Home Blog Page 2385

ਚੰਨੀ ਸਰਕਾਰ ਨੇ Sukhjinder Singh Randhawa ਤੇ OP Soni ਬਾਰੇ ਜਾਰੀ ਕੀਤੇ ਨਵੇਂ ਹੁਕਮ

0

ਪੰਜਾਬ ਦੀ ਚੰਨੀ ਸਰਕਾਰ ਨੇ ਰਾਜ ਦੇ ਕੈਬਿਨੇਟ ਵਜ਼ੀਰਾਂ ਸੁਖਜਿੰਦਰ ਰੰਧਾਵਾ ਅਤੇ ਓ ਪੀ ਸੋਨੀ ਬਾਰੇ ਤਾਜ਼ਾ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਰਸਮੀ ਰੂਪ ਵਿੱਚ ਡਿਪਟੀ ਚੀਫ਼ ਮਿਨਿਸਟਰ ਵਜੋਂ ਡਾਈਜ਼ਗੀਨੇਟ ਕਰ ਦਿੱਤਾ ਹੈ । ਸਰਕਾਰ ਦੀ ਕੈਬਿਨੇਟ ਬਰਾਂਚ ਵੱਲੋਂ ਇਸ ਬਾਰੇ ਜਾਰੀ ਕੀਤੇ ਆਰਡਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੀ ਉਨ੍ਹਾਂ ਨੂੰ ਇਹ ਅਹੁਦਾ ਮਿਲੇਗਾ।

ਦੱਸਣਯੋਗ ਹੈ ਕਿ 2 ਉਪ ਮੁੱਖ ਮੰਤਰੀਆਂ ਨੂੰ ਅਹੁਦਾ ਐਲਾਨ ਤਾਂ ਕਰ ਦਿੱਤਾ ਗਿਆ ਸੀ ਪਰ ਉਸ ਦਾ ਲਿਖਤੀ ਐਲਾਨ ਨਹੀਂ ਕੀਤਾ ਗਿਆ ਸੀ ਜੋ ਦੇਰ ਰਾਤ ਕੀਤਾ ਗਿਆ ਹੈ ਉਹ ਉਪ ਮੁੱਖ ਮੰਤਰੀ ਤਾਂ ਬਣ ਚੁੱਕੇ ਸੀ ਪਰ ਉਸ ਦਿਨ ਤੋਂ ਉਹ ਮੰਤਰੀ ਵਜੋ ਕੰਮ ਕਰ ਰਹੇ ਸੀ |ਇਹ ਕਿਹਾ ਜਾ ਰਿਹਾ ਹੈ ਕਿ ਇਸ ਗੱਲ ਦਾ ਦੋਵਾਂ ਉਪ ਮੁੱਖ ਮੰਤਰੀਆਂ ਨੂੰ ਵੀ ਨਹੀਂ ਪਤਾ ਸੀ ਕਿ ਇਸ ਅਹੁਦੇ ਦਾ ਲਿਖਤੀ ਐਲਾਨ ਹਾਲੇ ਤੱਕ ਨਹੀਂ ਹੋਇਆ।

ਪੀ.ਪੀ.ਐਸ.ਸੀ ਦਾ ਕੰਮਕਾਜ ਠੱਪ, ਸਫ਼ਲ ਉਮੀਦਵਾਰਾਂ ਸਮੇਤ ਇੱਕ ਲੱਖ ਤੋਂ ਜ਼ਿਆਦਾ ਬਿਨੈਕਾਰਾਂ ਦਾ ਭਵਿੱਖ ਹੋਇਆ ਧੁੰਦਲਾ

0

ਦੋ ਮਹੀਨਿਆਂ ਤੋਂ ਖਾਲੀ ਪਿਆ ਪੀ.ਪੀ.ਐਸ.ਸੀ ਚੇਅਰਮੈਨ ਦਾ ਅਹੁਦਾ, ਨੌਕਰੀਆਂ ਲਈ ਲਾਇਨ ਵਿੱਚ ਲੱਗੇ ਨੌਜਵਾਨ ਨਿਰਾਸ਼: ਮੀਤ ਹੇਅਰ

