ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਉਸ ਨੂੰ ਗੈਂਗਸਟਰ ਮਾਮਲੇ ਵਿਚ ਅੱਜ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਇਸ ਤੋਂ 2 ਦਿਨ ਪਹਿਲਾਂ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਬੁੱਧਵਾਰ ਨੂੰ ਜੇਲ੍ਹਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਮੁਖਤਾਰ ਅੰਸਾਰੀ ਨੂੰ ਦੋਸ਼ੀ ਠਹਿਰਾਉਂਦਿਆਂ 7 ਸਾਲ ਕੈਦ ਦੀ ਸਜ਼ਾ ਅਤੇ 37 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਸਟਿਸ ਦਿਨੇਸ਼ ਕੁਮਾਰ ਸਿੰਘ ਦੇ ਸਿੰਗਲ ਬੈਂਚ ਨੇ ਰਾਜ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਇਹ ਹੁਕਮ ਦਿੱਤਾ ਹੈ।
ਮਾਮਲੇ ਅਨੁਸਾਰ ਸਾਲ 2003 ‘ਚ ਲਖਨਊ ਦੇ ਸਾਬਕਾ ਜੇਲ੍ਹਰ ਐੱਸ.ਕੇ. ਅਵਸਥੀ ਨੇ ਅੰਸਾਰੀ ਖ਼ਿਲਾਫ਼ ਆਲਮਬਾਗ ਪੁਲਸ ਸਟੇਸ਼ਨ ‘ਚ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਜੇਲ੍ਹ ‘ਚ ਮੁਖਤਾਰ ਅੰਸਾਰੀ ਨੂੰ ਮਿਲਣ ਆਏ ਲੋਕਾਂ ਦੀ ਤਲਾਸ਼ੀ ਲੈਣ ਦਾ ਹੁਕਮ ਦੇਣ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਅਵਸਥੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਅੰਸਾਰੀ ਨੇ ਉਸ ਨਾਲ ਬਦਸਲੂਕੀ ਕਰਦੇ ਹੋਏ ਉਸ ਵੱਲ ਪਿਸਤੌਲ ਵੀ ਤਾਣੀ ਸੀ। ਅੰਸਾਰੀ ਨੂੰ ਹੇਠਲੀ ਅਦਾਲਤ ਨੇ ਇਸ ਮਾਮਲੇ ‘ਚ ਬਰੀ ਕਰ ਦਿੱਤਾ ਸੀ, ਜਿਸ ਖ਼ਿਲਾਫ਼ ਸਰਕਾਰ ਨੇ ਅਪੀਲ ਦਾਇਰ ਕੀਤੀ ਸੀ।