ਚੰਡੀਗੜ੍ਹ : ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਸਾਰੀ ਪਾਰਟੀਆਂ ਆਪਣੇ – ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਿਹਾ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 6 ਹੋਰ ਨਵੇਂ ਉਮੀਦਵਾਰਾਂ ਦੀ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਮੋੜ ਵਿਧਾਨ ਸਭਾ ਤੋਂ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਜੀਤ ਮੋਹਿੰਦਰ ਸਿੰਘ, ਜੈਤੋ ਤੋਂ ਸੂਬਾ ਸਿੰਘ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਮੁਕਤਸਰ ਤੋਂ ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਫਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਟਿਕਟ ਦਿੱਤੀ ਹੈ।
PM ਮੋਦੀ ਸਵਾਮੀ ਪ੍ਰਭੂਪਾਦ ਦੀ ਜਯੰਤੀ ਮੌਕੇ 125 ਰੁਪਏ ਦਾ ਸਿੱਕਾ ਕਰਨਗੇ ਜਾਰੀ
ਇਸਕਾਨ ਦੇ ਸੰਸਥਾਪਕ ਸ਼੍ਰੀਲਾ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਦੀ 125ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸਤੰਬਰ ਨੂੰ125 ਰੁਪਏ ਦਾ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕਰਨਗੇ। ਇਸ ਤੋਂ ਇਲਾਵਾ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 4:30 ਵਜੇ ਇੱਕ ਸਭਾ ਨੂੰ ਵੀ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਸਵਾਮੀ ਪ੍ਰਭੂਪਾਦ ਨੇ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ਸਨੇਸ (ਇਸਕਾਨ) ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਆਮ ਤੌਰ ‘ਤੇ ‘ਹਰੇ ਕ੍ਰਿਸ਼ਨ ਅੰਦੋਲਨ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ਼੍ਰੀਮਦ ਭਾਗਵਤ ਗੀਤਾ ਅਤੇ ਹੋਰ ਵੈਦਿਕ ਸਾਹਿਤ ਦਾ 89 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ, ਜੋ ਦੁਨੀਆਭਰ ਵਿੱਚ ਵੈਦਿਕ ਸਾਹਿਤ ਦੇ ਪ੍ਰਸਾਰ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਪ੍ਰਭੂਪਾਦ ਨੇ 100 ਤੋਂ ਜ਼ਿਆਦਾ ਮੰਦਰਾਂ ਦੀ ਸਥਾਪਨਾ ਕੀਤੀ ਸੀ ਅਤੇ ਦੁਨੀਆ ਨੂੰ ਭਗਤੀਯੋਗ ਦਾ ਰਸਤਾ ਵਿਖਾਉਣ ਵਾਲੀਆਂ ਕਈ ਕਿਤਾਬਾਂ ਵੀ ਲਿਖੀਆਂ।
ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਤੇ ਉੱਠੇ ਸਵਾਲ, ਕੈਪਟਨ ਨੇ ਰਾਹੁਲ ਗਾਂਧੀ ਦੇ ਟਵੀਟ ਨੂੰ ਦੱਸਿਆ ਗਲਤ
ਇਤਿਹਾਸਿਕ ਜਲ੍ਹਿਆਂਵਾਲਾ ਬਾਗ ਦੀ ਮੁੜ ਉਸਾਰੀ ਸੰਬੰਧੀ ਕਾਂਗਰਸ ਨੇ ਵੱਖ-ਵੱਖ ਬਿਆਨ ਦੇ ਕੇ ਇਸਨੂੰ ਵਿਵਾਦਾਂ ਦਾ ਵਿਸ਼ਾ ਬਣਾ ਦਿੱਤਾ ਹੈ। ਰਾਹੁਲ ਗਾਂਧੀ ਟਵੀਟ ਕਰਕੇ ਉਕਤ ਕਾਰਜ ਨੂੰ ਗਲਤ ਕਰਾਰ ਦੇ ਰਹੇ ਹਨ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਕਤ ਕਾਰਜ ਦੀ ਸ਼ਲਾਘਾ ਕਰ ਰਹੇ ਹਨ। ਦੂਜੇ ਪਾਸੇ ਰਾਹੁਲ ਗਾਂਧੀ ਦੇ ਟਵੀਟ ਉਪਰੰਤ ਸੋਸ਼ਲ ਮੀਡੀਆ ’ਤੇ ਕਈ ਸਮਰਥਕ ਵੀ ਜਲ੍ਹਿਆਂਵਾਲਾ ਬਾਗ ਦੀ ਮੁਰੰਮਤ ਨੂੰ ਲੈ ਕੇ ਸਵਾਲ ਉਠਾ ਰਹੇ ਸਨ ਪਰ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਬਿਆਨਬਾਜੀ ’ਤੇ ਵਿਰਾਮ ਲਗਾਉਣ ਵਾਲਾ ਬਿਆਨ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਰਚੁਅਲ ਉਦਘਾਟਨ ਕੀਤਾ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਭੂਮੀ ਦੀ ਰਾਖੀ ਕਰਨਾ ਦੇਸ਼ ਦਾ ਫ਼ਰਜ਼ ਹੈ। ਇਸ ਦੇ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ’ਤੇ ਤੰਜ ਕੱਸਿਆ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਸਵਾਲ ਉਠਾਦਿਆਂ ਕਿਹਾ ਸੀ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਨਿਰਾਦਰ ਉਹੀ ਕਰ ਸਕਦਾ ਹੈ, ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਮੈਂ ਇਕ ਸ਼ਹੀਦ ਦਾ ਪੁੱਤਰ ਹਾਂ, ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ’ਤੇ ਸਹਿਣ ਨਹੀਂ ਕਰਾਂਗਾ। ਅਸੀਂ ਇਸ ਘਿਣੌਨੇ ਜ਼ੁਲਮ ਖ਼ਿਲਾਫ਼ ਹਾਂ। ਇਤਿਹਾਸਕਾਰਾਂ ਦਾ ਸਵਾਲ ਹੈ ਕਿ ਕੀ ਸਜਾਵਟ ਨੇ ਇਸ ਦੇ 102 ਸਾਲ ਪੁਰਾਣੇ ਇਤਿਹਾਸ ਨੂੰ ਨਸ਼ਟ ਕਰ ਦਿੱਤਾ ਹੈ।
ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧਤ ਸੁਨੀਲ ਕਪੂਰ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਇੱਥੇ ਇਹ ਸ਼ਹੀਦਾਂ ਦੀ ਬੇਇੱਜ਼ਤੀ ਹੈ ਅਤੇ ਸ਼੍ਰੀ ਅਮਰ ਸ਼ਹੀਦ ਜੋਤੀ ਨੂੰ ਜਲ੍ਹਿਆਂਵਾਲਾ ਬਾਗ ’ਚ ਜਗਾਇਆ ਗਿਆ ਸੀ। ਇਸ ਨੂੰ ਦੂਜੀ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਵੀ ਸ਼ਹੀਦ ਖੂਹ ਦਾ ਸੁਧਾਰ ਕੀਤਾ ਗਿਆ ਹੈ, ਜੋ ਸ਼ਹੀਦਾਂ ਦਾ ਬਹੁਤ ਵੱਡਾ ਅਪਮਾਨ ਹੈ।
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ ਸਿਸਵਾਂ ਫਾਰਮ ਹਾਊਸ ਵਿਖੇ ਮੁੱਖ ਮੰਤਰੀ ਕੈਪਟਨ ਨੂੰ ਮਿਲਣਗੇ
ਚੰਡੀਗੜ੍ਹ : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੁਪਹਿਰ 1 ਵਜੇ ਸਿਸਵਾਂ ਫਾਰਮ ਹਾਊਸ ‘ਤੇ ਹੋਵੇਗੀ। ਇਸ ਦੌਰਾਨ ਹਰੀਸ਼ ਰਾਵਤ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖਮੰਤਰੀ ਦੇ ਵਿੱਚ ਚੱਲ ਰਹੀ ਰਾਜਨੀਤਿਕ ਕਲੇਸ਼ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ ਕਰਨਗੇ। ਦੱਸ ਦਈਏ ਕਿ, ਇਸ ਤੋਂ ਪਹਿਲਾਂ ਰਾਵਤ ਨੇ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਸੀ।
ਚੰਡੀਗੜ੍ਹ ਪੁਲੀਸ ਖ਼ਿਲਾਫ਼ ਮਨੀਸ਼ਾ ਗੁਲਾਟੀ ਨੂੰ ਮਿਲਿਆ ‘ਆਪ’ ਦਾ ਮਹਿਲਾ ਵਿੰਗ
ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਪੁਰਸ ਮੁਲਾਜ਼ਮਾਂ ਨੇ ਕੀਤੀ ਬਦਸਲੂਕੀ: ਰਾਜਵਿੰਦਰ ਕੌਰ ਥਿਆੜਾ
ਚੰਡੀਗੜ੍ਹ : ਭਾਜਪਾ ਖ਼ਿਲਾਫ਼ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਕਰਨ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਮਹਿਲਾ ਕਾਰਕੁੰਨਾਂ ਨਾਲ ਚੰਡੀਗੜ੍ਹ ਪੁਲੀਸ ਵੱਲੋਂ ਕੀਤੇ ਦੁਰਵਿਵਹਾਰ ਅਤੇ ਬਦਸਲੂਕੀ ਵਿਰੁੱਧ ਮਹਿਲਾ ਆਗੂਆਂ ਦੇ ਇੱਕ ਵਫ਼ਦ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਪੁਲੀਸ ਮੁਲਾਜ਼ਮਾਂ ਅਤੇ ਸਿਵਲ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਚੰਡੀਗੜ੍ਹ ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ‘ਆਪ’ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹਿੱਤ ਇੱਕ ਸ਼ਿਕਾਇਤ ਪੱਤਰ ਦਿੱਤਾ।
