Home Blog Page 2104

ਸ਼੍ਰੋਮਣੀ ਅਕਾਲੀ ਦਲ ਨੇ SGPC ਮੈਂਬਰ ਬਲਦੇਵ ਸਿੰਘ ਚੂੰਘਾਂ ਨੂੰ ਪਾਰਟੀ ਤੋਂ ਕੀਤਾ ਬਾਹਰ

0

ਸ਼੍ਰੋਮਣੀ ਅਕਾਲੀ ਦਲ ਨੇ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਫੈਸਲਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਵਲੋਂ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਨਾਲ ਮੀਟਿੰਗ ਕਰਨ ਤੋਂ ਬਾਅਦ ਲਿਆ ਗਿਆ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਅਤੇ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਵੱਲੋਂ ਵਿਧਾਨ ਸਭਾ ਚੋਣਾਂ ਦੇ ਬਾਅਦ ਲਗਾਤਾਰ ਪਾਰਟੀ ਅਤੇ ਪਾਰਟੀ ਦੇ ਪ੍ਰਧਾਨ ਦੇ ਵਿਰੋਧ ਵਿੱਚ ਬਿਆਨ ਦਿੱਤੇ ਜਾ ਰਹੇ ਹਨ, ਜਿਸਦੇ ਬਾਰੇ ਵਿੱਚ ਉਨ੍ਹਾਂ ਨੂੰ ਕਈ ਵਾਰ ਰੋਕਿਆ ਗਿਆ ਹੈ ਕਿ ਉਹ ਮੀਡਿਆ ਪਲੇਟਫਾਰਮ ਉੱਤੇ ਪਾਰਟੀ ਅਤੇ ਪਾਰਟੀ ਪ੍ਰਧਾਨ ਦੇ ਬਾਰੇ ਵਿੱਚ ਕੁੱਝ ਵੀ ਨਾ ਬੋਲਣ‌। ਲੇਕਿਨ ਪਿਛਲੇ ਕੁੱਝ ਸਮੇਂ ਤੋਂ ਉਹ ਲਗਾਤਾਰ ਸੋਸ਼ਲ ਮੀਡਿਆ ਉੱਤੇ ਅਤੇ ਮੀਡਿਆ ਵਿੱਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਰੇ ਵਿੱਚ ਮਾੜਾ ਬੋਲ ਰਹੇ ਹਨ।

ਉਪਰੰਤ ਬਾਅਦ ਅੱਜ ਪਾਰਟੀ ਹਾਈਕਮਾਨ ਦੇ ਆਦੇਸ਼ ਦੇ ਬਾਅਦ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੂੰ ਪਾਰਟੀ ਤੋਂ 6 ਸਾਲ ਲਈ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਨੇਤਾ ਪਾਰਟੀ ਅਤੇ ਪਾਰਟੀ ਪ੍ਰਧਾਨ ਦੇ ਖਿਲਾਫ ਗੱਲ ਕਰੇਗਾ ਤਾਂ ਇਹ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਉਸਨੂੰ ਤੁਰੰਤ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਬਣੇ ਭਾਰਤੀ ਫੌਜ ਦੇ ਨਵੇਂ ਚੀਫ਼

0

ਫੌਜ ਦੇ ਉਪ ਲੈਫਟੀਨੈਂਟ ਜਨਰਲ ਮਨੋਜ ਪਾਂਡੇ (Lieutenant General Manoj Pande ) ਨੂੰ ਭਾਰਤੀ ਫੌਜ (Indian Army Chief) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਕਿਉਂਕਿ ਮੌਜੂਦਾ ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਨੂੰ ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਲਈ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਹੈ। ਪਾਂਡੇ ਚੋਟੀ ਦੇ ਫੌਜੀ ਅਹੁਦੇ ‘ਤੇ ਰਹਿਣ ਵਾਲੇ ਪਹਿਲੇ ਇੰਜੀਨੀਅਰ ਹਨ।

