ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਆਕਸੀਜਨ ਦੀ ਵਧੇਰੇ ਮਾਤਰਾ ਉਪਲੱਬਧ ਹੋਣੀ ਜਰੂਰੀ ਹੈ। ਇਸ ਲਈ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਦੇ ਤੌਰ ’ਤੇ ਸ਼ਹਿਰ ਵਿਚ ਹੁਣ ਤੱਕ ਕੁੱਲ 171 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ 3 ਆਕਸੀਜਨ ਭੰਡਾਰ ਪਲਾਂਟ ਲਾਏ ਗਏ ਹਨ। ਉਨ੍ਹਾਂ ਨੇ ਸਿਰਸਪੁਰ ਵਿਚ ਸਥਿਤ ਆਕਸੀਜਨ ਭੰਡਾਰ ਪਲਾਂਟ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਇੱਥੇ 57 ਮੀਟ੍ਰਿਕ ਟਨ ਆਕਸੀਜਨ ਭੰਡਾਰਣ ਦੀ ਸਮਰੱਥਾ ਦਾ ਕ੍ਰਾਯੋਜੇਨਿਕ ਟੈਂਕ ਲਾਇਆ ਜਾ ਰਿਹਾ ਹੈ ਅਤੇ ਨਾਲ ਹੀ ਇੱਥੇ ਹਰ ਦਿਨ 12.5 ਟਨ ਦੀ ਸਮਰੱਥਾ ਵਾਲਾ ਆਕਸੀਜਨ ਉਤਪਾਦਨ ਪਲਾਂਟ ਵੀ ਬਣਾ ਰਹੇ ਹਾਂ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਅਸੀਂ ਕੁੱਲ 171 ਮੀਟ੍ਰਿਕ ਟਨ ਸਮਰੱਥਾ ਨਾਲ ਹਰੇਕ 57 ਮੀਟ੍ਰਿਕ ਟਨ ਵਾਲੇ ਤਿੰਨ ਆਕਸੀਜਨ ਭੰਡਾਰਣ ਪਲਾਂਟ ਹੁਣ ਤੱਕ ਲਾ ਦਿੱਤੇ ਹਨ। ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਦੀ ਵਜ੍ਹਾ ਤੋਂ ਇਹ ਸੰਭਵ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਅਪ੍ਰੈਲ ਅਤੇ ਮਈ ਮਹੀਨੇ ਵਿਚ ਮਾਮਲੇ ਵੱਧਣ ਕਾਰਨ ਆਕਸੀਜਨ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀ। ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦਿੱਲੀ ਸਰਕਾਰ ਅਗਲੇ ਕੁਝ ਹਫ਼ਤਿਆਂ ਵਿਚ 25 ਆਕਸੀਜਨ ਟੈਂਕ ਖਰੀਦੇਗੀ ਅਤੇ 64 ਆਕਸੀਜਨ ਪਲਾਂਟ ਲਾਵੇਗੀ, ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਸ਼ਹਿਰ ਵਿਚ ਆਕਸੀਜਨ ਦਾ ਕੋਈ ਸੰਕਟ ਪੈਦਾ ਨਾ ਹੋਵੇ ਜਿਵੇਂ ਕਿ ਦੂਜੀ ਲਹਿਰ ਦੌਰਾਨ ਹੋਇਆ ਸੀ।