ਲੁਧਿਆਣਾ ‘ਚ ਤਿੰਨ ਪੁਲਿਸ ਮੁਲਾਜ਼ਮਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 25 ਸਾਲਾਂ ਬਾਅਦ ਲੁਧਿਆਣਾ ਦੀ ਦਿਹਾਤੀ ਪੁਲਿਸ ਨੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਤਿੰਨ ਪੁਲਿਸ ਮੁਲਾਜ਼ਮਾਂ ‘ਤੇ ਇੱਕ ਸਟੇਨਗਨ ਅਤੇ 20 ਰੌਂਦ ਗਾਇਬ ਹੋਣ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚੋਂ ਦੋ ਪੁਲਿਸ ਮੁਲਾਜ਼ਮ ਸੇਵਾਮੁਕਤ ਹੋ ਚੁੱਕੇ ਹਨ, ਜਦੋਂ ਕਿ ਇੱਕ ਮੁਲਜ਼ਮ ਹਾਲੇ ਵੀ ਹੈੱਡ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ।

ਮੁਲਜ਼ਮਾਂ ਦੀ ਪਛਾਣ ਹੈੱਡ ਕਾਂਸਟੇਬਲ ਜਗਰੂਪ ਸਿੰਘ (ਹੁਣ ਸੇਵਾਮੁਕਤ), ਹੈੱਡ ਕਾਂਸਟੇਬਲ ਰਜਿੰਦਰ ਪਾਲ ਸਿੰਘ (ਹੁਣ ਸੇਵਾਮੁਕਤ) ਅਤੇ ਐਸਪੀਓ ਅਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਲੁਧਿਆਣਾ ਦਿਹਾਤੀ ਪੁਲਿਸ ਨੇ ਇਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪੁਲਿਸ ਮੁਲਾਜ਼ਮਾਂ ਨੇ ਸਟੇਨਗਨ ਅਤੇ ਗੋਲੀਆਂ ਖੋ ਜਾਣ ਵਿੱਚ ਲਾਪਰਵਾਹੀ ਵਰਤੀ ਪਰ ਹਥਿਆਰ ਖੋ ਜਾਣ ਦਾ ਉਨ੍ਹਾਂ ਦਾ ਕੋਈ ਹੋਰ ਇਰਾਦਾ ਨਹੀਂ ਸੀ।