ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 1-8-2024
ਰਾਗੁ ਬਿਹਾਗੜਾ ਮਹਲਾ ੫ ॥
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥ ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥ ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥ ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥ ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥ ਨਿਰਗੁਨਿ ਨਿਮਾਣੀ ਅਨਾਥਿ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਧੇ ॥ ਭ੍ਰਮ ਭੀਤਿ ਖੋਈਐ ਸਹਜਿ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ॥ ਗ੍ਰਿਹਿ ਲਾਲੁ ਆਵੈ ਮਹਲੁ ਪਾਵੈ ਮਿਲਿ ਸੰਗਿ ਮੰਗਲੁ ਗਾਈਐ ॥ ਨਾਨਕੁ ਪਇਅੰਪੈ ਸੰਤ ਸਰਣੀ ਮੋਹਿ ਦਰਸੁ ਦਿਖਾਈਐ ॥੩॥ ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥ ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥ ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥ ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥ ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥ ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥੪॥੨॥
ਐਤਵਾਰ, ੧੭ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੫੪੨)
ਪੰਜਾਬੀ ਵਿਆਖਿਆ:
ਰਾਗੁ ਬਿਹਾਗੜਾ ਮਹਲਾ ੫ ॥
(ਹੇ ਭਾਈ!) ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ । ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ । ਹੇ ਦਿਆਲ ਗੋਬਿੰਦ! ਹੇ ਗੋਪਾਲ ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ । ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ । ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ । ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ । ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ।੧।ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ । ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ । ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ । ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ । ਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤਿ੍ਰਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ । ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ । ਨਾਨਕ ਬੇਨਤੀ ਕਰਦਾ ਹੈ—ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ ।੨। (ਮੇਰੀ ਇਸ) ਇਕੋ ਹਿਰਦਾ-ਸੇਜ ਉਤੇ ਪ੍ਰਭੂ-ਪਤੀ (ਮੇਰੇ) ਨਾਲ (ਵੱਸਦਾ) ਹੈ, ਪਰ ਮੈਨੂੰ ਦਰਸਨ ਪ੍ਰਾਪਤ ਨਹੀਂ ਹੁੰਦਾ! ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਸੱਦਿਆ ਭੀ ਕਿਵੇਂ ਜਾਏ? ਮੇਰੇ ਵਿਚ (ਤਾਂ) ਅਨੇਕਾਂ ਅਉਗਣ ਹਨ । ਗੁਣ-ਹੀਨ, ਨਿਮਾਣੀ, ਨਿਆਸਰੀ (ਜੀਵ-ਇਸਤ੍ਰੀ) ਬੇਨਤੀ ਕਰਦੀ ਹੈ—ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਮਿਲ । ਹੇ ਨੌ ਖ਼ਜ਼ਾਨਿਆਂ ਦੇ ਮਾਲਕ ਪ੍ਰਭੂ! ਇਕ ਪਲਕ ਮਾਤ੍ਰ ਤੇਰਾ ਦਰਸਨ ਕੀਤਿਆਂ (ਤੈਥੋਂ ਵਿਛੋੜਨ ਵਾਲੀ) ਭਟਕਣਾ ਦੀ ਕੰਧ ਦੂਰ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਲੀਨਤਾ ਹੋ ਜਾਂਦੀ ਹੈ । ਜਦੋਂ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਿਆਰਾ ਪ੍ਰਭੂ-ਪਤੀ ਆ ਵੱਸਦਾ ਹੈ ਜਦੋਂ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ, ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖ਼ੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ । ਹੇ ਗੁਰੂ! ਨਾਨਕ ਤੇਰੇ ਚਰਨਾਂ ਵਿਚ ਆ ਪਿਆ ਹੈ, ਤੇਰੀ ਸਰਨ ਆ ਗਿਆ ਹੈ (ਮੈਨੂੰ ਨਾਨਕ ਨੂੰ) ਪਰਮਾਤਮਾ-ਪਤੀ ਦਾ ਦਰਸਨ ਕਰਾ ਦੇ ।੩। ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ, ਮੇਰੇ ਮਨ ਵਿਚ ਠੰਢ ਪੈ ਗਈ ਹੈ, (ਮੇਰੇ ਅੰਦਰੋਂ ਤਿ੍ਰਸ਼ਨਾ ਦੀ) ਤਪਸ਼ ਬੁੱਝ ਗਈ ਹੈ । ਉਹ ਦਿਨ (ਮੇਰੇ ਵਾਸਤੇ) ਭਾਗਾਂ ਵਾਲਾ ਹੈ ਉਹ ਰਾਤ ਸੋਹਣੀ ਹੈ (ਜਦੋਂ ਮੈਨੂੰ ਪਰਮਾਤਮਾ ਮਿਲਿਆ । ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਬਹੁਤ ਆਨੰਦ ਖ਼ੁਸ਼ੀਆਂ ਸਵਾਦ ਬਣੇ ਪਏ ਹਨ, (ਮੇਰੇ ਹਿਰਦੇ ਵਿਚ) ਪਿਆਰੇ ਗੋਪਾਲ ਗੋਬਿੰਦ ਜੀ ਪਰਗਟ ਹੋ ਗਏ ਹਨ, ਮੈਂ ਆਪਣੀ ਜੀਭ ਨਾਲ (ਉਸ ਮਿਲਾਪ ਦੇ) ਕੇਹੜੇ ਕੇਹੜੇ ਗੁਣ (ਲਾਭ) ਦੱਸਾਂ? (ਮੇਰੇ ਅੰਦਰੋਂ) ਭਟਕਣਾ, ਲੋਭ, ਮੋਹ, ਆਦਿਕ ਸਾਰੇ ਵਿਕਾਰ ਦੂਰ ਹੋ ਗਏ ਹਨ, ਮੇਰੇ ਗਿਆਨ-ਇੰਦ੍ਰੇ ਮਿਲ ਕੇ ਸਿਫ਼ਤਿ-ਸਾਲਾਹ ਦਾ ਗੀਤ ਗਾ ਰਹੇ ਹਨ । ਹੁਣ ਨਾਨਕ ਗੁਰੂ ਦੇ ਚਰਨਾਂ ਵਿਚ ਢਹਿ ਪਿਆ ਹੈ, ਗੁਰੂ ਅੱਗੇ ਹੀ ਅਰਜ਼ੋਈ ਕਰਦਾ ਰਹਿੰਦਾ ਹੈ, ਕਿਉਂਕਿ ਉਸ ਗੁਰੂ ਨੇ ਮਿਲਾਪ ਦੇ ਲੇਖ ਦੀ ਰਾਹੀਂ (ਮਿਲਾਪ ਦੇ ਲੇਖ ਨੂੰ ਉਜਾਗਰ ਕਰ ਕੇ) ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ ।੪।੨।