟਰ ਤੋਂ ਬਾਅਦ ਭਿਆਨਕ ਚੱਕਰਵਾਤ ਨੇ ਗੁਜਰਾਤ ਵਿੱਚ ਵੀ ਤਬਾਹੀ ਮਚਾਈ ਹੋਈ ਹੈ।ਇੱਥੇ ਵੀ ਇਸ ਤੂਫ਼ਾਨ ਨੇ ਕਾਫ਼ੀ ਨੁਕਸਾਨ ਕਰ ਦਿੱਤਾ ਹੈ।ਕਈ ਲੋਕਾਂ ਦੀ ਜਾਨ ਚਲੀ ਗਈ ਹੈ।ਦੋਹਾਂ ਸੂਬਿਆਂ ਵਿੱਚ ਦਰੱਖਤਾਂ ਅਤੇ ਘਰਾਂ ਦੀਆਂ ਕੰਧਾਂ ਹੇਠ ਦੱਬ ਕੇ ਲੋਕਾਂ ਦੀ ਮੌਤ ਹੋ ਗਈ ਹੈ।ਗੁਜਰਾਤ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ।ਤਟੀ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ।ਇਸ ਖ਼ਤਰਨਾਕ ਤੂਫ਼ਾਨ ਨੇ ਬਿਜਲੀ ਦੇ ਖੰਭੇ ਉਖਾੜ ਦਿੱਤੇ ਹਨ।ਇਸ ਤੋਂ ਬਿਨਾ ਕਈ ਘਰਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।ਇਸ ਤਬਾਹੀ ਦਾ ਜ਼ਾਇਜਾ ਲੈਣ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ‘ਤੇ ਜਾਣਗੇ।

ਗੁਜਰਾਤ ਵਿੱਚ ਹੋਏ ਚੱਕਰਵਾਤ ਦੁਆਰਾ ਜਾਨੀ-ਮਾਲੀ ਨੁਕਸਾਨ ਦਾ ਜ਼ਾਇਜਾ ਲੈਣ ਮਗਰੋਂ,ਪੀ.ਐੱਮ.ਮੋਦੀ ਅਹਿਮਦਾਬਾਦ ਜਾ ਕੇ ਇੱਕ ਬੈਠਕ ਵਿੱਚ ਅਧਿਕਾਰੀਆਂ ਨਾਲ ਮਿਲਕੇ ਸਥਿਤੀ ਦੀ ਸਮੀਖਿਆ ਕਰਨਗੇ।ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦੱਸਿਆ ਕਿ ਇਸ ਚੱਕਰਵਾਤ ਨਾਲ 16 ਹਜ਼ਾਰ ਘਰਾਂ ਨੂੰ ਨੁਕਸਾਨ ਪੁੱਜਾ ਹੈ।ਜਦੋਂ ਕਿ 40 ਹਜ਼ਾਰ ਤੋਂ ਵੱਧ ਦਰੱਖਤ ਉਖੜ ਗਏ ਹਨ ਤੇ ਨਾਲ ਹੀ ਇੱਕ ਹਜ਼ਾਰ ਬਿਜਲੀ ਦੇ ਖੰਭੇ ਵੀ ਉਖੜ ਗਏ ਹਨ।ਇਸ ਨਾਲ 2,437 ਪਿੰਡਾਂ ਦੀ ਬਿਜਲੀ ਠੱਪ ਰਹੀ।ਇਸਦੇ ਨਾਲ ਹੀ 159 ਸੜਕਾਂ ਦਾ ਨੁਕਸਾਨ ਹੋਇਆ ਹੈ ਅਤੇ 196 ਰਾਹ ਬੰਦ ਹੋ ਗਏ।ਪਰ ਬਾਅਦ ਵਿੱਚ ਇਨ੍ਹਾਂ ਵਿੱਚੋਂ 45 ਰਾਹ ਫਿਰ ਤੋਂ ਖੋਲ੍ਹ ਦਿੱਤੇ ਗਏ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਮੇਂ ਉਨ੍ਹਾਂ ਨੂੰ ਸੂਬੇ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ਼ ਦੀ ਵੀ ਚਿੰਤਾ ਹੈ ਕਿ ਉਨ੍ਹਾਂ ਦੇ ਇਲਾਜ ਵਿੱਚ ਕੋਈ ਵਿਘਨ ਨਾ ਪਵੇ।ਦੱਸ ਦਈਏ ਕਿ ਇਸ ਤੂਫ਼ਾਨ ਨੇ ਗੁਜਰਾਤ ਦਾ ਜਾਨੀ ਤੇ ਮਾਲੀ ਕਾਫ਼ੀ ਨੁਕਸਾਨ ਕਰ ਦਿੱਤਾ ਹੈ।ਗੁਜਰਾਤ ਤੱਟ ਤੋਂ ਇਹ ਚੱਕਰਵਾਤ ਬਹੁਤ ਤੇਜ਼ ਰਫ਼ਤਾਰ ਨਾਲ ਲੰਘਿਆ।