ਐਮਐਮ ਨਰਵਾਣੇ ਇਸ ਮਹੀਨੇ ਦੇ ਅੰਤ ਤੱਕ ਸੇਵਾਮੁਕਤ ਹੋਣ ਵਾਲੇ ਹਨ। ਨਰਵਾਣੇ ਤੋਂ ਬਾਅਦ ਮਨੋਜ ਪਾਂਡੇ ਸਭ ਤੋਂ ਸੀਨੀਅਰ ਹਨ।ਲੈਫਟੀਨੈਂਟ ਜਨਰਲ ਪਾਂਡੇ ਨੂੰ ਦਸੰਬਰ 1982 ਵਿਚ ‘ਬੰਬੇ ਸੈਪਰਸ’ ਵਿਚ ਕਮਿਸ਼ਨ ਮਿਲਿਆ ਸੀ। ਉਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ‘ਚ ਹਿੱਸਾ ਲਿਆ। ਉਨ੍ਹਾਂ ਜੰਮੂ-ਕਸ਼ਮੀਰ ‘ਚ ਆਪ੍ਰੇਸ਼ਨ ਪਰਾਕ੍ਰਮ ਦੌਰਾਨ ਕੰਟਰੋਲ ਰੇਖਾ ਦੇ ਨਾਲ ਇਕ ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਸੰਭਾਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੱਛਮੀ ਲੱਦਾਖ ਦੇ ਉਚਾਈ ਵਾਲੇ ਖੇਤਰਾਂ ‘ਚ ਇਕ ਪਹਾੜੀ ਡਵੀਜ਼ਨ ਅਤੇ ਉੱਤਰ-ਪੂਰਬ ਵਿਚ ਇਕ ਕੋਰ ਦੀ ਵੀ ਕਮਾਂਡ ਸੰਭਾਲੀ।

 

 

 

 

CM ਭਗਵੰਤ ਮਾਨ ਨੇ ਸੰਗਰੂਰ ’ਚ ਵਾਪਰੇ ਸੜਕ ਹਾਦਸੇ ’ਤੇ ਕੀਤਾ ਦੁੱਖ ਪ੍ਰਗਟ, ਵਿੱਤੀ ਸਹਾਇਤਾ ਦਾ ਐਲਾਨ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਸੰਗਰੂਰ ਦੇ ਮਹਿਲਾਂ ਚੌਕ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ’ਚ ਇਕ ਵਿਦਿਆਰਥਣ ਦੀ ਮੌਤ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ। ਇਸ ਦੌਰਾਨ ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇ।

ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥਣ ਦੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪੀੜਤ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦੀ ਹਿੰਮਤ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ। ਉਨ੍ਹਾਂ ਨੇ ਸਿਵਲ ਹਸਪਤਾਲ ਸੰਗਰੂਰ ’ਚ ਇਲਾਜ ਅਧੀਨ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕੀਤੀ।

ED ਨੇ ਐਮਵੇ ਇੰਡੀਆ ਦੀ 757 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

0

ਐਨਫੋਰਸਮੈਂਟ ਡਾਇਰੈਕਟੋਰੇਟ ਅਨੁਸਾਰ ਮਲਟੀ-ਲੈਵਲ ਮਾਰਕੀਟਿੰਗ (ਐਮਐਲਐਮ) ਸਕੀਮ, ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਾਲੀ ਕੰਪਨੀ ਐਮਵੇ ਇੰਡੀਆ ਤੋਂ 757 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ਜ਼ਬਤ ਕੀਤਾ ਗਿਆ ਹੈ।

ED ਨੇ 411.83 ਕਰੋੜ ਰੁਪਏ ਦੀਆਂ ਅਚੱਲ ਅਤੇ ਚੱਲ ਜਾਇਦਾਦਾਂ ਦੇ ਨਾਲ-ਨਾਲ 36 ਵੱਖਰੇ ਐਮਵੇ ਖਾਤਿਆਂ ਤੋਂ 345.94 ਕਰੋੜ ਰੁਪਏ ਦੇ ਬੈਂਕ ਬੈਲੇਂਸ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ।

ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਮਵੇ ਇੰਡੀਆ ਇੰਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਦੀਆਂ ਅਸਥਾਈ ਤੌਰ ‘ਤੇ ਕੁਰਕ ਕੀਤੀਆਂ ਜਾਇਦਾਦਾਂ ਵਿੱਚ ਤਾਮਿਲਨਾਡੂ ਦੇ ਡਿੰਡੀਗੁਲ ਜ਼ਿਲ੍ਹੇ ਵਿੱਚ ਜ਼ਮੀਨ ਅਤੇ ਫੈਕਟਰੀ ਦੀ ਇਮਾਰਤ, ਪਲਾਂਟ ਅਤੇ ਮਸ਼ੀਨਰੀ, ਵਾਹਨ, ਬੈਂਕ ਖਾਤੇ ਅਤੇ ਫਿਕਸਡ ਡਿਪਾਜ਼ਿਟ ਸ਼ਾਮਲ ਹਨ।

ਏਜੰਸੀ ਦੇ ਅਨੁਸਾਰ ਮਨੀ-ਲਾਂਡਰਿੰਗ ਜਾਂਚ ਵਿੱਚ ਪਾਇਆ ਗਿਆ ਕਿ ਐਮਵੇ ਇੱਕ ਡਾਇਰੈਕਟ ਸੇਲਿੰਗ ਮਲਟੀ-ਲੈਵਲ ਮਾਰਕੀਟਿੰਗ ਨੈਟਵਰਕ ਦੇ ਤਹਿਤ ਇੱਕ ਪਿਰਾਮਿਡ ਸਕੀਮ ਚਲਾ ਰਿਹਾ ਹੈ। ਏਜੰਸੀ ਨੇ ਇਹ ਵੀ ਖੋਜ ਕੀਤੀ ਕਿ ਉਹਨਾਂ ਦੇ ਵਿਕਲਪਾਂ ਦੀ ਤੁਲਨਾ ਵਿੱਚ ਕੰਪਨੀ ਦੀਆਂ ਜ਼ਿਆਦਾਤਰ ਚੀਜ਼ਾਂ ਦੀ ਕੀਮਤ ਮਹਿੰਗੀ ਸੀ।

ਅਸਲ ਹਕੀਕਤਾਂ ਤੋਂ ਅਣਜਾਣ, ਆਮ ਲੋਕਾਂ ਨੂੰ ਫਰਮ ਦੇ ਮੈਂਬਰ ਬਣਨ ਅਤੇ ਵਾਧੂ ਕੀਮਤ ‘ਤੇ ਵਸਤੂਆਂ ਖਰੀਦਣ ਲਈ ਪ੍ਰੇਰਿਆ ਜਾਂਦਾ ਹੈ।

36 ਬੈਂਕ ਖਾਤਿਆਂ ਦੀ ਰਕਮ ਵੀ ਸ਼ਾਮਲ ਹੈ
757.77 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਰੋਕੂ ਕਾਨੂੰਨ (MLM) ਦੇ ਤਹਿਤ ਕੁਰਕ ਕੀਤੀ ਗਈ ਕੁੱਲ ਸੰਪਤੀਆਂ ਵਿੱਚੋਂ 411.83 ਕਰੋੜ ਰੁਪਏ ਦੀ ਅਚੱਲ ਅਤੇ ਚੱਲ ਸੰਪੱਤੀ ਹੈ, ਜਦਕਿ ਬਾਕੀ ਰਕਮ 345.94 ਕਰੋੜ ਰੁਪਏ ਐਮਵੇ ਦੇ 36 ਬੈਂਕ ਖਾਤਿਆਂ ਵਿੱਚ ਜਮ੍ਹਾਂ ਹੈ।

ਸੁਖਬੀਰ ਬਾਦਲ ਨੇ ਰਾਜੋਆਣਾ ਦੀ ਰਿਹਾਈ ਲਈ PM ਮੋਦੀ ਤੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ ਤੇ ਇਸ ਮਾਮਲੇ ਵਿੱਚ ਦਖਲ ਦੇਣ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਜਲਦੀ ਰਿਹਾਅ ਕਰਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸਿੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ। ਇਸ ਸਬੰਧੀ ਜਥੇਬੰਦੀਆਂ ਨੇ ਪੰਜਾਬ ਦੇ ਰਾਜਪਾਲ ਕੋਲ ਵੀ ਪਹੁੰਚ ਕੀਤੀ ਸੀ।

