ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨੀ ਦੌਰੇ ਦੇ ਪਹਿਲੇ ਦਿਨ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਦਿਆਂ ਨਾਮੀਂ ਕੰਪਨੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਟਵੀਟ ਕਰਕੇ ਦਾਅਵਾ ਕੀਤਾ ਕਿ ਅੱਜ ਜਰਮਨੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ Trade Fair ਵਿੱਚ ਹਿੱਸਾ ਲਿਆ। ਬਹੁਤ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਾਮੀ ਭਰੀ ਹੈ।

ਉਨ੍ਹਾਂ ਜਰਮਨੀ ਦੇ ਉਦਯੋਗਪਤੀਆਂ ਨੂੰ ਅਗਲੇ ਸਾਲ 23-24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਭਗਵੰਤ ਮਾਨ ਨੇ ਪ੍ਰਮੁੱਖ ਕੰਪਨੀਆਂ ਜ਼ੈੱਪਲਿਨ, ਬੁਏਲਰ, ਮਾਈਨੈਂਟ, ਡੋਨਲਡਸਨ, ਆਈਗਸ, ਸਿਪ੍ਰਿਆਨੀ ਹੈਰੀਸਨ ਵਾਲਵਸ, ਪੈਂਟੇਅਰ ਅਤੇ ਹੋਰਾਂ ਨਾਲ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ, ਉਦਯੋਗਿਕ ਏਅਰ ਫਿਲਟਰੇਸ਼ਨ ਪ੍ਰਣਾਲੀਆਂ, ਸ਼ੁੱਧੀਕਰਨ ਤਕਨਾਲੋਜੀ, ਪਾਣੀ ਵਿੱਚ ਰਸਾਇਣਾਂ ਦਾ ਮਾਪ, ਉਦਯੋਗਾਂ ਦੇ ਪਾਣੀ ਨੂੰ ਸੋਧਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਪੰਜਾਬ ਨੂੰ ਕਾਰੋਬਾਰ ਕਰਨ ਲਈ ਪਸੰਦੀਦਾ ਸਥਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਨਾਲ ਬਹੁਤ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਉਦਯੋਗਿਕ ਸ਼ਾਂਤੀ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦੀਆਂ ਹਨ।

LEAVE A REPLY

Please enter your comment!
Please enter your name here