ਪਟਿਆਲਾ, 23 ਨਵੰਬਰ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪਟਿਆਲਾ ਦਿਹਾਤੀ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵਿਰੁੱਧ ਐਫ. ਆਈ. ਆਰ. ਦਰਜ (FIR registered) ਕੀਤੇ ਜਾਣ ਦਾ ਸਮਾਚਾਰ ਹੈ ।
ਕਿਸ ਦੇ ਹੁਕਮਾਂ ‘ਤੇ ਕੀਤੀ ਗਈ ਹੈ ਐਫ. ਆਈ. ਆਰ. ਦਰਜ
ਮਿਲੀ ਜਾਣਕਾਰੀ ਅਨੁਸਾਰ ਸ਼ੋ੍ਮਣੀ ਅਕਾਲੀ ਦਲ ਦੇ ਜਿਸ ਪਟਿਆਲਾ ਦਿਹਾਤੀ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ (Jaspal Singh Bittu Chatha) ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਹ ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੇ ਕੀਤੀ ਗਈ ਹੈ । ਜਿਕਰਯੋਗ ਹੈ ਕਿ ਪਟਿਆਲਾ ਨਗਰ ਨਿਗਮ ਦੇ ਵਾਰਡਾਂ ਵਿੱਚ ਮੁੜ ਚੋਣ (ਰੀ-ਪੋਲਿੰਗ) ਤੋਂ ਪਹਿਲਾਂ ਚੋਣ ਜ਼ਾਬਤਾ ਲਾਗੂ ਹੈ ।
ਕੀ ਕਾਰਨ ਰਿਹਾ ਐਫ. ਆਈ. ਆਰ. ਦਰਜ ਕੀਤੇ ਜਾਣ ਦਾ
ਪ੍ਰਾਪਤ ਸੂਚਨਾ ਮੁਤਾਬਕ ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਕੈਬਨਿਟ ਮੰਤਰੀ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਰਕਾਰੀ ਅਧਿਕਾਰੀਆਂ ਨੂੰ ਕਥਿਤ ਤੌਰ `ਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ ।
ਕਿਸ-ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਉਪਰੋਕਤ ਦਰਜ ਕੀਤੀ ਗਈ ਐਫ. ਆਈ. ਆਰ. ਅਨੁਸਾਰ ਸਿਵਲ ਲਾਈਨਜ਼ ਪੁਲਸ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 192 (ਦੰਗਾ ਭੜਕਾਉਣ ਦੀ ਸੰਭਾਵਨਾ ਵਾਲੀ ਗੈਰ-ਕਾਨੂੰਨੀ ਉਕਸਾਹਟ ਦੇਣ), 353 (1) (ਬੀ) (ਜਨਤਕ ਸ਼ਾਂਤੀ ਭੰਗ ਕਰਨ ਵਾਲੇ ਬਿਆਨ ਦੇਣ), 352 (ਜਾਣ-ਬੁੱਝ ਕੇ ਕਿਸੇ ਦਾ ਅਪਮਾਨ ਕਰਨ) ਅਤੇ 351 (3) (ਅਪਰਾਧਿਕ ਧਮਕੀ ਦੇਣ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਕੀ ਪੁਸ਼ਟੀ ਕੀਤੀ ਗਈ ਹੈ ਪੁਲਸ ਅਧਿਕਾਰੀਆਂ ਵਲੋਂ
ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਵੇਂ ਇਹ ਸਾਰੇ ਅਪਰਾਧ ਜ਼ਮਾਨਤਯੋਗ ਹਨ, ਪਰ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਮੁਲਜ਼ਮ ਨੂੰ ਦੋ ਤੋਂ ਸੱਤ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਐੱਫ. ਆਈ. ਆਰ. ਦੀ ਕਾਪੀ ਅਨੁਸਾਰ ਸੂਬਾ ਚੋਣ ਕਮਿਸ਼ਨ ਵੱਲੋਂ ਇੱਕ ਵੀਡੀਓ ਕਲਿੱਪ ਜ਼ਿਲ੍ਹਾ ਚੋਣ ਅਧਿਕਾਰੀ ਦੇ ਧਿਆਨ ਵਿੱਚ ਲਿਆਂਦੀ ਗਈ ਸੀ ।
ਕੀ ਦਰਜ ਕਰਵਾਇਆ ਗਿਆ ਹੈ ਸਿ਼ਕਾਇਤ ਵਿਚ
ਐੱਫ. ਆਈ. ਆਰ. ਵਿੱਚ ਦਰਜ ਸਿਕਿਾਇਤ ਵਿੱਚ ਕਿਹਾ ਗਿਆ ਹੈ ਕਿ ਕਿਰਪਾ ਕਰਕੇ ਅੱਜ ਕਮਿਸ਼ਨ ਨੂੰ ਪ੍ਰਾਪਤ ਹੋਈ ਇੱਕ ਵੀਡੀਓ ਕਲਿੱਪ ਨਾਲ ਨੱਥੀ ਕੀਤੀ ਗਈ ਹੈ, ਜਿਸ ਵਿੱਚ ਇੱਕ ਵਿਅਕਤੀ ਪ੍ਰੈੱਸ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਕਥਿਤ ਤੌਰ ‘ਤੇ ਮੰਤਰੀ ਅਤੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਸੁਣਾਈ ਦੇ ਰਿਹਾ ਹੈ, ਜੋ ਮੌਜੂਦਾ ਚੋਣ ਪ੍ਰਕਿਰਿਆ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹਨ ।