ਇਸ ਸ਼ਿਕਾਇਤ ਰਾਹੀਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਸਹਿ ਪ੍ਰਧਾਨ ਬਲਜਿੰਦਰ ਕੌਰ ਨੇ ਦੱਸਿਆ ਕਿ 29 ਅਗਸਤ ਨੂੰ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਵੱਲੋਂ ਪੰਜਾਬ ਸਮੇਤ ਦੇਸ਼ ਭਰ ’ਚ ਔਰਤਾਂ ਅਤੇ ਕਿਸਾਨਾਂ ’ਤੇ ਕੀਤੇ ਜਾਂਦੇ ਹਮਲਿਆਂ ਖ਼ਿਲਾਫ਼ ਚੰਡੀਗੜ੍ਹ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ, ‘ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਮਹਿਲਾ ਪੁਲੀਸ ਕਰਮੀਆਂ ਦੀ ਥਾਂ ਪੁਰਸ਼ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀ ਮਹਿਲਾਵਾਂ ਨਾਲ ਬਦਸਲੂਕੀ ਅਤੇ ਸਰੀਰਕ ਛੇੜਛਾੜ ਕੀਤੀ। ਐਨਾ ਹੀ ਨਹੀਂ ਸਗੋਂ ਪੁਲੀਸ ਵੱਲੋਂ ਮਹਿਲਾਵਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜਿਸ ਕਾਰਨ ਦਰਜ਼ਨਾਂ ਵਰਕਰਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੇ ਕੱਪੜੇ ਤੱਕ ਫਟ ਗਏ।’
‘ਆਪ’ ਮਹਿਲਾ ਆਗੂਆਂ ਨੇ ਦੋਸ਼ ਲਾਇਆ,‘‘ ਚੰਡੀਗੜ੍ਹ ਪੁਲੀਸ ਦਾ ਵਤੀਰਾ ਅਤਿ ਨਿੰਦਣਯੋਗ ਅਤੇ ਮੰਦਭਾਗਾ ਸੀ। ਪੁਲੀਸ ਮੁਲਾਜ਼ਮਾਂ ਵੱਲੋਂ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਫਾੜੇ ਗਏ ਅਤੇ ਉਨ੍ਹਾਂ ਨਾਲ ਸਰੀਰਕ ਛੇੜਛਾੜ ਕੀਤੀ ਗਈ, ਜੋ ਕਿ ਕਾਨੂੰਨਨ ਅਤੇ ਇਖ਼ਲਾਕੀ ਤੌਰ ’ਤੇ ਗਲਤ ਹੈ। ਪੁਲੀਸ ਮੁਲਾਜ਼ਮਾਂ ਨੇ ਉਮਰਦਰਾਜ਼ ਪ੍ਰਦਰਸ਼ਨਕਾਰੀਆਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੇ ਪੇਟ ਵਿੱਚ ਡੰਡੇ ਮਾਰੇ ਗਏ।’’ ਪੁਲੀਸ ਦੇ ਇਸ ਘਟੀਆ ਦਰਜੇ ਦੇ ਵਤੀਰੇ ਅਤੇ ਮਹਿਲਾ ਕਾਰਕੁਨਾਂ ਨਾਲ ਸਰੀਰਕ ਛੇੜਛਾੜ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਦੀ ਮੰਗ ਕਰਦਿਆਂ ਮਹਿਲਾ ਆਗੂਆਂ ਨੇ ਦੋਸ਼ੀ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਡਿਊਟੀ ’ਤੇ ਮੌਜ਼ੂਦ ਸਿਵਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਤਿੰਨ ਦਿਨਾਂ ’ਚ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਵਫ਼ਦ ਵਿੱਚ ‘ਆਪ’ ਮਹਿਲਾ ਵਿੰਗ ਦੀਆਂ ਆਗੂ ਸੰਯੁਕਤ ਸਕੱਤਰ ਪੰਜਾਬ ਸਵਰਨਜੀਤ ਕੌਰ ਬਲਟਾਣਾ, ਐਡਵੋਕੇਟ ਅਮਰਦੀਪ ਕੌਰ, ਜ਼ਿਲ੍ਹਾ ਪ੍ਰਧਾਨ ਮੋਹਾਲੀ ਕਸ਼ਮੀਰ ਕੌਰ ਅਤੇ ਜ਼ਿਲ੍ਹਾ ਸਕੱਤਰ ਮੋਹਾਲੀ ਪ੍ਰਭਜੋਤ ਕੌਰ ਆਦਿ ਸ਼ਾਮਲ ਸਨ।
‘ਆਪ’ ਵਿਧਾਇਕ ਦਲ ਦੀ ਬੈਠਕ ’ਚ ਨਿਸ਼ਾਨੇ ’ਤੇ ਰਹੇ ਕੈਪਟਨ ਅਤੇ ਨਵਜੋਤ ਸਿੱਧੂ
ਗੁਰਪੁਰਬ ਦਿਵਸ ਤੋਂ ਲੈ ਕੇ 15 ਦਿਨ ਚੱਲੇ ਵਿਧਾਨ ਸਭਾ ਦਾ ਇਜਲਾਸ: ਹਰਪਾਲ ਸਿੰਘ ਚੀਮਾ
ਕਾਂਗਰਸ ਸਰਕਾਰ ’ਤੇ ਲੋਕ ਮੁੱਦਿਆਂ ਤੋਂ ਭੱਜਣ ਦਾ ਲਾਇਆ ਦੋਸ਼
