ਤ੍ਰਿਪੁਰਾ ਪੁਲਿਸ ਨੇ ਅੱਜ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਆਗੂ ਅਤੇ ਟਾਲੀਵੁੱਡ ਅਦਾਕਾਰਾ ਸਯਾਨੀ ਘੋਸ਼ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸਯਾਨੀ ਘੋਸ਼ ‘ਤੇ ਸ਼ਨੀਵਾਰ ਰਾਤ ਨੂੰ ਇੱਕ ਗਲੀ ਮੀਟਿੰਗ ਦੌਰਾਨ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਧਮਕੀ ਦੇਣ ਦਾ ਦੋਸ਼ ਹੈ। ਤ੍ਰਿਣਮੂਲ ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਯੂਥ ਵਿੰਗ ਦੇ ਸਕੱਤਰ ਸਯਾਨੀ ਘੋਸ਼ ਨੂੰ ਟੀਐਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਦੌਰੇ ਤੋਂ 24 ਘੰਟੇ ਪਹਿਲਾਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।

ਪੁਲਿਸ ਅਧਿਕਾਰੀ ਰਮੇਸ਼ ਯਾਦਵ ਨੇ ਦੱਸਿਆ ਕਿ ਸਯਾਨੀ ਘੋਸ਼ ਨੂੰ ਮੁੱਖ ਮੰਤਰੀ ਵਿਰੁੱਧ ਕੀਤੀ ਗਈ ਟਿੱਪਣੀ ਲਈ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), ਧਾਰਾ 153ਏ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਘੋਸ਼ ਅਤੇ ਉਨ੍ਹਾਂ ਦੇ ਨਾਲ ਆਏ ਕੁੱਝ ਵਿਅਕਤੀਆਂ ਨੇ ਮੁੱਖ ਮੰਤਰੀ ਦੀ ਬੈਠਕ ਦੌਰਾਨ ਪਥਰਾਅ ਕੀਤਾ। ਭਾਜਪਾ ਦੇ ਇੱਕ ਵਰਕਰ ਨੇ ਘੋਸ਼ ‘ਤੇ ਸ਼ਨੀਵਾਰ ਰਾਤ ਨੂੰ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੀ ਗਲੀ ਵਿੱਚ ਹੋਈ ਮੀਟਿੰਗ ਵਿੱਚ ਵਿਘਨ ਪਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਘੋਸ਼ ਨੇ ਮੀਟਿੰਗ ਵਾਲੀ ਥਾਂ ‘ਤੇ ਪਹੁੰਚ ਕੇ ‘ਖੇਲਾ ਹੋਵੇ’ ਦੇ ਨਾਅਰੇ ਲਾਏ।

ਦੂਜੇ ਪਾਸੇ ਤ੍ਰਿਣਮੂਲ ਆਗੂਆਂ ਨੇ ਦੋਸ਼ ਲਾਇਆ ਕਿ ਪੂਰਬੀ ਅਗਰਤਲਾ ਮਹਿਲਾ ਥਾਣੇ ਦੇ ਬਾਹਰ ਭਾਜਪਾ ਸਮਰਥਕਾਂ ਵੱਲੋਂ ਉਨ੍ਹਾਂ ਦੇ ਵਰਕਰਾਂ ਦੀ ਕੁੱਟਮਾਰ ਕੀਤੀ ਗਈ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਬੈਨਰਜੀ ਨੇ ਐਤਵਾਰ ਸਵੇਰੇ ਹੋਏ ਕਥਿਤ ਹਮਲੇ ਦਾ ਵੀਡੀਓ ਟਵਿੱਟਰ ‘ਤੇ ਸਾਂਝਾ ਕੀਤਾ ਅਤੇ ਮੁੱਖ ਮੰਤਰੀ ਬਿਪਲਬ ਦੇਬ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਸਮਰਥਕਾਂ ਅਤੇ ਮਹਿਲਾ ਉਮੀਦਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬਜਾਏ ਉਹ ਲਗਾਤਾਰ ਗੁੰਡਿਆਂ ਨੂੰ ਹਮਲੇ ਲਈ ਭੇਜ ਰਹੇ ਹਨ।

 

LEAVE A REPLY

Please enter your comment!
Please enter your name here