ਪੰਜਾਬ ਦੇ ਇਨ੍ਹਾਂ 7 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ ਜਾਰੀ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ
ਚੰਡੀਗੜ੍ਹ, 23 ਨਵੰਬਰ : ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਵੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਜੂਦਾ ਹਾਲਾਤਾਂ ਕਾਰਨ ਸੂਬੇ ਦੇ ਸ਼ਹਿਰਾਂ ਦਾ ਤਾਪਮਾਨ ਇੱਕ ਹਫ਼ਤੇ ਅੰਦਰ 2 ਤੋਂ 3 ਡਿਗਰੀ ਤੱਕ ਹੇਠਾਂ ਆ ਜਾਵੇਗਾ। ਪੱਛਮੀ ਹਿਮਾਲਿਆ ਵੱਲ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਪਹਾੜਾਂ ‘ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜੇਕਰ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ‘ਚ ਠੰਡ ਹੋਰ ਵਧ ਜਾਵੇਗੀ।
ਇਹ ਵੀ ਪੜੋ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸ਼ੁਰੂ, 45 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਮੌਸਮ ਕੇਂਦਰ ਅਨੁਸਾਰ ਅੱਜ ਪੰਜਾਬ ਦੇ 7 ਜ਼ਿਲ੍ਹਿਆਂ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਧੁੰਦ ਰਹੇਗੀ। ਹਾਲਾਂਕਿ ਦੁਪਹਿਰ ਬਾਅਦ ਆਸਮਾਨ ਸਾਫ਼ ਰਹੇਗਾ।ਜਦਕਿ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਨਵੰਬਰ ਦੇ ਅੰਤ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ‘ਚ ਸੁੱਕੀ ਠੰਡ ਵਧੇਗੀ। ਲੁਧਿਆਣਾ ਚ ਤਾਪਮਾਨ 11 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।ਜਦਕਿ ਚੰਡੀਗੜ੍ਹ ‘ਚ ਦੁਪਹਿਰ ਤੋਂ ਬਾਅਦ ਧੁੱਪ ਨਿਕਲੇਗੀ ਅਤੇ ਤਾਪਮਾਨ 10 ਤੋਂ 27 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।