ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਅਗਸਤ ਮਹੀਨੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਅਗਸਤ ਮਹੀਨੇ ਵਿੱਚ ਜੀਐੱਸਟੀ ਮਾਲੀਏ ਵਿੱਚ 17 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਜਦਕਿ ਗੁਆਂਢੇ ਸੂਬੇ ਹਰਿਆਣਾ ’ਚ ਇਹ ਵਾਧਾ 21 ਫੀਸਦ ਅਤੇ ਰਾਜਸਥਾਨ ਵਿਚ ਇਹੋ ਵਾਧਾ 10 ਫੀਸਦੀ ਦਰਜ ਕੀਤਾ ਗਿਆ ਹੈ। ਅਗਸਤ ਮਹੀਨੇ ਦੇ ਜੀਐੱਸਟੀ ਮਾਲੀਏ ’ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਰਗੇ ਵੱਡੇ ਰਾਜਾਂ ਤੋਂ ਪੰਜਾਬ ਅੱਗੇ ਰਿਹਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦਾ ਜੀਐੱਸਟੀ ਮਾਲੀਆ ਇਸ ਵਰ੍ਹੇ ਦੇ ਅਗਸਤ ਮਹੀਨੇ ਦੌਰਾਨ 1651 ਕਰੋੜ ਰੁਪਏ ਰਿਹਾ ਜਦਕਿ ਸਾਲ 2021 ਦੇ ਅਗਸਤ ਮਹੀਨੇ ਵਿਚ ਇਹ ਮਾਲੀਆ 1414 ਕਰੋੜ ਰੁਪਏ ਸੀ। ਦਿੱਲੀ ਦੇ ਜੀਐੱਸਟੀ ਮਾਲੀਏ ਵਿੱਚ 21 ਫੀਸਦ ਦਾ ਵਾਧਾ ਦਰਜ ਹੋਇਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਪੰਜਾਬ ਨੇ ਵਿੱਤੀ ਸਾਲ 2021-22 ਦੇ ਪਹਿਲੇ ਪੰਜ ਮਹੀਨਿਆਂ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੌਰਾਨ ਜੀਐੱਸਟੀ ਮਾਲੀਏ ਵਿੱਚ 23 ਫੀਸਦੀ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਮਾਲੀਏ ਵਿੱਚ ਵਾਧੇ ਪਿੱਛੇ ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ ਕੀਤੇ ਗਏ ਉਪਰਾਲੇ ਹਨ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਵਿੱਚ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਕਾਂਗਰਸੀ ਹਕੂਮਤ ਆਪਣੇ ਕਾਰਜਕਾਲ ਦੌਰਾਨ ਜੀਐੱਸਟੀ ਮਾਲੀਆ ਵਧਾਉਣ ਵਿਚ ਨਾਕਾਮ ਰਹੀ ਹੈ ਜਦਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਰੂਆਤੀ ਪੜਾਅ ’ਤੇ ਹੀ ਮਾਲੀਆ ਵਧਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਮੰਗ ’ਚ ਸੁਧਾਰ ਅਤੇ ਉੱਚੀਆਂ ਦਰਾਂ ਰਹਿਣ ਕਾਰਨ ਅਗਸਤ ’ਚ ਜੀਐੱਸਟੀ ਉਗਰਾਹੀ 28 ਫ਼ੀਸਦ ਵਧ ਕੇ 1.43 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਲਗਾਤਾਰ ਛੇਵੇਂ ਮਹੀਨੇ ਅਗਸਤ ’ਚ ਜੀਐੱਸਟੀ ਉਗਰਾਹੀ 1.4 ਲੱਖ ਕਰੋੜ ਰੁਪਏ ਤੋਂ ਵਧ ਰਹੀ ਹੈ। ਆਉਂਦੇ ਤਿਉਹਾਰਾਂ ਨੂੰ ਦੇਖਦਿਆਂ ਇਹ ਰੁਝਾਨ ਜਾਰੀ ਰਹਿਣ ਦਾ ਅਨੁਮਾਨ ਹੈ। ਉਂਜ ਜੀਐੱਸਟੀ ਮਾਲੀਆ ਜੁਲਾਈ ਦੇ 1.49 ਲੱਖ ਕਰੋੜ ਰੁਪਏ ਦੇ ਅੰਕੜੇ ਤੋਂ ਘੱਟ ਹੈ। ਅਪਰੈਲ ’ਚ ਇਹ 1.67 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਸੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਅਗਸਤ ’ਚ ਕੁੱਲ ਜੀਐੱਸਟੀ ਮਾਲੀਆ 1,43,612 ਕਰੋੜ ਰੁਪਏ ਰਿਹਾ ਜੋ ਪਿਛਲੇ ਵਰ੍ਹੇ ਇਸੇ ਮਹੀਨੇ ਦੇ 1,12,020 ਕਰੋੜ ਰੁਪਏ ਨਾਲੋਂ 28 ਫ਼ੀਸਦ ਵਧ ਹੈ।

LEAVE A REPLY

Please enter your comment!
Please enter your name here