ਨੌਜਵਾਨਾਂ ਨੂੰ ਉਮਰ ਵਿੱਚ ਵਿਸ਼ੇਸ਼ ਛੋਟ ਦੇਣ ਦੀ ਕੀਤੀ ਮੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਤੋਂ ਖਾਲੀ ਪਏ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਚੇਅਰਮੈਨ ਦਾ ਅਹੁਦਾ ਨਾ ਭਰਨ ’ਤੇ ਸੱਤਾਧਾਰੀ ਕਾਂਗਰਸ ਦੀ ਸਖ਼ਤ ਅਲੋਚਨਾ ਕੀਤੀ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਪੀ.ਪੀ.ਐਸ.ਸੀ ਚੇਅਰਮੈਨ ਦੇ ਖਾਲੀ ਪਏ ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਸਰਕਾਰ ਇਸ ਖਾਲੀ ਅਹੁਦੇ ਨੂੰ ਨਾ ਭਰ ਕੇ ਉਨ੍ਹਾਂ ਲੱਖਾਂ ਪ੍ਰਤਭਾਸ਼ਾਲੀ ਨੌਜਵਾਨਾਂ ਨਾਲ ਧੋਖ਼ਾ ਕਰ ਰਹੀ ਹੈ, ਜੋ ਹਰ ਰੋਜ਼ ਨੌਕਰੀ ਪਾਉਣ ਦੀ ਉਮਰ ਸੀਮਾ (ਓਵਰਏਜ਼) ਪਾਰ ਕਰ ਰਹੇ ਹਨ, ਪਰ ਉਚ ਅਧਿਕਾਰੀ ਬਣ ਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਪਾਉਣ ਦੀ ਇੱਛਾ ਰੱਖਦੇ ਹਨ।

ਵਿਧਾਇਕ ਮੀਤ ਹੇਅਰ ਨੇ ਕਿ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਨਾਲ ਪੀ.ਪੀ.ਐਸ.ਸੀ ਦਾ ਕੰਮਕਾਮ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਪੰਜਾਬ ਸਿਵਿਲ ਸੇਵਾਵਾਂ ਵਿੱਚ ਸਫ਼ਲ ਉਮੀਦਵਾਰਾਂ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਲਈ ਇੱਕ ਲੱਖ ਤੋਂ ਜ਼ਿਆਦਾ ਬਿਨੈਕਾਰਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਚੇਅਰਮੈਨ ਨਾ ਹੋਣ ਕਾਰਨ, ਸਾਰੀਆਂ ਪ੍ਰੀਖਿਆਵਾਂ ਅਤੇ ਇੰਟਰਵਿਊ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਹੁਦਾ 16 ਜੁਲਾਈ ਤੋਂ ਖਾਲੀ ਪਿਆ ਹੈ, ਜਦੋਂ ਤੋਂ ਪੀ.ਪੀ.ਐਸ.ਸੀ ਦੇ ਪਿਛਲੇ ਚੇਅਰਮੈਨ ਨੇ ਆਪਣਾ ਕਾਰਜਕਾਲ ਪੂਰਾ ਕਰਕੇ ਅਹੁਦਾ ਛੱਡ ਦਿਤਾ ਸੀ।

