ਪੰਜਾਬ ਅੰਦਰ ਇੱਕ ਪਾਸੇ ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਉਣ ਵਾਲੀਆਂ ਚੋਣਾਂ ਦੀ ਤਿਆਂਰੀ ‘ਚ ਜੁੱਟ ਗਈਆ ਹਨ। ਉੱਥੇ ਹੀ ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਪਾਰਟੀ ਦੇ ਨੇਤਾਵਾਂ ਵਿਚਾਲੇ ਮਤਭੇਦ ਲਗਾਤਾਰ ਵੱਧ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਸਿੰਘ ਖਿਲਾਫ਼ ਇੱਕ ਵਾਰ ਫਿਰ ਤੋਂ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਸਰਕਾਰ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇ ਕੇ ਆਪਣਿਆਂ ਦੇ ਨਿਸ਼ਾਨੇ ‘ਤੇ ਆ ਗਈ ਹੈ ।ਇਸ ਫੈਸਲੇ ‘ਤੇ ਪਾਰਟੀ ਦੇ ਪੰਜ ਮੰਤਰੀਆਂ ਨੇ ਸਵਾਲ ਖੜ੍ਹੇ ਕੀਤੇ । ਇਨ੍ਹਾਂ ਸਾਰੇ ਮਤਭੇਦਾਂ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਅਜਿਹੀ ਸਥਿਤੀ ਵਿੱਚ ਕੈਪਟਨ-ਸਿੱਧੂ ਵਿਚਕਾਰ ਵਿਵਾਦ ਖ਼ਤਮ ਹੁੰਦਾ ਨਹੀਂ ਦਿਖਾਈ ਦੇ ਰਿਹਾ। ਸਿੱਧੂ ਇੱਕ ਵਾਰ ਫਿਰ ਕੈਪਟਨ ਦੇ ਖਿਲਾਫ਼ ਹਮਲਾਵਰ ਹੋ ਗਏ ਹਨ ।
ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਮੰਗਲਵਾਰ ਨੂੰ ਪੰਜਾਬ ਦੇ ਛੇ ਮੰਤਰੀਆਂ ਅਤੇ ਛੇ ਵਿਧਾਇਕਾਂ ਨੂੰ ਦਿੱਲੀ ਬੁਲਾ ਲਿਆ ਹੈ। ਇਨ੍ਹਾਂ ਵਿੱਚੋਂ ਬਹੁਤੇ ਆਗੂ ਉਹੀ ਚਿਹਰੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਿਰੋਧ ਕੀਤਾ ਸੀ
ਇਸ ਸੰਬੰਧੀ ਮੰਤਰੀਆਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਜ਼ੀਆ ਸੁਲਤਾਨਾ, ਸੁਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਵਿਧਾਇਕ ਪ੍ਰਗਟ ਸਿੰਘ, ਰਾਜਾ ਵੜਿੰਗ, ਕੁਲਜੀਤ ਨਾਗਰਾ, ਕਿਕੀ ਢਿੱਲੋਂ, ਸੰਗਤ ਸਿੰਘ ਗਿਲਜੀਆਂ ਅਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਤਿੰਨ ਸੰਸਦੀ ਕਮੇਟੀ ਨੇ ਦਿੱਲੀ ਬੁਲਾਇਆ ਹੈ