ਸੋਸ਼ਲ ਮੀਡੀਆ ‘ਤੇ ਬੀਤੇ ਦਿਨੀ ਬੰਬੀਹਾ ਗਰੁੱਪ ਨਾਲ ਜੁੜਨ ਲਈ ਪੋਸਟ ਪਾਈ ਗਈ ਸੀ। ਜਿਸ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਕੱਟੜ ਫੈਨ ਵੱਲੋਂ ਵ੍ਹੱਟਸਐਪ ਇੰਸਟਾਗ੍ਰਾਮ ਦੇ ਜ਼ਰੀਏ ਬੰਬੀਹਾ ਗਰੁੱਪ ਨਾਲ ਜੁੜਨ ਲਈ ਪੋਸਟ ਪਾਈ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਥਾਣਾ ਭੀਖੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਾਨਸਾ ਦੇ ਐਸ.ਪੀ.(ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਥਾਣਾ ਭੀਖੀ ਪੁਲਿਸ ਵੱਲੋਂ ਸੁਖਜੀਤ ਸਿੰਘ ਨਾਮਕ ਨੌਜਵਾਨ ਦੇ ਖਿਲਾਫ ਮੁਕੱਦਮਾ ਨੰਬਰ 174 ਦਰਜ ਕੀਤਾ ਗਿਆ ਸੀ, ਜਿਸਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਅਤੇ ਉਸ ਵਿੱਚ ਆਪਣਾ ਮੋਬਾਇਲ ਨੰਬਰ ਦੇ ਕੇ ਨੌਜਵਾਨਾਂ ਨੂੰ ਬੰਬੀਹਾ ਗਰੁੱਪ ਨਾਲ ਜੁੜਨ ਲਈ ਕਿਹਾ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਸਾਈਬਰ ਸੈੱਲ ਦੀ ਮਦਦ ਨਾਲ ਭੀਖੀ ਪੁਲਿਸ ਵੱਲੋਂ ਸੁਖਜੀਤ ਸਿੰਘ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਪੋਸਟ ਪਾਉਣ ਲਈ ਵਰਤਿਆ ਗਿਆ ਐਪਲ ਆਈਫੋਨ 7 ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਸਿੱਧੂ ਮੂਸੇਵਾਲਾ ਦਾ ਕੱਟੜ ਫੈਨ ਸੀ ਅਤੇ ਇਸੇ ਕਰਕੇ ਇਸਨੇ ਅਜਿਹਾ ਕਦਮ ਚੁੱਕਿਆ ਹੈ।