ਐਂਟੀਗਾ ਤੇ ਬਰਬੂਡਾ ਦੀ ਪੁਲਿਸ ਨੇ ਭਾਰਤੀ ਮੂਲ ਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਕਾਬੂ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਐਂਟੀਗਾ ਤੋਂ ਕਿਊਬਾ ਭੱਜਣ ਦੀ ਤਿਆਰੀ ਵਿਚ ਸੀ। ਐਂਟੀਗਾ ਦੀ ਅਥਾਰਿਟੀ ਨੇ ਉਸ ਨੂੰ ਕਾਬੂ ਕੀਤੇ ਜਾਣ ਬਾਰੇ ਸੀਬੀਆਈ ਤੇ ਈਡੀ ਨੂੰ ਜਾਣੂ ਕਰਵਾ ਦਿੱਤਾ ਹੈ।

ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਚੋਕਸੀ ਐਤਵਾਰ ਨੂੰ ਕੈਰੇਬਿਆਈ ਮੁਲਕ ਵਿਚ ‘ਲਾਪਤਾ’ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਚੋਕਸੀ ਤੇ ਉਸ ਦੇ ਭਤੀਜੇ ਨੀਰਵ ਮੋਦੀ ਖ਼ਿਲਾਫ਼ ਪੰਜਾਬ ਨੈਸ਼ਨਲ ਬੈਂਕ ਨਾਲ ਅਰਬਾਂ ਰੁਪਏ ਦੀ ਠੱਗੀ ਮਾਰਨ ਦਾ ਕੇਸ ਚੱਲ ਰਿਹਾ ਹੈ।

ਨੀਰਵ ਇਸ ਵੇਲੇ ਲੰਡਨ ਦੀ ਜੇਲ੍ਹ ਵਿਚ ਹੈ। ਜਾਂਚਕਰਤਾਵਾਂ ਨੇ ਚੋਕਸੀ ਦੇ ਕਈ ਰਿਸ਼ਤੇਦਾਰਾਂ ਤੇ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਸੀ। ਉਸ ਦੇ ‘ਇਕਦਮ ਲਾਪਤਾ’ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਸੀ। ਚੋਕਸੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਕਾਰ ਵਿਚ ਦੇਖਿਆ ਗਿਆ ਸੀ।

ਪੁਲਿਸ ਨੇ ਵਾਹਨ ਬਰਾਮਦ ਕਰ ਲਿਆ ਸੀ ਤੇ ਆਮ ਲੋਕਾਂ ਕੋਲੋਂ ਵੀ ਉਸ ਬਾਰੇ ਜਾਣਕਾਰੀ ਲਈ ਜਾ ਰਹੀ ਸੀ। ਐਂਟੀਗਾ ਪੁਲੀਸ ਨੇ ਚੋਕਸੀ ਬਾਰੇ ਜਾਣਕਾਰੀ ਇੰਟਰਪੋਲ’ ਨਾਲ ਵੀ ਸਾਂਝੀ ਕੀਤੀ ਸੀ ਤਾਂ ਕਿ ‘ਯੈਲੋ ਨੋਟਿਸ’ ਜਾਰੀ ਕਰਵਾਇਆ ਜਾ ਸਕੇ।

Author