ਕਿਸਾਨਾਂ ਅਤੇ ਔਰਤਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਦੀ ਕੀਤੀ ਨਿੰਦਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਦਲ ਦੀ ਬੈਠਕ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਨਿਸ਼ਾਨੇ ’ਤੇ ਰਹੇ ਅਤੇ ਸੱਤਾਧਾਰੀ ਕਾਂਗਰਸ ਉਤੇ ਲੋਕ ਮੁੱਦਿਆਂ ਤੋਂ ਭੱਜਣ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ 3 ਸਤੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇੱਕ ਰੋਜ਼ਾ ਵਿਧਾਨ ਸਭਾ ਦੇ ਇਜਲਾਸ ਨੂੰ ਘੱਟੋ-ਘੱਟ 15 ਦਿਨ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਤਾਂਕਿ ਖੇਤੀ ਸੰਕਟ, ਮਹਿੰਗੀ ਬਿਜਲੀ ਅਤੇ ਮਾਫ਼ੀਆ ਸਮੇਤ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਸਾਰੇ ਮੁੱਦਿਆਂ ’ਤੇ ਸਦਨ ’ਚ ਵਿਚਾਰ ਚਰਚਾ ਕੀਤੀ ਜਾ ਸਕੇ। ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਸਕੱਤਰੇਤ ’ਚ ‘ਆਪ’ ਵਿਧਾਇਕ ਦਲ ਦੀ ਬੈਠਕ ’ਚ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਅਤੇ ਜਗਤਾਰ ਸਿੰਘ ਹਿੱਸੋਵਾਲ (ਸਾਰੇ ਵਿਧਾਇਕ) ਮੌਜ਼ੂਦ ਸਨ।
ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬੈਠਕ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ਦਾ ਸਵਾਗਤ ਕੀਤਾ ਗਿਆ, ਪ੍ਰੰਤੂ ਸਰਕਾਰ ਦੀ ਨੀਅਤ ’ਤੇ ਸਵਾਲ ਵੀ ਉਠਾਏ ਗਏ। ਚੀਮਾ ਮੁਤਾਬਕ ਸੱਤਾਧਾਰੀ ਕਾਂਗਰਸੀ ਸਦਨ ’ਚ ਲੋਕ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਟਾਲਾ ਵੱਟ ਰਹੇ ਹਨ। ਡਰਦੇ ਹਨ ਕਿ ਚੋਣਾ ਤੋਂ ਪਹਿਲਾ ਇਸ ਇਜਲਾਸ ਦੌਰਾਨ ਸਰਕਾਰ ਦੀਆਂ ਨਲਾਇਕੀਆਂ ਅਤੇ ਨਾਕਾਮੀਆਂ ਸੁਰਖ਼ੀਆਂ ਨਾ ਬਣ ਜਾਣ ਕਿਉਂਕਿ ਅੱਜ ਸਾਢੇ ਚਾਰ ਸਾਲ ਬਾਅਦ ਵੀ ਕੈਪਟਨ ਸਰਕਾਰ ਕੋਲ ਪੰਜਾਬਵਾਸੀਆਂ ਨੂੰ ਦੱਸਣ ਲਈ ਇੱਕ ਵੀ ਉਸਾਰੂ ਪ੍ਰਾਪਤੀ ਨਹੀਂ, ਜਿਸ ਦਾ ਲਾਭ ਜਨਤਾ ਅਤੇ ਸੂਬੇ ਨੂੰ ਮਿਲਿਆ ਹੋਵੇ।
ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ- ਨਾਲ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇਕਰ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਆਪਣੀ ਪਾਰਟੀ ਕੋਲੋਂ ਆਗਾਮੀ ਇਜਲਾਸ ਦੀ ਮਿਆਦ 15 ਦਿਨਾਂ ਤੱਕ ਵਧਾ ਨਹੀਂ ਸਕਦੇ ਤਾਂ ਉਹ ਕਿਸ ਜ਼ਮੀਰ ਸਦਕਾ ਕਾਂਗਰਸ ’ਚ ਬੈਠੇ ਹਨ? ਚੀਮਾ ਨੇ ਕਿਹਾ ਕਿ ਮਹਿੰਗੀ ਬਿਜਲੀ ਅਤੇ ਮਾਫੀਆ ਰਾਜ ਦੇ ਹਵਾਲੇ ਨਾਲ ਆਪਣੀ ਹੀ ਕਾਂਗਰਸ ਸਰਕਾਰ ਵਿਰੁੱਧ ਟਵੀਟ ’ਤੇ ਟਵੀਟ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਸਾਥੀ ਕਾਂਗਰਸੀ ਵਿਧਾਇਕਾਂ ਅਤੇ ਵਜ਼ੀਰਾਂ ਲਈ ਇਹ ਇਜਲਾਸ ਪਰਖ਼ ਦੀ ਘੜੀ ਹੋਵੇਗਾ ਕਿ ਉਹ ਪੰਜਾਬ ਹਿਤੈਸ਼ੀ ਹੋਣ ਦੇ ਨਾਤੇ ਮਹਿੰਗੇ ਬਿਜਲੀ ਸਮਝੌਤੇ (ਪੀਪੀਏਜ਼) ਇਸ ਇਜਲਾਸ ਦੌਰਾਨ ਰੱਦ ਕਰਾਉਦੇ ਹਨ ਜਾਂ ਫਿਰ ਉਨ੍ਹਾਂ ਦੀ ਲੜਾਈ ਸਿਰਫ਼ ਕੁਰਸੀ ਤੱਕ ਹੀ ਸੀਮਤ ਸੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਲਈ ਪ੍ਰਾਈਵੇਟ ਮੈਂਬਰ ਬਿਲ ਲਿਆਂਦਾ ਗਿਆ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਸਾਥੀ ਵਿਧਾਇਕ ਇਸ ਲੋਕ ਹਿਤੈਸ਼ੀ ਬਿਲ ਦੀ ਹਿਮਾਇਤ ਕਰਦੇ ਹਨ ਜਾਂ ਫਿਰ ਭੱਜਦੇ ਹਨ। ਅਮਨ ਅਰੋੜਾ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਸਿੱਧੂ ਚਾਹੁਣ ਤਾਂ ਕੈਪਟਨ ਦੇ ਨਾ ਚਹੁੰਦੇ ਹੋਏ ਵੀ ਬਿਜਲੀ ਸਮਝੌਤੇ ਰੱਦ ਕਰਨ ਵਾਲਾ ਬਿਲ ਵਿਧਾਨ ਸਭਾ ’ਚ ਪਾਸ ਕਰਵਾਇਆ ਜਾ ਸਕਦਾ ਹੈ ਕਿਉਂਕਿ ਸਿੱਧੂ ਨਾਲ 50 ਤੋਂ ਵੱਧ ਕਾਂਗਰਸੀ ਵਿਧਾਇਕਾਂ ਦੀ ਹਿਮਾਇਤ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮਿਲਾ ਕੇ ਸਦਨ ’ਚ ਬਹੁਗਿਣਤੀ ਹੋ ਜਾਵੇਗੀ। ਬੈਠਕ ਦੌਰਾਨ ਹਰਿਆਣਾ ਅਤੇ ਪੰਜਾਬ ਸਰਕਾਰਾਂ ਵੱਲੋਂ ਕਿਸਾਨਾਂ, ਔਰਤਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਜਾ ਰਹੇ ਅੰਨ੍ਹੇ ਲਾਠੀਚਾਰਜ ਦੀ ਘੋਰ ਨਿੰਦਾ ਵੀ ਕੀਤੀ।
ਮੁੱਖ ਮੰਤਰੀ ਵੱਲੋਂ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡਣ ਦੀ ਸ਼ੁਰੂਆਤ, ਕਿਹਾ – 90 ਫੀਸਦੀ ਚੋਣ ਵਾਅਦੇ ਪੂਰੇ ਕੀਤੇ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਨਾਂ ਦੀ 26ਵੀਂ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ:ਇੱਕ ਵੱਡਾ ਚੋਣ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਜੋ ਕਿ 1500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ, ਦੀ ਵੰਡ ਦੀ ਸ਼ੁਰੂਆਤ ਕੀਤੀ। ਇਹ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪਹਿਲਾਂ ਦਿੱਤੀ ਜਾਂਦੀ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਮੁਕਾਬਲੇ ਤਿੰਨ ਗੁਣਾ ਵਾਧਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂਆਤ ਦੌਰਾਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਨਾਂ ਦੀ 26ਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ. ਬੇਅੰਤ ਸਿੰਘ ਨੇ ਸ਼ਾਂਤੀ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਜਿਸ ਨਾਲ ਸੂਬੇ ਵਿੱਚ ਅਮਨ ਸਥਾਪਤ ਹੋਇਆ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਦਾ ਰਾਹ ਪੱਧਰਾ ਹੋਇਆ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ 547 ਚੋਣ ਵਾਅਦਿਆਂ ਵਿਚੋਂ 422 ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ ਜਦੋਂ ਕਿ 52 ਅੰਸ਼ਿਕ ਰੂਪ ਵਿੱਚ ਅਤੇ 59 ਅਜੇ ਲਾਗੂ ਹੋਣੇ ਬਾਕੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ ਇਸ ਤਰਾਂ ਅਸੀਂ ਲਾਗੂ ਹੋਣ ਯੋਗ ਵਾਅਦਿਆਂ ਵਿਚੋਂ 90 ਫੀਸਦੀ ਪੂਰੇ ਕਰ ਦਿੱਤੇ ਹਨ ਜੋਕਿ ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਸਰਕਾਰ ਤੋਂ ਬਾਅਦ ਕਿਸੇ ਵੀ ਸੂਬੇ ਵਿੱਚ ਸਭ ਤੋਂ ਵੱਡੀ ਗਿਣਤੀ ਹੈ।’’ ਉਨਾਂ ਦੱਸਿਆ ਕਿ 14 ਵਾਅਦੇ ਲਾਗੂ ਕੀਤੇ ਜਾਣੇ ਮੁਸ਼ਕਲ ਹਨ ਕਿਉਂਕਿ ਇਨਾਂ ਦਾ ਸਬੰਧ ਵੈਟ ਨਾਲ ਹੈ ਜਿਸ ਦੀ ਥਾਂ ਹੁਣ ਜੀ.ਐਸ.ਟੀ. ਪ੍ਰਣਾਲੀ ਨੇ ਲੈ ਲਈ ਹੈ।
ਲੋਕਾਂ ਨਾਲ ਆਪਣੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਅਨੁਸਾਰ ਚੁੱਕੇ ਗਏ ਲੋਕ ਭਲਾਈ ਦੇ ਕਦਮਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਗਨ ਸਕੀਮ (ਆਸ਼ੀਰਵਾਦ) ਤਹਿਤ ਰਕਮ ਪਹਿਲਾਂ ਹੀ ਵਧਾ ਕੇ 51000 ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਹੀ ‘ਕਿਸਾਨੀ ਕਰਜ਼ਾ ਰਾਹਤ’ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 4700 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਸਮਾਰਟ ਫੋਨਾਂ ਦੀ ਵੰਡ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਐਸ.ਸੀ. ਸਕਾਲਰਸ਼ਿਪ ਸਕੀਮ ਪਹਿਲਾਂ ਹੀ ਮੁੜ ਚਾਲੂ ਕਰ ਦਿੱਤੀ ਹੈ ਤਾਂ ਜੋ ਗਰੀਬ ਅਤੇ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਸਕਣ। ਇਸੇ ਤਰਾਂ ਹੀ ਸਮਾਜ ਦੇ ਵਾਂਝੇ ਵਰਗਾਂ ਨੂੰ ਕਰਜ਼ਾ ਰਾਹਤ ਦੇਣ ਲਈ ਐਸ.ਸੀ/ਬੀ.ਸੀ ਕਾਰਪੋਰੇਸ਼ਨ ਦੇ 50000 ਰੁਪਏ ਤੱਕ ਦੇ ਕਰਜ਼ੇ ਵੀ ਮੁਆਫ ਕੀਤੇ ਗਏ ਹਨ। ਮਹਿਲਾ ਸਸ਼ਕਤੀਕਰਣ ਨੂੰ ਬੜਾਵਾ ਦੇਣ ਲਈ ਸੂਬਾ ਸਰਕਾਰ ਨੇ ਉਨਾਂ ਲਈ ਪੰਚਾਇਤਾਂ/ਸ਼ਹਿਰੀ ਸਥਾਨਕ ਸਰਕਾਰਾਂ ਵਿੱਚ 50 ਫੀਸਦੀ ਅਤੇ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਤੋਂ ਇਲਾਵਾ ਮੁਫ਼ਤ ਬੱਸ ਸਫਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। ‘ਘਰ-ਘਰ ਨੌਕਰੀ’ ਪਹਿਲਕਦਮੀ ਦੇ ਹਿੱਸੇ ਵਜੋਂ 17 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 38 ਲੱਖ ਵਿਅਕਤੀਆਂ ਨੂੰ ਮੁਫਤ ਮੈਡੀਕਲ ਬੀਮੇ ਦੀ ਸਹੂਲਤ ਦਿੱਤੀ ਗਈ ਹੈ।
ਇਸੇ ਤਰਾਂ ਹੀ ਪੰਜਾਬ ਨੇ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਇੱਕ ਸਮਰੱਥ ਸਕੂਲ ਸਿੱਖਿਆ ਢਾਂਚਾ ਯਕੀਨੀ ਬਣਾਉਣ ਹਿੱਤ ਮਾਰੇ ਗਏ ਹੰਭਲੇ ਦੇ ਨਤੀਜੇ ਵਜੋਂ ਸਕੂਲ ਸਿੱਖਿਆ ਖੇਤਰ ਵਿੱਚ ਦੇਸ਼ ਭਰ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਅਸਰ ਦਾ ਇਸੇ ਤੋਂ ਪਤਾ ਲਗਦਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਹੁਣ ਨਿੱਜੀ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਨੂੰ ਤਰਜੀਹ ਦੇਣ ਲੱਗ ਪਏ ਹਨ।ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ ਦਾਣਾ-ਦਾਣਾ ਚੱਕਾਂਗੇ’ ਦੇ ਵਾਅਦੇ ’ਤੇ ਖਰਾ ਉਤਰਦੇ ਹੋਏ ਮੰਡੀਆਂ ਵਿੱਚੋਂ ਇੱਕ-ਇੱਕ ਦਾਣੇ ਦੀ ਚੁਕਾਈ ਕੀਤੀ ਗਈ ਹੈ ਅਤੇ ਇਸ ਤੋਂ ਛੁੱਟ ਪਾਣੀ ਵਰਗੀ ਅਨਮੋਲ ਦਾਤ ਨੂੰ ਬਚਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ ਮੁੱਖ ਮੰਤਰੀ ਨੇ 10 ਬਜ਼ੁਰਗ, ਵਿਧਵਾ, ਬੇਸਹਾਰਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਵੱਧੀ ਹੋਈ ਪੈਨਸ਼ਨ ਦੇ ਚੈਕ ਵੰਡ ਕੇ ਰਸਮੀ ਤੌਰ ’ਤੇ ਸੂਬੇ ਭਰ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ।
