ਬਿਹਾਰ: ਵਿਆਹ ‘ਚ ਹੋਈ ਫਾਇਰਿੰਗ ਨਾਲ ਲਾੜੇ ਦੇ ਦੋਸਤ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਲੀਆ ਥਾਣਾ ਖੇਤਰ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਸਮਾਰੋਹ ਦੌਰਾਨ ਹੋਈ ਫ਼ਾਇਰਿੰਗ ਦੌਰਾਨ ਲਾੜੇ ਦੇ ਦੋਸਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਬਲੀਆ ਥਾਣਾ ਮੁਖੀ ਅਭੈ ਸ਼ੰਕਰ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਪਛਾਣ ਕਰਨ ਲਈ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਖਗੜੀਆ ਜ਼ਿਲ੍ਹੇ ਦੇ ਰਵੀ ਕੁਮਾਰ ਵਜੋਂ ਹੋਈ ਹੈ। ਰਵੀ ਬਲੀਆ ਥਾਣਾ ਖੇਤਰ ਦੇ ਰਹਿਣ ਵਾਲੇ ਆਪਣੇ ਦੋਸਤ ਸੰਜੇ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ‘ਚ ਸ਼ਾਮਲ ਹੋਣ ਆਇਆ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਜਦੋਂ ਰਵੀ ਲਾੜਾ-ਲਾੜੀ ਨਾਲ ਮੰਚ ‘ਤੇ ਸੀ ਤਾਂ ਕਿਸੇ ਨੇ ਲੜਕੀ ਦਾ ਸਵਾਗਤ ਕਰਨ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਇੱਕ ਗੋਲੀ ਰਵੀ ਦੀ ਛਾਤੀ ‘ਚ ਲੱਗੀ, ਅਤੇ ਉਸ ਦੀ ਮੌਤ ਹੋ ਗਈ।