ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ।

ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੰਥ ਵਿਚ ਮੁਆਫ਼ੀ ਦੀਆਂ ਲਗਾਤਾਰ ਚਾਰਾਜੋਈਆਂ ਕਰ ਰਹੇ ਸੁੱਚਾ ਸਿੰਘ ਲੰਗਾਹ ਨੇ ਸੰਗਤ ਵੱਲ ਮੂੰਹ ਕਰਕੇ ਆਪਣੇ ਵਲੋਂ ਹੋਏ ਬਜਰ ਗੁਨਾਹ ਦੀ ਗ਼ਲਤੀ ਮੰਨੀ ਹੈ। ਸ੍ਰੀ ਅਕਾਲ ਸਾਹਿਬ ਦੀ ਫਸੀਲ ’ਤੇ ਖੜ੍ਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਤੋਂ ਪੁੱਛਿਆ ਕਿ ਉਹ ਆਪਣੇ ਵਲੋਂ ਕੀਤੇ ਗਏ ਬਜਰ ਗੁਨਾਹ ਦੀ ਗ਼ਲਤੀ ਮੰਨਦੇ ਹਨ, ਜਿਸ ’ਤੇ ਲੰਗਾਹ ਨੇ ਆਪਣੀ ਗ਼ਲਤੀ ਮੰਨਦਿਆਂ ਸੰਗਤ ਵੱਲ ਮੂੰਹ ਕਰਕੇ ਪੰਜ ਵਾਰ ਮੁਆਫ਼ੀ ਮੰਗੀ।

ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਰਾਈ ਇਸਤਰੀ ਨਾਲ ਗਮਨ ਦੀ ਗੱਲ ਕਬੂਲੀ। ਉਨ੍ਹਾਂ ਨੂੰ 5 ਸਾਲ ਬਾਅਦ ਮੁਆਫੀ ਮਿਲ ਗਈ ਹੈ। ਸਿੰਘ ਸਾਹਿਬਾਨ ਨੇ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। 1 ਘੰਟਾ ਕੀਰਤਨ ਪਰਿਕਰਮਾ ‘ਚ ਕੀਰਤਨ ਸਰਵਣ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ ਕਰਨ ਆਦਿ ਸੇਵਾ ਲਗਾਈ ਹੈ। ਸੁੱਚਾ ਸਿੰਘ ਲੰਗਾਹ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਦੁਬਾਰਾ ਅੰਮ੍ਰਿਤਪਾਨ ਕੀਤਾ। ਸੁੱਚਾ ਸਿੰਘ ਲੰਗਾਹ 5 ਸਾਲ ਕਿਸੇ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਬਣ ਸਕਣਗੇ।

ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਦਿਨ ਢਾਡੀ ਜਥੇ ਦਾ ਸਤਿਕਾਰ ਕਰਦੇ ਹੋਏ ਹਰੇਕ ਢਾਡੀ ਜੱਥੇ ਨੂੰ 5100 ਰੁਪਏ ਭੇਟਾ ਦੇਣ ਅਤੇ ਲੰਗਰ ਤਿਆਰ ਕਰਕੇ ਛਕਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਲਗਾਈ। 5100 ਰੁਪਏ ਗੋਲਕ ਵਿਚ ਸੇਵਾ ਪਾਉਣ ਅਤੇ ਅਰਦਾਸ ਕਰਾਉਣ।

ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੀਨ ‘ਚੋਂ ਛਪਾਈ ਕਰਵਾਉਣ ਦੇ ਮਾਮਲੇ ‘ਚ ਰਾਜਵੰਤ ਸਿੰਘ, ਭਜਨੀਕ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ। ਅਮਰੀਕਾ ‘ਚ ਥਮਿੰਦਰ ਸਿੰਘ ਵੱਲੋਂ ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ ‘ਚ ਗੁਰਦਰਸ਼ਨ ਸਿੰਘ ਨੇ ਲਿਖਤੀ ਰੂਪ ‘ਚ ਮਾਫ਼ੀਨਾਮਾ ਭੇਜਿਆ। ਇਨ੍ਹਾਂ ਉੱਪਰ ਪਾਵਨ ਸਰੂਪਾਂ ਨੂੰ ਡੱਬਿਆਂ ‘ਚ ਪੈਕ ਕਰ ਕੇ ਪਾਰਸਲ ਕਰਾਉਣ ਦਾ ਦੋਸ਼ ਹੈ। ਪੰਜ ਸਿੰਘ ਸਾਹਿਬਾਨ ਨੇ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਤਨਖਾਹੀਆਂ ਕਰਾਰ ਦਿੱਤਾ ਹੈ।

LEAVE A REPLY

Please enter your comment!
Please enter your name here