ਇਸ ਸਮੇਂ ਤਿੰਨ ਲਾਭਪਾਤਰੀਆਂ ਜਲੰਧਰ ਤੋਂ ਇਕ ਬਜ਼ੁਰਗ ਮਹਿਲਾ ਪਰਮਜੀਤ ਕੌਰ, ਪਟਿਆਲਾ ਤੋਂ ਵਿਧਵਾ ਮਹਿਲਾ ਮਮਤਾ ਰਾਣੀ ਅਤੇ ਗੁਰਦਾਸਪੁਰ ਤੋਂ ਦਿਵਿਆਂਗ ਵਿਅਕਤੀ ਇੰਦਰਜੀਤ ਸਿੰਘ ਨੇ ਮਹੀਨਾਵਾਰੀ ਪੈਨਸ਼ਨ ਦੁੱਗਣੀ ਵਧਾ ਕੇ 750 ਰੁਪਏ ਤੋਂ 1500 ਰੁਪਏ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਇਸ ਮੌਕੇ ਸੂਬੇ ਭਰ ਦੇ ਤਕਰੀਬਨ 4000 ਸਥਾਨਾਂ ਤੋਂ ਲੋਕਾਂ ਨੇ ਵਰਚੁਅਲ ਤੌਰ ’ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਦੋਂ ਕਿ ਕਈ ਮੰਤਰੀਆਂ, ਵਿਧਾਇਕਾਂ ਅਤੇ ਹੋਰ ਲੋਕ ਪ੍ਰਤੀਨਿਧੀਆਂ ਨੇ ਸੂਬੇ ਦੇ ਵੱਖੋ-ਵੱਖ ਹਿੱਸਿਆਂ ਵਿੱਚ ਕਰਵਾਏ 400 ਸਮਾਗਮਾਂ ਵਿੱਚ ਹਿੱਸਾ ਲੈਂਦੇ ਹੋਏ ਵਧੀ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਚੈਕ ਵੰਡੇ।ਸੂਬੇ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਇਸ ਮੌਕੇ 1 ਜੁਲਾਈ, 2021 ਤੋਂ ਸਮਾਜਿਕ ਸੁਰੱਖਿਆ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਦੇ ਹੋਏ 27 ਲੱਖ ਬਜ਼ੁਰਗ, ਬੇਸਹਾਰਾ, ਵਿਧਵਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਵਧੀ ਹੋਈ ਪੈਨਸ਼ਨ ਨਾਲ ਇਨਾਂ ਪੈਨਸ਼ਨਾਂ ਦੀ ਵੰਡ ਸਬੰਧੀ ਸਾਲਾਨਾ ਬਜਟ ਵਧ ਕੇ 4800 ਕਰੋੜ ਰੁਪਏ ਹੋ ਗਿਆ ਹੈ।
ਸਮਾਜਿਕ ਸੁਰੱਖਿਆ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਕਾਂਗਰਸ ਸਰਕਾਰ ਨੇ 1992 ਤੋਂ ਆਪਣੇ 15 ਸਾਲ ਦੇ ਕਾਰਜਕਾਲ ਦੌਰਾਨ ਚਾਰ ਵਾਰ ਇਹ ਪੈਨਸ਼ਨ ਵਧਾਈ ਹੈ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 9 ਸਾਲ ਦੇ ਕਾਰਜਕਾਲ ਦੌਰਾਨ ਇਸ ਪੈਨਸ਼ਨ ਵਿੱਚ ਕੀਤਾ ਗਿਆ ਤਿੰਨ ਵਾਰ ਦਾ ਵਾਧਾ ਵੀ ਸ਼ਾਮਲ ਹੈ। ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 15 ਸਾਲ ਦੇ ਕਾਰਜਕਾਲ ਵਿੱਚ ਸਿਰਫ ਇੱਕ ਵਾਰ ਇਸ ਪੈਨਸ਼ਨ ਵਿੱਚ ਵਾਧਾ ਕੀਤਾ ਸੀ।ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਮਾਜਿਕ ਨਿਆਂ, ਸਸ਼ਕਤੀਕਰਣ, ਘੱਟ ਗਿਣਤੀ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਰਾਜੀ.ਪੀ. ਸ੍ਰੀਵਾਸਤਵਾ ਵੀ ਸ਼ਾਮਿਲ ਸਨ।
ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਤੋਂ ਮੁਆਫੀ ਮੰਗੇ ਮੋਦੀ ਸਰਕਾਰ: ਸੀਐਮ ਅਸ਼ੋਕ ਗਹਿਲੋਤ
ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ਵਿਰੁੱਧ ਹਿੰਸਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੋਦੀ ਸਰਕਾਰ ਨੂੰ ਖੇਤੀਬਾੜੀ ਕਾਨੂੰਨ ਰੱਦ ਕਰਨ ਅਤੇ ਕਿਸਾਨਾਂ ਤੋਂ ਮੁਆਫੀ ਮੰਗਣ ਲਈ ਕਿਹਾ। ਗਹਿਲੋਤ ਨੇ ਟਵੀਟ ਕੀਤਾ, ‘ਹਰਿਆਣਾ ਦੇ ਕਰਨਾਲ’ ਚ ਜਿਸ ਤਰੀਕੇ ਨਾਲ ਕਿਸਾਨਾਂ ‘ਤੇ ਹਮਲਾ ਕੀਤਾ ਗਿਆ ਉਹ ਨਿੰਦਣਯੋਗ ਹੈ। ਅਜਿਹੀ ਵਹਿਸ਼ੀ ਕਾਰਵਾਈਆਂ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਭੜਕਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਖ -ਵੱਖ ਤਰੀਕਿਆਂ ਨਾਲ ਬਿਆਨ ਦੇ ਰਹੇ ਹਨ, ਜਿਸ ਦਾ ਕੋਈ ਮਤਲਬ ਨਹੀਂ ਬਣ ਰਿਹਾ।
