ਚੰਡੀਗੜ੍ਹ :ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਘੱਟ ਨਹੀਂ ਹੋ ਰਿਹਾ। ਹੁਣ ਤੱਕ ਇਸ ਕੋਰੋਨਾ ਵਾਇਰਸ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸੇ ਵਾਇਰਸ ਕਾਰਨ ਫਲਾਇੰਗ ਸਿੱਖ ਵੀ ਪੀੜ੍ਹਤ ਹੋ ਗਏ ਸਨ। ਜਿਸ ਕਾਰਨ ਪੀ.ਜੀ.ਆਈ. ਵਿੱਚ ਦਾਖਲ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ (91) ਦੀ ਸ਼ੁੱਕਰਵਾਰ ਰਾਤ 11.24 ਵਜੇ ਮੌਤ ਹੋ ਗਈ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਵੀ ਆ ਗਈ ਸੀ ਪਰ ਬਾਵਜੂਦ ਇਸਦੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।
ਇਸ ਲਈ ਉਨ੍ਹਾਂ ਨੂੰ ਪੀ.ਜੀ.ਆਈ. ਦੇ ਕਾਰਡਿਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ। ਮਿਲਖਾ ਸਿੰਘ ਦੀ 17 ਮਈ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਤ ਖ਼ਰਾਬ ਹੋਣ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ 31 ਮਈ ਨੂੰ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ ਸੀ।
ਡਿਸਚਾਰਜ ਹੋਣ ਤੋਂ ਬਾਅਦ ਉਹ ਸੈਕਟਰ-8 ਸਥਿਤ ਆਪਣੇ ਘਰ ਵਿੱਚ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਆਰਾਮ ਕਰ ਰਹੇ ਸਨ। 3 ਜੂਨ ਨੂੰ ਉਨ੍ਹਾਂ ਦੀ ਸਿਹਤ ਇੱਕ ਫਿਰ ਵਿਗੜ ਗਈ। ਆਕਸੀਜਨ ਲੈਵਲ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਦੇ ਕੋਵਿਡ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਪੀ.ਜੀ.ਆਈ ‘ਚ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਸਨ। ਉਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। 13 ਜੂਨ ਨੂੰ ਕੋਵਿਡ ਕਾਰਨ ਹਾਲਤ ਵਿਗੜਨ ‘ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਿਲਖਾ ਸਿੰਘ ਪੀ.ਜੀ.ਆਈ. ਵਿੱਚ ਦਾਖਲ ਹੋਣ ਦੀ ਵਜ੍ਹਾ ਨਾਲ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਮਿਲਖਾ ਸਿੰਘ ਦੀ ਮੌਤ ਹੋਣ ‘ਤੇ ਖੇਡ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਨੇ ਦੁੱਖ ਦਾ ਪ੍ਰਗਟਾਵਾ ਕੀਤਾ।