ਨਵੀਂ ਦਿੱਲੀ : ਦਿੱਲੀ ਵਿੱਚ ਲੌਕਡਾਊਨ ਇਕ ਹਫ਼ਤਾ ਹੋਰ ਵਧਾਇਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਵਿਚ ਲੌਕਡਾਊਨ 31 ਮਈ ਸਵੇਰ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਦੇ ਕੇਸ ਹੋਰ ਘਟੇ ਤਾਂ 31 ਮਈ ਤੋਂ ਬਾਅਦ ਦਿੱਲੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਨਾਲ ਸਲਾਹ ਕੀਤੀ ਅਤੇ ਫਿਰ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਤਾਲਾਬੰਦੀ 31 ਮਈ ਨੂੰ ਸਵੇਰੇ ਪੰਜ ਵਜੇ ਤੱਕ ਵਧਾਇਆ ਜਾਵੇ, ਹਾਲਾਂਕਿ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਦਿਖਾਈ ਦੇ ਰਹੀ ਹੈ।

ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਲਾਗ ਦੀ ਦਰ 2.5 ਪ੍ਰਤੀਸ਼ਤ ਹੇਠਾਂ ਆ ਗਈ ਹੈ ਅਤੇ ਇਸ ਸਮੇਂ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ 1,600 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ ਇਕ ਹਫਤੇ ਤੱਕ ਇਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਕੇਸ ਘਟ ਗਏ ਤਾਂ 31 ਮਈ ਤੋਂ ਅਸੀਂ ਅਨਲੌਕਿੰਗ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਹਾਲਾਂਕਿ ਇਸ ਪ੍ਰਕਿਰਿਆ ਨੂੰ ਹੌਲੀ ਹੌਲੀ ਲਾਗੂ ਕੀਤਾ ਜਾਵੇਗਾ।