ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਡੇ ਪੱਧਰ ‘ਤੇ ਟੀਕਾਕਰਨ ਦਾ ਅਭਿਆਨ ਚੱਲ ਰਿਹਾ ਹੈ ।ਕਿਉਂਕਿ ਹੁਣ ਤੱਕ ਇਸ ਮਹਾਂਮਾਰੀ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ।ਇਸ ਲਈ ਹੀ ਹਰ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਿਚਾਲੇ ਪਾਕਿਸਤਾਨ ਨੇ ਆਪਣੀ ਖੁਦ ਦੀ ਕੋਰੋਨਾ ਵੈਕਸੀਨ ਲਾਂਚ ਕੀਤੀ ਹੈ।

ਇਸਦਾ ਨਾਮ Pak Vac ਕੋਰੋਨਾ ਵੈਕਸੀਨ ਰੱਖਿਆ ਗਿਆ ਹੈ। ਪਾਕਿਸਤਾਨ ਨੇ ਇਸ ਕੋਰੋਨਾ ਵੈਕਸੀਨ ਨੂੰ ਲਾਂਚ ਤਾਂ ਕਰ ਦਿੱਤਾ ਹੈ, ਪਰ ਉਸਨੇ ਇਹ ਨਹੀਂ ਦੱਸਿਆ ਕਿ ਇਹ ਵੈਕਸੀਨ ਕਿੰਨਾ ਪ੍ਰਭਾਵਸ਼ਾਲੀ ਹੈ? ਕਿੰਨੇ ਲੋਕਾਂ ‘ਤੇ ਇਸ ਦਾ ਟ੍ਰਾਇਲ ਹੋਇਆ ਹੈ ਤੇ ਟ੍ਰਾਇਲ ਦੇ ਨਤੀਜੇ ਕੀ ਰਹੇ ?

ਦਰਅਸਲ, ਪਾਕਿਸਤਾਨ ਦੇ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ ਦੇ ਮੁਖੀ ਅਸਦ ਉਮਰ ਵੱਲੋਂ ਇਹ ਵੈਕਸੀਨ ਲਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਲਦੀ ਹੀ ਕੋਵਿਡ-19 ਦੀ ਮਹੱਤਵਪੂਰਨ ਦਵਾਈ ਨੂੰ ਵੀ ਬਣਾਉਣ ਦੀ ਸ਼ੁਰੂਆਤ ਕਰਨ ਵਿੱਚ ਸਮਰੱਥ ਹੋਵੇਗਾ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬਣਾਈ ਗਈ ਇਹ ਵੈਕਸੀਨ ਸਖ਼ਤ ਟ੍ਰਾਇਲ, ਗੁਣਵੱਤਾ ਅਤੇ ਜਾਂਚ ਵਿੱਚੋਂ ਲੰਘੀ ਹੈ।

ਅਸਦ ਉਮਰ ਨੇ ਇਹ ਵੀ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਚੀਨ ਪਾਕਿਸਤਾਨ ਦਾ ਦੋਸਤ ਬਣ ਕੇ ਉੱਭਰਿਆ ਹੈ । ਪਹਿਲਾਂ ਤੋਂ ਦੋਸਤ ਰਿਹਾ ਚੀਨ ਕੋਰੋਨਾ ਕਾਲ ਵਿੱਚ ਵੀ ਸਾਡੇ ਨਾਲ ਹੈ। ਇਸ ਦੇ ਨਾਲ ਹੀ ਉਮਰ ਨੇ ਵੈਕਸੀਨ ਬਣਾਉਣ ਲਈ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵੈਕਸੀਨ ਦੀ ਸਪਲਾਈ ਤੇਜ਼ ਹੋਵੇਗੀ ।

ਇਸ ਤੋਂ ਅੱਗੇ ਅਸਦ ਉਮਰ ਨੇ ਕਿਹਾ ਕਿ ਬਕਰੀਦ ਦੇ ਦੌਰਾਨ ਸਖਤ ਪਾਬੰਦੀਆਂ ਤੋਂ ਬਚਣ ਲਈ ਸਰਕਾਰ ਨੇ ਜੁਲਾਈ ਦੇ ਆਖਰੀ ਹਫ਼ਤੇ ਤੱਕ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਦਾ ਫੈਸਲਾ ਕੀਤਾ ਹੈ।