ਸੁਖਬੀਰ ਬਾਦਲ ਅਕਾਲੀ ਆਗੂ ਤੋਤਾ ਸਿੰਘ ਦੀ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ ਫ਼ੋਰਟਿਸ ਹਸਪਤਾਲ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਸਿਹਤ ਦਾ ਹਾਲ ਜਾਣਨ ਲਈ ਫ਼ੋਰਟਿਸ ਹਸਪਤਾਲ ਮੋਹਾਲੀ ਵਿਖੇ ਪਹੁੰਚੇ। ਉਨ੍ਹਾਂ ਨੇ ਆਪਣੇ ਫੇਸਬੁਕ ਪੇਜ਼ ਉਤੇ ਇਸ ਸਬੰਧੀ ਇਕ ਤਸਵੀਰ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।

ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਸਿਹਤ ਪਿਛਲੇ ਕਾਫੀ ਸਮੇਂ ਤੋਂ ਠੀਕ ਨਹੀਂ ਹੈ। ਉਨ੍ਹਾਂ ਨੂੰ ਫ਼ੋਰਟਿਸ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ। ਸੁਖਬੀਰ ਬਾਦਲ ਅੱਜ ਉਨ੍ਹਾਂ ਦੀ ਸਿਹਤ ਬਾਰੇ ਜਾਣਨ ਲਈ ਫ਼ੋਰਟਿਸ ਹਸਪਤਾਲ ਮੋਹਾਲੀ ਪਹੁੰਚੇ। ਇਸ ਸਬੰਧੀ ਉਨ੍ਹਾਂ ਨੇ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ- ਫ਼ੋਰਟਿਸ ਹਸਪਤਾਲ ਮੋਹਾਲੀ ਵਿਖੇ ਪਹੁੰਚ ਕੇ ਸੀਨੀਅਰ ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਜੀ ਦੀ ਸਿਹਤ ਦਾ ਹਾਲ ਜਾਣਿਆ। ਗੱਲਬਾਤ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਜੱਥੇਦਾਰ ਜੀ ਸਿਹਤਯਾਬ ਹੋ ਰਹੇ ਹਨ, ਅਤੇ ਉਨ੍ਹਾਂ ਨੇ ਖ਼ੁਦ ਵੀ ਕਿਹਾ ਕਿ ਉਹ ਪੂਰੀ ਚੜ੍ਹਦੀਕਲਾ ਵਿੱਚ ਹਨ।

 

ਸ਼੍ਰੀਲੰਕਾ ‘ਚ ਨਵੀਂ ਕੈਬਨਿਟ ਦੇ 17 ਮੰਤਰੀਆਂ ਨੇ ਚੁੱਕੀ ਸਹੁੰ

0

ਸ਼੍ਰੀਲੰਕਾ ਵਿਚ ਗੰਭੀਰ ਸਿਆਸੀ ਅਸਥਿਰਤਾ ਅਤੇ ਆਰਥਿਕ ਸੰਕਟ ਦੀ ਸਥਿਤੀ ਚੱਲ ਰਹੀ ਹੈ। ਅਜਿਹੀ ਸਥਿਤੀ ‘ਚ ਕਈ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਅੱਜ 17 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਰਾਸ਼ਟਰਪਤੀ ਦੇ ਮੀਡੀਆ ਵਿੰਗ ਵੱਲੋਂ ਜਾਰੀ ਬਿਆਨ ਅਨੁਸਾਰ ਨਵੇਂ ਸੰਸਦ ਮੈਂਬਰਾਂ ਵਿਚ ਕੰਚਨਾ ਵਿਜੇਸੇਕੇਰਾ ਨੂੰ ਊਰਜਾ, ਨਾਲਕਾ ਗੋਦਾਹੇਵਾ ਨੂੰ ਲੋਕ ਸੰਪਰਕ, ਚੰਨਾ ਜੈਸੁਮਨਾ ਨੂੰ ਸਿਹਤ, ਪ੍ਰਮਿਤਾ ਟੇਨਾਕੂਨ ਨੇ ਬੰਦਰਗਾਹ ਮੰਤਰੀ ਅਤੇ ਸ਼ਿਪਿੰਗ ਪ੍ਰਸੰਨਾ ਰਣਤੁੰਗਾ ਨੇ ਜਨਤਕ ਸੁਰੱਖਿਆ ਮੰਤਰੀ ਅਤੇ ਸੈਰ-ਸਪਾਟਾ ਮੰਤਰੀ ਵਜੋਂ ਸਹੁੰ ਚੁੱਕੀ। ਬਿਆਨ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿੱਚ ਵਿੱਤ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਅਲੀ ਸਾਬਰੀ ਇਸ ਮੰਤਰੀ ਅਹੁਦੇ ‘ਤੇ ਬਣੇ ਰਹਿਣਗੇ।

