ਚੰਡੀਗੜ੍ਹ, 4 ਜੂਨ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ‘ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਐਕਟ’, 1958 ਵਿੱਚ ਸੋਧ ਕਰਕੇ ਛੋਟੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇੰਸਪੈਕਟਰ ਰਾਜ ਤੋਂ ਦੁਕਾਨਦਾਰਾਂ ਨੂੰ ਅਜ਼ਾਦ ਕਰਨ ਲਈ ਇਹ ਸੋਧ ਕੀਤੀ ਗਈ ਹੈ। ਪਹਿਲਾਂ ਜੇ ਦੁਕਾਨਦਾਰ ਕਿਸੇ ਕਰਮਚਾਰੀ ਨੂੰ ਰੱਖਦੇ ਸਨ ਤਾਂ ਉਨ੍ਹਾਂ ਨੂੰ ਇੰਸਪੈਕਟਰ ਅੱਗੇ ਹਿਸਾਬ ਦੇਣਾ ਪੈਂਦਾ ਸੀ। ਹੁਣ ਜੇਕਰ ਦੁਕਾਨ ‘ਚ 20 ਜਾਂ 20 ਤੋਂ ਘੱਟ ਕਰਮਚਾਰੀ ਜਾਂ ਹੈਲਪਰ ਹੋਣ ਤਾਂ ਕੋਈ ਹਿਸਾਬ ਨਹੀਂ ਦੇਣਾ ਪਵੇਗਾ ਤੇ ਨਾ ਹੀ ਕੋਈ ਇੰਸਪੈਕਟਰ ਉਨ੍ਹਾਂ ਨੂੰ ਤੰਗ ਕਰੇਗਾ। ਇਸ ਫੈਸਲੇ ਨਾਲ ਲਗਭਗ 95 ਫੀਸਦੀ ਦੁਕਾਨਦਾਰਾਂ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਕਰਮਚਾਰੀਆਂ ਲਈ ਓਵਰਟਾਈਮ ਦੀ ਮਿਆਦ 50 ਘੰਟਿਆਂ ਤੋਂ ਵਧਾ ਕੇ 144 ਘੰਟੇ ਕਰ ਦਿੱਤੀ ਗਈ ਹੈ, ਜਿਸ ਨਾਲ ਆਮਦਨ ਵਿੱਚ ਵਾਧਾ ਹੋਵੇਗਾ। ਕੰਮ ਦਾ ਕੁੱਲ ਸਮਾਂ 12 ਘੰਟੇ ਹੋਵੇਗਾ।
ਉਨ੍ਹਾਂ ਕਿਹਾ ਕਿ 20 ਤੋਂ ਵੱਧ ਕਰਮਚਾਰੀਆਂ ਵਾਲੀਆਂ ਦੁਕਾਨਾਂ ਨੂੰ ਹੁਣ 24 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਜੇਕਰ ਅਰਜ਼ੀ ਦੌਰਾਨ ਕੋਈ ਗਲਤੀ ਹੋਵੇਗੀ ਤਾਂ ਉਸਨੂੰ ਠੀਕ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਇਸ ਨਾਲ ਅਦਾਲਤਾਂ ਵਿੱਚ ਜਾਣ ਵਾਲੇ ਮਾਮਲੇ ਘੱਟਣਗੇ।
ਮਾਨ ਨੇ ਕਿਹਾ, “ਹੁਣ ਕੋਈ ਇੰਸਪੈਕਟਰ ਰਾਜ ਨਹੀਂ, ਸਿਰਫ਼ ਤਰੱਕੀ ਹੋਵੇਗੀ”। ਉਨ੍ਹਾਂ ਦੱਸਿਆ ਕਿ ਸੋਧਿਆ ਗਿਆ ਐਕਟ ਵਿਧਾਨ ਸਭਾ ‘ਚ ਲਿਆ ਜਾਵੇਗਾ ਤੇ ਪਾਸ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ।