ਦੀਪ ਸਿੱਧੂ ਖਿਲਾਫ਼ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ 26 ਜਨਵਰੀ ਦੀ ਘਟਨਾ ਤੋਂ ਬਾਅਦ ਦਾਇਰ ਕੀਤੀ ਚਾਰਜਸ਼ੀਟ ਤੋਂ ਅਦਾਲਤ ਸੰਤੁਸ਼ਟ ਨਹੀਂ। ਲਗਾਤਾਰ ਚੱਲ ਰਹੀਆਂ ਅਦਾਲਤੀ ਕਾਰਵਾਈਆਂ ਦੌਰਾਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਲੋਂ ਦਿੱਲੀ ਪੁਲਿਸ ਨੂੰ ਹੁਕਮ ਦਿੱਤੇ ਹਨ ਕੇ ਦੀਪ ਸਿੱਧੂ ਵੱਲੋਂ ਦਿੱਤੇ 25 ਜਨਵਰੀ ਅਤੇ 26 ਜਨਵਰੀ ਦੌਰਾਨ ਭਾਸ਼ਣਾਂ ਨੂੰ ਕਾਗਜ਼ ਉੱਤੇ ਲਿਖ ਕੇ ਅਦਾਲਤ ਵਿੱਚ ਦਸਤਾਵੇਜ਼ ਪੇਸ਼ ਕੀਤੇ ਜਾਣ। ਪੁਲਿਸ ਵੱਲੋਂ ਪੇਸ਼ ਕੀਤੇ ਵੀਡੀਓ ਸਬੂਤ ਅਦਾਲਤ ਨੂੰ ਜਿਆਦਾ ਸੰਤੁਸ਼ਟ ਨਹੀਂ ਕਰ ਸਕੇ ਇਸ ਲਈ ਅਦਾਲਤ ਵੱਲੋਂ ਪੁਲਿਸ ਨੂੰ 12 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ। 12 ਅਪ੍ਰੈਲ ਤੋਂ ਬਾਅਦ ਦੀਪ ਸਿੱਧੂ ਦੀ ਜ਼ਮਾਨਤ ‘ਤੇ ਸੁਣਵਾਈ ਹੋਵੇਗੀ।

ਉਸ ਤੋਂ ਪਹਿਲਾਂ ਦੀਪ ਸਿੱਧੂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਉਹਨਾਂ ਦੀ ਆਵਾਜ਼ ਦੇ ਸੈਂਪਲ ਲਏ ਜਾਣਗੇ। ਦਿੱਲੀ ਪੁਲਿਸ ਵੱਲੋਂ 25 ਜਨਵਰੀ ਦੀ ਰਾਤ ਨੂੰ ਸਟੇਜ ਤੋਂ ਦੀਪ ਸਿੱਧੂ ਨੇ ਜੋ ਬਿਆਨ ਦਿੱਤਾ ਸੀ ਉਸ ਨੂੰ 26 ਜਨਵਰੀ ਦੀ ਘਟਨਾ ਲਈ ਅਧਾਰ ਬਣਾਇਆ ਗਿਆ ਸੀ। ਦੀਪ ਸਿੱਧੂ ਦੇ ਵਕੀਲਾਂ ਦਾ ਕਹਿਣਾ ਹੈ ਕੇ ਦੀਪ ਸਿੱਧੂ ਨੇ ਅਜਿਹਾ ਕੋਈ ਬਿਆਨ ਸਟੇਜ ਤੋਂ ਨਹੀਂ ਦਿੱਤਾ ਜਿਸ ਨਾਲ ਇਹ ਸਾਬਿਤ ਹੋਵੇ ਕੇ ਉਸਨੇ ਹੀ ਨੌਜਵਾਨਾਂ ਨੂੰ ਭੜਕਾਇਆ ਸੀ। ਇਸ ਮਾਮਲੇ ‘ਤੇ ਹੁਣ ਅਦਾਲਤ ਵਿੱਚ ਸੈਂਪਲ ਭਰਨ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ। ਅਤੇ ਓਸੇ ‘ਤੇ ਹੀ ਸਭ ਦੀ ਨਜ਼ਰਾਂ ਟੀਕਿਆਂ ਹੋਈਆਂ ਹਨ।

ਦੀਪ ਸਿੱਧੂ ਦੇ ਵਕੀਲਾਂ ਵੱਲੋਂ ਇਹ ਵੀ ਤੱਥ ਰੱਖੇ ਗਏ ਹਨ ਕਿ ਲਾਲ ਕਿਲਾ ਵੱਲ ਜਾਣ ਲਈ ਉਹਨਾਂ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਬਿਆਨ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਸਨ। ਦੀਪ ਸਿੱਧੂ ਦਾ ਕਹਿਣਾ ਹੈ ਕੇ ਉਹਨਾਂ ਵੱਲੋਂ ਸਿਰਫ਼ ਇੱਕ ਵੀਡੀਓ ਪੋਸਟ ਕੀਤੀ ਗਿਆ ਸੀ ਅਤੇ ਵੀਡੀਓ ਪਾਉਣੀ ਕੋਈ ਕਾਨੂੰਨੀ ਜੁਰਮ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਦੀਪ ਸਿੱਧੂ ਮਾਮਲੇ ‘ਤੇ 12 ਅਪ੍ਰੈਲ ਨੂੰ ਕੀ ਫੈਸਲਾ ਸੁਣਾਉਂਦੀ ਹੈ। ਨੌਜਵਾਨਾਂ ਵਿੱਚ ਦੀਪ ਸਿੱਧੂ ਆਪਣਾ ਇੱਕ ਵੱਡਾ ਅਧਾਰ ਬਣਾ ਚੁੱਕੇ ਹਨ। ਨੌਜਵਾਨ ਉਹਨਾਂ ਨੂੰ ਆਪਣਾ ਆਦਰਸ਼ ਵੀ ਮੰਨਦੇ ਹਨ ਇਸ ਲਈ ਉਮੀਦ ਜਤਾਈ ਜਾ ਰਹੀ ਹੈ ਕੇ ਜਲਦ ਉਹਨਾਂ ਨੂੰ ਜ਼ਮਾਨਤ ਮਿਲੇਗੀ ਅਤੇ ਦੁਬਾਰਾ ਤੋਂ ਉਹ ਮੋਰਚੇ ਵਿੱਚ ਡਟਣਗੇ।

LEAVE A REPLY

Please enter your comment!
Please enter your name here