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਆਰਥਿਕ ਅਤੇ ਰਾਜਨੀਤਿਕ ਸੰਕਟ ਤੋਂ ਬਾਅਦ ਦੇਸ਼ ਵਿੱਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ 17 ਮੰਤਰੀਆਂ ਦੀ ਇੱਕ ਨਵੀਂ ਕੈਬਨਿਟ ਨਿਯੁਕਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ‘ਚ ਗੰਭੀਰ ਆਰਥਿਕ ਸੰਕਟ ਅਤੇ ਸਿਆਸੀ ਅਸਥਿਰਤਾ ਵਿਚਾਲੇ ਸਾਬਕਾ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਨਵੀਂ ਕੈਬਨਿਟ ਦੀ ਨਿਯੁਕਤੀ ਕੀਤੀ ਗਈ ਹੈ। ਮੌਜੂਦਾ ਸਰਕਾਰ ਤੋਂ ਸੱਤਾ ਛੱਡਣ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿਚ ਜਨਤਕ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਨੌਜਵਾਨ ਅਤੇ ਨਵੇਂ ਸੰਸਦ ਮੈਂਬਰਾਂ ਨੂੰ ਸਰਕਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।

ਇਨ੍ਹਾਂ ਸੂਬਿਆਂ ‘ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੀ ਸੰਭਾਵਨਾ: IMD

0

ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਦੌਰਾਨ ਜੰਮੂ-ਕਸ਼ਮੀਰ-ਲਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ‘ਚ ਤੂਫਾਨ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਦੂਜੇ ਪਾਸੇ 20-22 ਅਪ੍ਰੈਲ ਦੌਰਾਨ ਉੱਤਰਾਖੰਡ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਈਐਮਡੀ ਵੱਲੋਂ ਦੱਸਿਆ ਗਿਆ ਕਿ 19 ਅਤੇ 20 ਅਪ੍ਰੈਲ ਨੂੰ ਪੰਜਾਬ, ਹਰਿਆਣਾ-ਚੰਡੀਗੜ੍ਹ,ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ 25-35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ

ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਦੌਰਾਨ ਆਸਾਮ-ਮੇਘਾਲਿਆ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 19 ਅਪ੍ਰੈਲ ਨੂੰ ਆਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਉਪ-ਹਿਮਾਲਿਆ ਪੱਛਮੀ ਬੰਗਾਲ ਅਤੇ ਸਿੱਕਮ ਦੇ ਵੱਖ-ਵੱਖ ਸਥਾਨਾਂ ‘ਤੇ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ।

ਦਿੱਲੀ NCR ‘ਚ ਗਰਮੀ ਦਾ ਕਹਿਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤਿੰਨ ਦਿਨਾਂ ਤਕ ਰਾਹਤ ਦੀ ਕੋਈ ਉਮੀਦ ਨਹੀਂ ਹੈ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਕਾਰਨ ਤੇਜ਼ ਹਵਾਵਾਂ ਕਾਰਨ ਗਰਮੀ ਤੋਂ ਅੰਸ਼ਕ ਰਾਹਤ ਮਿਲ ਸਕਦੀ ਹੈ। ਹਾਲਾਂਕਿ ਇਸ ਹਫਤੇ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸੋਮਵਾਰ ਨੂੰ ਅਸਮਾਨ ਸਾਫ਼ ਰਹੇਗਾ। ਕੁਝ ਥਾਵਾਂ ‘ਤੇ ਗਰਮੀ ਦੀ ਸੰਭਾਵਨਾ ਹੈ। ਅਧਿਕਤਮ ਅਤੇ ਨਿਊਨਤਮ ਤਾਪਮਾਨ ਕ੍ਰਮਵਾਰ 42 ਤੋਂ 23 ਡਿਗਰੀ ਰਹਿ ਸਕਦਾ ਹੈ।

