ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਦੇਸ਼ ‘ਚ ਕੋਵਿਡ ਸਥਿਤੀ ਬਾਰੇ ਚੋਟੀ ਦੇ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਅਧਿਕਾਰੀਆਂ ਨੇ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧੇ ਦਰਮਿਆਨ ਨਿਗਰਾਨੀ ਨੂੰ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ।

ਬੈਠਕ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕੀਤਾ,”ਕੋਰੋਨਾ ਅਜੇ ਖ਼ਤਮ ਨਹੀਂ ਹੋਇਆ ਹੈ। ਮੈਂ ਸਾਰਿਆਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।” ਹੋਰ ਦੇਸ਼ਾਂ ‘ਚ ਚੀਨ, ਜਾਪਾਨ, ਅਮਰੀਕਾ ਅਤੇ ਬ੍ਰਾਜ਼ੀਲ ‘ਚ ਕੋਰੋਨਾ ਮਾਮਲਿਆਂ ‘ਚ ਅਚਾਨਕ ਵਾਧੇ ਦੀ ਰਿਪੋਰਟ ਸਾਹਮਣੇ ਆਈ ਹੈ।

ਮੀਟਿੰਗ ਤੋਂ ਬਾਅਦ ਨੀਤੀ ਆਯੋਗ ਦੇ ਡਾਕਟਰ ਵੀਕੇ ਪਾਲ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਦੀ ਸਿਫ਼ਾਰਸ਼ ਕੀਤੀ ਹੈ। ਇਹ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਅਤੇ ਬਜ਼ੁਰਗਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਸਮੇਂ ਸਿਰਫ 27% ਆਬਾਦੀ ਨੇ ਬੂਸਟਰ ਖੁਰਾਕ ਲਈ ਹੈ। ਇਸ ਖੁਰਾਕ ਨੂੰ ਲੈਣਾ ਸਾਰਿਆਂ ਲਈ ਲਾਜ਼ਮੀ ਹੈ।

ਦੱਸਣਯੋਗ ਹੈ ਕਿ ਦੁਨੀਆ ਦੇ ਕਈ ਵੱਡੇ ਦੇਸ਼ਾਂ ‘ਚ ਕੋਰੋਨਾ ਦੇ ਮਾਮਲੇ ਅਚਾਨਕ ਵਧ ਗਏ ਹਨ। ਖਾਸ ਤੌਰ ‘ਤੇ ਅਮਰੀਕਾ, ਬ੍ਰਾਜ਼ੀਲ, ਚੀਨ, ਕੋਰੀਆ ਅਤੇ ਜਾਪਾਨ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਕੇਂਦਰ ਸਰਕਾਰ ਅਲਰਟ ਮੋਡ ‘ਤੇ ਆ ਗਈ ਹੈ। ਸਰਕਾਰ ਨੇ ਸਾਰੇ ਰਾਜਾਂ ਨੂੰ ਚੌਕੰਨੇ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕੋਵਿਡ ਦੇ ਨਵੇਂ ਮਾਮਲਿਆਂ ਦੀ ਜੀਨੋਮ ਸੀਕਵੈਂਸਿੰਗ ਕਰਨ ਲਈ ਕਿਹਾ ਹੈ।

ਕੀ ਹੈ ਜੀਨੋਮ ਸਿਕਵੈਂਸਿੰਗ?

ਸਧਾਰਨ ਸ਼ਬਦਾਂ ਵਿਚ, ਜੀਨੋਮ ਸੀਕਵੈਂਸਿੰਗ ਇਕ ਵਾਇਰਸ ਦੇ ਬਾਇਓਡਾਟਾ ਦੀ ਤਰ੍ਹਾਂ ਹੈ। ਅਸੀਂ ਜੀਨੋਮ ਰਾਹੀਂ ਵਾਇਰਸ ਦੀ ਕਿਸਮ, ਦਿਖ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਸ ਵਾਇਰਸ ਦੇ ਵੱਡੇ ਸਮੂਹ ਨੂੰ ਜੀਨੋਮ ਕਿਹਾ ਜਾਂਦਾ ਹੈ। ਵਾਇਰਸਾਂ ਬਾਰੇ ਜਾਣਨ ਦੀ ਵਿਧੀ ਨੂੰ ਜੀਨੋਮ ਸੀਕਵੈਂਸਿੰਗ ਕਿਹਾ ਜਾਂਦਾ ਹੈ। ਇਸ ਤੋਂ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਤਾ ਲੱਗਾ ਹੈ।

LEAVE A REPLY

Please enter your comment!
Please enter your name here