ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਭਾਵੇਂ ਉਨ੍ਹਾਂ ‘ਆਪ’ ਵਿਚ ਸ਼ਾਮਲ ਹੋਣ ਦੀ ਗੱਲ ਨਹੀਂ ਕਬੂਲੀ ਹੈ ਪਰ ਉਨ੍ਹਾਂ ਸੰਕੇਤ ਜ਼ਰੂਰ ਦਿੱਤਾ ਹੈ ਕਿ ਉਹ ਭਵਿੱਖ ਵਿਚ ਕਿਸੇ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਹੈ ਕਿ ਪੰਜਾਬ ਵਿਚ ਉਹ ਨਵੀਂ ਸਿਆਸਤ ਦੀ ਸ਼ੁਰੂਆਤ ਕਰਨਗੇ ਅਤੇ ਜਿਹੜੀ ਸਿਆਸਤ ਉਹ ਕਰਨਗੇ ਉਸ ਦੀ ਪਰਿਭਾਸ਼ਾ ਵੱਖਰੀ ਹੋਵੇਗੀ।
ਇਸ ਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਨੇ ਅਕਾਲੀ ਦਲ ਅਤੇ ਕਾਂਗਰਸ ਸਰਕਾਰ ’ਤੇ ਵੱਡੇ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਲੀ-ਮਿਲੀ ਸਰਕਾਰ ਚੱਲ ਰਹੀ ਹੈ ਅਤੇ ਇਸੇ ਦੇ ਚੱਲਦੇ ਇਕ ਵੱਡੇ ਪਰਿਵਾਰ ਨੂੰ ਬਚਾਉਣ ਕਰਕੇ ਐੱਸ.ਆਈ. ਟੀ. ਦੀ ਰਿਪੋਰਟ ਰੱਦ ਕਰਵਾਈ ਗਈ ਹੈ। ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਨੇ ਜਨਰਲ ਡਾਇਰ ਤੋਂ ਜਲ੍ਹਿਆਂਵਾਲਾ ਬਾਗ ’ਚ ਗੋਲ਼ੀਆਂ ਚਲਵਾਈਆਂ ਸਨ, ਉਸੇ ਵੱਡੇ ਪਰਿਵਾਰ ਨੇ ਹੁਣ ਬੇਅਦਬੀ ਕਰਵਾਈ ਹੈ ਅਤੇ ਉਸ ਨੇ ਹੁਣ ਫਿਰ ਗੋਲ਼ੀਆਂ ਚਲਵਾਈਆਂ ਹਨ। ਉਨ੍ਹਾਂ ਕਿਹਾ ਕਿ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ’ਤੇ ਗੋਲ਼ੀ ਚਲਵਾਉਣ ਤੋਂ ਬਾਅਦ ਇਕ ਪਰਿਵਾਰ ਦੇ ਘਰ ਡਿਨਰ ਕੀਤਾ ਸੀ ਅਤੇ ਹੁਣ ਵੀ ਉਹੀ ਪਰਿਵਾਰ ਬੇਅਦਬੀ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਤਿਹਾਸ ਮੁੜ ਦੁਹਰਾਇਆ ਜਾ ਰਿਹਾ ਹੈ।
ਕੁੰਵਰ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਪੰਜਾਬ ਦੇ ਇਕ ਵੱਡੇ ਪਰਿਵਾਰ ਨੂੰ ਬਚਾਇਆ ਜਾ ਰਿਹਾ ਹੈ, ਇਸੇ ਕਾਰਨ ਇਕ ਮਹੱਤਵਪੂਰਨ ਦਿਨ ਏ. ਜੀ. ਬਿਮਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਬੋਲਣ ਵਾਲੇ ਲੀਡਰ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਬੇਅਦਬੀ ਕਿਉਂ ਕਰਵਾਈ, ਜਿਹੜੇ ਪੰਜਾਬ ਵਿਚ ਹੀ ਬੇਅਦਬੀ ਕਰਵਾ ਸਕਦੇ ਹਨ, ਉਸ ਲਈ ਆਮ ਜਨਤਾ ਕੀ ਹੈ।