ਅਜਨਾਲਾ ‘ਚ ਹੋਇਆ ਜ਼ਬਰਦਸਤ ਧਮਾਕਾ, ਇੱਕ ਬੱਚੇ ਦੀ ਮੌਤ, ਦੋ ਜ਼ਖ਼ਮੀ

0

ਅਜਨਾਲਾ ਨਜ਼ਦੀਕ ਪਿੰਡ ‘ਚ ਬੀਤੀ ਰਾਤ ਪਟਾਕੇ ਬਣਾਉਣ ਲਈ ਲਿਆਂਦੀ ਪਟਾਸ ‘ਚ ਜ਼ਬਰਦਸਤ ਧਮਾਕਾ ਹੋਣ ਕਰਕੇ 14 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਬੱਚੇ ਗੰਭੀਰ ਜਖਮੀ ਹੋ ਗਏ। ਇਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਪੀ ਮਨੋਜ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਬੀਤੀ ਰਾਤ ਇਹ ਧਮਾਕਾ ਹੋਣ ਕਰਕੇ ਤਿੰਨ ਬੱਚੇ ਜ਼ਖਮੀ ਹੋ ਗਏ ਸਨ, ਜਿਨਾਂ ‘ਚੋਂ ਇੱਕ ਦੀ ਅੱਜ ਸਵੇਰੇ ਤੜਕੇ ਤਿੰਨ ਵਜੇ ਮੌਤ ਹੋ ਗਈ। ਪੁਲਿਸ ਮੁਤਾਬਕ ਪਿੰਡ ਦੇ ਨੌਜਵਾਨਾਂ ਨੇ ਬਟਾਲਾ ਤੋਂ ਪਟਾਸ ਲਿਆਂਦੀ ਸੀ ਜਿਸ ਦੇ ਪਟਾਖੇ ਪਿੰਡ ਵਿੱਚ ਹੋਣ ਵਾਲੇ ਟੂਰਨਾਮੈਂਟ ਤੋਂ ਬਾਅਦ ਇਸਤੇਮਾਲ ਕਰਨੇ ਸਨ ਕਿ ਇਸ ਵਿੱਚ ਬੀਤੀ ਰਾਤ ਧਮਾਕਾ ਹੋ ਗਿਆ।

ਪੰਜਾਬ ‘ਚ ਵਾਪਰਿਆ ਦਰਦਨਾਕ ਹਾਦਸਾ, ਭਾਖੜਾ ਨਹਿਰ ‘ਚ ਡੁੱਬੀ ਕਾਰ, ਬੱਚੇ ਸਮੇਤ 5 ਦੀ ਹੋਈ ਮੌਤ

0

ਪੰਜਾਬ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਘਨੌਲੀ ਨੇੜੇ ਅਹਿਮਦਪੁਰ ਪੁਲ ਤੋਂ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਜਾਣਕਾਰੀ ਅਨੁਸਾਰ ਓਵਰਟੇਕ ਕਰਦੇ ਸਮੇਂ ਕਾਰ ਨੂੰ ਨਿੱਜੀ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ।

ਬੱਸ ਨੇ ਕਾਰ ਨੂੰ ਇੰਨੀ ਤੇਜ਼ ਟੱਕਰ ਮਾਰੀ ਕਿ ਪੁਲ ਦੀ ਰੇਲਿੰਗ ਤੋੜ ਕੇ ਨਹਿਰ ਵਿੱਚ ਜਾ ਡਿੱਗੀ। 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦੋਂ ਕਿ 2 ਬੱਚਿਆਂ ਦੀ ਤਲਾਸ਼ ਜਾਰੀ ਹੈ। ਲਾਸ਼ਾਂ  ਵਿਚੋਂ 2 ਲਾਸ਼ਾਂ ਔਰਤਾਂ ਅਤੇ 2 ਲਾਸ਼ਾਂ ਪੁਰਸ਼ਾਂ ਤੇ ਇੱਕ ਬੱਚੇ ਦੀਆਂ ਹਨ। ਬਾਅਦ ਵਿੱਚ ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਹਾਈਡਰਾ ਮਸ਼ੀਨ ਨਾਲ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ।