ਖੇਡਾਂ ਦੇ ਰਾਹੀਂ ਵਿਸ਼ਵ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ (ਪੈਰਾ ਅਥਲੀਟਜ਼) ਸਰਕਾਰੀ ਨੌਕਰੀਆਂ ਲਈ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਪੁੱਤਾਂ ਨਾਲੋਂ ਵੱਧ ਯੋਗ ਅਤੇ ਕਾਬਲ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ, ਜੋ ਅੱਜ ਸਰਕਾਰੀ ਅਣਦੇਖੀ ਦੇ ਸ਼ਿਕਾਰ ਵਿਸ਼ੇਸ਼ ਲੋੜਾਂ ਵਾਲੇ (ਪੈਰਾ ਅਥਲੀਟਜ਼) ਖਿਡਾਰੀਆਂ ਨਾਲ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਅਤੇ ਆਪਣੇ ਐਵਾਰਡ ਵਾਪਸ ਕਰਨ ਲਈ ਚੰਡੀਗੜ੍ਹ ਪਹੁੰਚੇ ਸਨ।

ਇਸ ਸਮੇਂ ਮੀਤ ਹੇਅਰ ਨੇ ਦੋਸ਼ ਲਾਇਆ ਕਿ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੇ ਖ਼ਿਡਾਰੀਆਂ ਦੀ ਕੋਈ ਸਾਰ ਨਹੀਂ ਲੈ ਰਹੀ, ਸਗੋਂ ਤਰਸ ਦੇ ਨਾਂਅ ‘ਤੇ ਧਨਾੜ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਖਿਡਾਰੀਆਂ ਲਈ ਐਲਾਨ ਤਾਂ ਬਹੁਤ ਕੀਤੇ ਸਨ, ਪਰ ਸੂਬਾ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਦੇਸ਼ ਲਈ ਖੇਡਾਂ ਖੇਡਣ ਵਾਲੇ ਅਤੇ ਤਮਗੇ ਜਿੱਤਣ ਵਾਲੇ ਖਿਡਾਰੀ ਅੱਜ ਗਰੀਬੀ ਵਿੱਚ ਜੀਵਨ ਗੁਜਾਰ ਰਹੇ ਹਨ। ਇਸ ਸਰਕਾਰ ਨੇ ਆਪਣੇ ਰਾਜਕਾਲ ਦੌਰਾਨ ਅਨੇਕਾਂ ਖਿਡਾਰੀਆਂ ਨੂੰ ਵੱਖ ਵੱਖ ਐਵਾਰਡਾਂ ਦੇ ਨਾਂਅ ‘ਤੇ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਵਾਹ ਵਾਹ ਤਾਂ ਜ਼ਰੂਰ ਖੱਟੀ, ਪਰ ਮਾਣ ਸਨਮਾਨ ਦੀ ਰਕਮ ਅਤੇ ਬਣਦੀ ਨੌਕਰੀ ਦੇਣ ਤੋਂ ਕਿਨਾਰਾ ਕਰ ਲਿਆ ਹੈ।

ਮੀਤ ਹੇਅਰ ਨੇ ਸਵਾਲ ਕੀਤਾ ਕਿ ਐਵਾਰਡਾਂ ਨਾਲ ਕੀ ਢਿੱਡ ਭਰ ਜਾਵੇਗਾ? ਸਰਕਾਰ ਖ਼ਿਡਾਰੀਆਂ ਨੂੰ ਨੌਕਰੀਆਂ ਕਿਉਂ ਨਹੀਂ ਦਿੰਦੀ? ਸਗੋਂ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ‘ਤੇ ਪੁਲਿਸ ਆਪਣੇ ਹੱਕ ਮੰਗ ਰਹੇ ਖਿਡਾਰੀਆਂ ‘ਤੇ ਜ਼ੁਲ਼ਮ ਢਾਹ ਰਹੀ ਹੈ, ਜਿਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨਾਂ ਸੂਬਾ ਸਰਕਾਰ ਨੂੰ ਉਲੰਪਿਕ ਮੈਡਲਾਂ ਦੀ ਝਾਕ ਰੱਖਣ ਤੋਂ ਪਹਿਲਾਂ ਖਿਡਾਰੀਆਂ ਲਈ ਨੌਕਰੀਆਂ ਅਤੇ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ।

ਇਸ ਸਮੇਂ ਪਾਵਰ ਲਿਫਟਿੰਗ ਖਿਡਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਪੈਰਾ ਅਥਲੀਟਜ਼ ਨੇ ਸਰਕਾਰ ਨੂੰ ਨੌਕਰੀਆਂ ਦਾ ਵਾਅਦਾ ਯਾਦ ਕਰਾਉਣ ਲਈ ਪਿਛਲੇ ਸਾਲ ਵੀ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਸਮੇਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਧੂ ਨੇ ਜਲਦੀ ਹੀ ਨੌਕਰੀਆਂ ਦੇਣ ਅਤੇ ਐਵਾਰਡਾਂ ਦੀ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਸੀ। ਉਨਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਅੱਜ ਤੱਕ ਪੈਰਾ ਖਿਡਾਰੀਆਂ ਨੂੰ ਨਾ ਤਾਂ ਐਵਾਰਡਾਂ ਦੀ ਰਾਸ਼ੀ ਦਿੱਤੀ ਹੈ ਅਤੇ ਨਾ ਹੀ ਸਰਕਾਰੀ ਨੌਕਰੀਆਂ। ਇਸੇ ਲਈ ਸਭ ਪੈਰਾ ਖਿਡਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਹੱਕ ਮੰਗਣ ਆਏ ਹਨ।

ਇਸ ਮੌਕੇ ਗੋਵਿੰਦਰ ਮਿੱਤਲ ਜਿਲ੍ਹਾ ਇੰਚਾਰਜ ਮੋਹਾਲੀ, ਹਰਮਿੰਦਰ ਸਿੰਘ ਡਾਹੇ ਜਿਲ੍ਹਾ ਪ੍ਰਧਾਨ ਰੋਪੜ, ਪ੍ਰਭਜੋਤ ਕੌਰ, ਅਨੂ ਬੱਬਰ, ਸੰਨੀ ਸਿੰਘ ਆਹਲੂਵਾਲੀਆ, ਕਸਮੀਰ ਕੌਰ, ਸ਼ਵੇਤਾ ਪੁਰੀ, ਸਵਰਨਜੀਤ ਕੌਰ ਬਲਟਾਣਾ, ਅਮਰਦੀਪ ਕੌਰ, ਪਰਮਿੰਦਰ ਗੋਲਡੀ, ਕਰਮਜੀਤ ਸਿੰਘ ਚੂਹਾਨ, ਰਮੇਸ ਸ਼ਰਮਾ, ਪ੍ਰਿੰਸ ਧਾਲੀਵਾਲ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here