हरियाणा सरकार के अधिकारी किसानों पर हिंसात्मक कार्रवाई के निर्देश दे रहे हैं जिस पर पूरे देश में प्रतिक्रिया हो रही है लेकिन ऐसे अधिकारियों के खिलाफ कोई कार्रवाई नहीं हुई है। मोदी सरकार किसानों के सब्र का इम्तिहान ना लेकर तुरंत कृषि कानूनों को निरस्त कर किसानों से माफी मांगे।
— Ashok Gehlot (@ashokgehlot51) August 31, 2021
ਉਨ੍ਹਾਂ ਨੇ ਲਿਖਿਆ ਕਿ ਹਰਿਆਣਾ ਸਰਕਾਰ ਦੇ ਅਧਿਕਾਰੀ ਕਿਸਾਨਾਂ ਦੇ ਖਿਲਾਫ ਹਿੰਸਕ ਕਾਰਵਾਈ ਦੇ ਨਿਰਦੇਸ਼ ਦੇ ਰਹੇ ਹਨ, ਜਿਸਦਾ ਪੂਰੇ ਦੇਸ਼ ਵਿੱਚ ਪ੍ਰਤੀਕਰਮ ਹੋ ਰਿਹਾ ਹੈ, ਪਰ ਅਜਿਹੇ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਗਹਿਲੋਤ ਦੇ ਅਨੁਸਾਰ, “ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ ਅਤੇ ਖੇਤੀਬਾੜੀ ਕਾਨੂੰਨ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਗੇਟ ਬਨਾਉਣ ਲਈ ਤਕਰੀਬਨ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ
ਚੰਡੀਗੜ੍ਹ:ਪੰਜਾਬ ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਵੇਂ ਗੇਟ ਬਨਾਉਣ ਅਤੇ ਪੁਰਾਣੇ ਗੇਟਾਂ ਦੀ ਮੁਰੰਮਤ ਕਰਨ ਲਈ ਚਾਰ ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਜੋ ਸਕੂਲਾਂ ਦਾ ਮੂੰਹ-ਮੱਥਾ ਹੋਰ ਸੰਵਾਰਨ ਦੇ ਨਾਲ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪੰਜਾਬ ਵਿੱਚ 70 ਫੀਸਦੀ ਸਕੂਲ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਪੂਰੀ ਤਰ੍ਹਾਂ ਕਾਇਆ-ਕਲਪ ਹੋ ਗਈ ਹੈ। ਪਰ ਸੂਬੇ ਦੇ 98 ਸਕੂਲਾਂ ਵਿੱਚ ਅਜੇ ਗੇਟ ਨਹੀਂ ਹਨ ਅਤੇ 1622 ਦੀ ਮੁਰੰਮਤ ਹੋਣ ਵਾਲੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 3. 93 ਕਰੋੜ ਰੁਪਏ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ।
ਬੁਲਾਰੇ ਅਨੁਸਾਰ ਇਸ ਵੇਲੇ ਸੂਬੇ ਭਰ ਦੇ 81 ਪ੍ਰਾਇਮਰੀ ਸਕੂਲਾਂ ਅਤੇ 17 ਮਿਡਲ ਸਕੂਲਾਂ ਦੇ ਗੇਟ ਨਹੀਂ ਹਨ। ਇਨ੍ਹਾਂ ਬਨਾਉਣ ਵਾਸਤੇ ਕੁੱਲ 68.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸੂਬੇ ਵਿੱਚ 1177 ਪ੍ਰਾਇਮਰੀ ਅਤੇ 445 ਮਿਡਲ ਸਕੂਲਾਂ ਦੇ ਗੇਟਾਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ 324.40 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੂਬੇ ਦੇ 13225 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਦੇ ਇਨ੍ਹਾਂ ਦੀ ਪੂਰੀ ਤਰ੍ਹਾਂ ਕਾਇਆ ਕਲਪ ਕਰ ਦਿੱਤੀ ਗਈ ਹੈ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਵਧੀਆ ਮਹੌਲ ਬਣਿਆ ਹੈ ਜਿਸ ਦਾ ਪ੍ਰਗਟਾਵਾ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵਧਣ ਤੋਂ ਸਪਸ਼ਟ ਤੌਰ ’ਤੇ ਹੁੰਦਾ ਹੈ।













