ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਘੱਟ ਕੇਸ ਆਉਣ ਤੋਂ ਬਾਅਦ ਅੱਜ ਯਾਨੀ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਜਦੋਂ ਕਿ ਲਾਕਡਾਉਨ ਦੇ ਕਰੀਬ 40 ਦਿਨ ਬਾਅਦ ਅਨਲੌਕ ਦੀ ਪ੍ਰਕਿਰਿਆ ਦੇ ਪਹਿਲੇ ਹਫ਼ਤੇ ਵਿੱਚ ਫੈਕਟਰੀ ਅਤੇ ਕੰਸਟਰਕਸ਼ਨ ਨੂੰ ਹੀ ਇਜ਼ਾਜ਼ਤ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਦਿੱਲੀ ਮੈਟਰੋ ਦੇ ਨਾਲ – ਨਾਲ ਮਾਲ, ਹਫਤਾਵਰੀ ਬਾਜ਼ਾਰ ਅਤੇ ਗੈਰ ਜ਼ਰੂਰੀ ਸੇਵਾਵਾਂ ਲਈ ਕੋਰੋਨਾ ਕਰਫਿਊ 7 ਜੂਨ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਦਿੱਲੀ ਵਿੱਚ ਅੱਜ ਤੋਂ ਅਨਲੌਕ ਦੇ ਤਹਿਤ ਮਨਜ਼ੂਰ ਉਦਯੋਗਿਕ ਖੇਤਰਾਂ ਵਿੱਚ ਬੰਦ ਪਰਿਸਰ ਦੇ ਅੰਦਰ ਨਿਰਮਾਣ ਇਕਾਈਆਂ ਦੇ ਸੰਚਾਲਨ ਅਤੇ ਕਾਰਜ ਸਥਾਨਾਂ ਦੇ ਅੰਦਰ ਉਸਾਰੀ ਗਤੀਵਿਧੀਆਂ ਦੀ ਆਗਿਆ ਦੇ ਦੌਰਾਨ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਆਵਾਜਾਹੀ ਲਈ ਈ – ਪਾਸ ਲੈਣਾ ਜ਼ਰੂਰੀ ਹੈ। ਦੱਸ ਦਈਏ ਕਿ ਕਰਮਚਾਰੀਆਂ ਅਤੇ ਮਜ਼ਦੂਰਾਂ ਲਈ ਉਨ੍ਹਾਂ ਦੇ ਠੇਕੇਦਾਰ, ਫੈਕਟਰੀ ਮਾਲਕਾਂ ਨੂੰ ਈ – ਪਾਸ ਲਈ ਅਪਲਾਈ ਕਰਨਾ ਹੋਵੇਗਾ। ਉਥੇ ਹੀ, DDMA ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੰਮ ਕਰਨ ਵਾਲੀ ਥਾਂ ਉੱਤੇ ਕੇਵਲ ਬਿਨਾਂ ਲੱਛਣ ਵਾਲੇ ਮਜ਼ਦੂਰਾਂ ਤੇ ਕਰਮਚਾਰੀਆਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨਿਯਮਤ ਤੌਰ ‘ਤੇ ਇਨ੍ਹਾਂ ਨਿਰਮਾਣ ਇਕਾਈਆਂ ਅਤੇ ਨਿਰਮਾਣ ਸਥਾਨਾਂ ‘ਤੇ ਵੱਡੀ ਗਿਣਤੀ ਵਿੱਚ ਬਿਨ੍ਹਾਂ ਕਿਸੇ ਕ੍ਰਮ ਦੇ ਲੋਕਾਂ ਦੀ RT-PCR/RAT ਜਾਂਚ ਦੇ ਨਾਲ-ਨਾਲ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਗੇ।