ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਯੂਨੀਵਰਸਿਟੀ ਵਿਚ ਇਕ ਸੀਨੀਅਰ ਅਧਿਕਾਰੀ ਦੇ ਗੁਪਤ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰਟੀਆਈ ਵਿਚ ਹੋਈ ਖੁਲਾਸੇ ਤੋਂ ਬਾਅਦ ਸਬੰਧਤ ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਨੇ ਵਾਇਸ ਚਾਂਸਲਰ ਨੂੰ ਸ਼ਿਕਾਇਤ ਭੇਜ ਕੇ ਉਚ-ਪੱਧਰੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਾਬਕਾ ਭਾਰਤੀ ਸੂਚਨਾ ਸੇਵਾ (ਆਈ.ਆਈ.ਐਸ) ਅਧਿਕਾਰੀ ਡਾ. ਖੋਖਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੂੰ ਭੇਜੀ ਗਈ ਇੱਕ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਵਾਈਸ-ਚਾਂਸਲਰ ਦਫਤਰ ਵਿਚ ਕਿਸੇ ਵਲੋਂ ਸਾਜਿਸ਼ ਤਹਿਤ ਉਨ੍ਹਾਂ ਦੀ ਗੁਪਤ ਨਿੱਜੀ ਫਾਇਲ ਨਾਲ ਛੇੜਛਾੜ ਅਤੇ ਹੇਰਾ-ਫੇਰੀ ਕੀਤੀ ਗਈ ਹੈ। ਡਾ. ਖੋਖਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਧਾਰ ’ਤੇ ਅਕਤੂਬਰ 2010 ਵਿਚ ਵਾਇਸ ਚਾਂਸਲਰ ਵਲੋਂ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਅਤੇ ਹੇਰਾ-ਫੇਰੀ ਰੋਕਣ ਲਈ ਸਮੂਹ ਕਰਮਚਾਰੀਆਂ ਨੂੰ ਫਾਈਲਾਂ ’ਤੇ ਪੂਰੇ ਹਸਤਾਖ਼ਰ ਅਤੇ ਅਹੁਦਾ ਸਪੱਸ਼ਟ ਲਿਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਆਰ.ਟੀ.ਆਈ. ਤਹਿਤ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਸੂਚਨਾ ਵਿਚ ਸਾਹਮਣੇ ਆਇਆ ਹੈ ਕਿ ਉਸਦੀ ਨਿੱਜੀ ਫਾਇਲ ਜ਼ੋ ਕਿ ਇੱਕ ਮਹੱਤਵਪੂਰਨ ਗੁਪਤ ਦਫ਼ਤਰੀ ਰਿਕਾਰਡ ਹੈ, ਦੇ ਪੰਨਾ ਨੰ. 187/ ਐਨ ’ਤੇ ਵਾਈਸ-ਚਾਂਸਲਰ ਦਫਤਰ ਦੇ ਹੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਲਿਖਿਆ ਗਿਆ ਹੈ ਕਿ “ਵੀ ਸੀ ਸਾਹਿਬ ਨੇ ਆਦੇਸ਼ ਦਿੱਤੇ ਹਨ ਕਿ ਰਜਿਸਟਰਾਰ ਸਾਹਿਬ ਉਨ੍ਹਾਂ ਨਾਲ ਗੱਲ ਕਰ ਲੈਣ।”

ਡਾ. ਖੋਖਰ ਦਾ ਦੋਸ਼ ਹੈ ਕਿ ਗੁਪਤ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਕੇ ਹੇਰਾ-ਫੇਰੀ ਅਤੇ ਧੋਖਾਧੜੀ ਕਰਨ ਦਾ ਅਪਰਾਧਿਕ ਮਾਮਲਾ ਹੈ। ਕਿਉਂਕਿ ਇਸ ਨੋਟਿਗ ਨੂੰ ਲਿਖਣ ਵਾਲੇ ਵਾਈਸ-ਚਾਂਸਲਰ ਦਫਤਰ ਦੇ ਅਧਿਕਾਰੀ ਜਾਂ ਕਰਮਚਾਰੀ ਵਲੋਂ ਗਿਣੀ-ਮਿਥੀ ਸਾਜ਼ਿਸ ਤਹਿਤ ਆਪਣੇ ਪੂਰੇ ਹਸਤਾਖ਼ਰ, ਅਹੁੱਦਾ ਅਤੇ ਮਿਤੀ ਜਾਣਬੁੱਝ ਕੇ ਨਿੱਜੀ ਫਾਇਲ ’ਤੇ ਨਹੀਂ ਲਿਖੀ ਗਈ। ਇਸ ਨੋਟਿੰਗ ਉਪਰੰਤ ਰਜਿਸ਼ਟਰਾਰ ਦੀ ਵਾਈਸ-ਚਾਂਸਲਰ ਨਾਲ ਕੀਤੀ ਗਈ ਗੱਲ ਦਾ ਵੇਰਵਾ ਵੀ ਦਫ਼ਤਰੀ ਰਿਕਾਰਡ ਵਿਚ ਉਪਲਬੱਧ ਨਹੀਂ ਹੈ। ਡਾ. ਖੋਖਰ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਮੰਗ ਕੀਤੀ ਹੈ ਕਿ ਮਹੱਤਵਪੂਰਨ ਅਤੇ ਗੁਪਤ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਮਾਮਲੇ ਦੀ ਉਚ-ਪੱਧਰੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here