ਮੀਤ ਹੇਅਰ ਨੇ ਕਿਹਾ ਸੱਤਾਧਾਰੀ ਕਾਂਗਰਸ ਨੇ ਲੰਮੇਂ ਸਮੇਂ ਤੋਂ ਯੋਗਤਾ ਦੇ ਆਧਾਰ ’ਤੇ ਨਿਯੁਕਤੀਆਂ ਨਹੀਂ ਕੀਤੀਆਂ, ਜਿਸ ਕਾਰਨ ਸੂਬੇ ਦੇ ਹਜ਼ਾਰਾਂ ਯੋਗ ਨੌਜਵਾਨ ਹਰ ਦਿਨ ਨੌਕਰੀਆਂ ਲਈ ਨਿਰਧਾਰਤ ਉਮਰ ਸੀਮਾ ਪਾਰ ਕਰ ਰਹੇ ਹਨ। ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਸਫ਼ਲ ਪੀ.ਪੀ.ਐਸ. ਸੀ ਉਮੀਦਵਾਰ ਨੌਕਰੀਆਂ ਮਿਲਣ ਦਾ ਇੰਤਜਾਰ ਕਰ ਰਹੇ ਹਨ, ਜਿਸ ਕਾਰਨ ਉਹ ਨਿਰਾਸ਼ ਹੋ ਰਹੇ ਹਨ। ਉਥੇ ਹੀ ਦੂਜੇ ਪਾਸੇ ਲੱਖਾਂ ਬਿਨੈਕਾਰ ਜੂਨੀਅਰ ਇੰਜੀਨੀਅਰ, ਪਸ਼ੂ ਪਾਲਣ ਅਧਿਕਾਰੀ, ਸਕੂਲ ਪ੍ਰਿੰਸੀਪਲ, ਸਹਾਇਕ ਪ੍ਰੋਫ਼ੈਸਰ ਅਤੇ ਹੋਰ ਅਹੁਦਿਆਂ ਲਈ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਹੇ ਹਨ, ਜਿਨਾਂ ਲਈ ਪੀ.ਪੀ.ਐਸ.ਸੀ ਨੇ ਭਰਤੀ ਇਸ਼ਤਿਹਾਰ ਜਾਰੀ ਕੀਤਾ ਸੀ। ਐਨਾ ਹੀ ਨਹੀਂ ਉਪ ਮੰਡਲ ਅਧਿਕਾਰੀ (ਐਸ.ਡੀ.ਓ) ਦੇ ਅਹੁਦਿਆਂ ਲਈ ਲਿਖਤ ਪ੍ਰੀਖਿਆ ਪਹਿਲਾਂ ਹੋ ਚੁੱਕੀ, ਪਰ ਇੰਟਰਵਿਊ ਅੱਜ ਤੱਕ ਨਹੀਂ ਹੋਈ। ਇਸ ਦੇ ਨਾਲ ਹੀ ਨਾਇਬ ਤਹਿਸੀਲਦਾਰ ਦੇ ਅਹੁਦਿਆਂ ਲਈ ਕਰੀਬ 80 ਹਜ਼ਾਰ ਬਿਨੈਕਾਰਾਂ ਨੇ ਦਰਖ਼ਾਸਤਾਂ ਦਿੱਤੀਆਂ ਹਨ।

ਮੀਤ ਹੇਅਰ ਨੇ ਕਿਹਾ, ‘‘ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਤਭਾਸ਼ਾਲੀ ਨੌਜਵਾਨਾਂ ਨੂੰ ਪਿੱਛੇ ਧੱਕਣ ਦੇ ਕੀ ਕਾਰਨ ਹਨ। ਕੀ ਇਹ ਕਾਂਗਰਸ ਦਾ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰਨ ਦਾ ਇੱਕ ਹੋਰ ਯਤਨ ਨਹੀਂ ਹੈ।’’ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੀ ਕੈਪਟਨ ਸਰਕਾਰ ਦੇ ਸੁਸਤ ਰਵਈਏ ਨੂੰ ਨਾ ਅਪਣਾਵੇ ਅਤੇ ਪੰਜਾਬ ਦੇ ਸਾਰੇ ਮਹੱਤਵਪੂਰਨ ਮਾਮਲਿਆਂ ’ਤੇ ਤੁਰੰਤ ਕਾਰਵਾਈ ਕਰੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੀ.ਪੀ.ਐਸ.ਸੀ ਦੇ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ ਕਿਸੇ ਇਮਾਨਦਾਰ ਅਤੇ ਯੋਗ ਵਿਅਕਤੀ ਨੂੰ ਦਿੱਤੀ ਜਾਵੇ।

‘ਆਪ’ ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਚੇਅਰਮੈਨ ਦਾ ਅਹੁਦਾ ਲੰਮੇ ਸਮੇਂ ਤੋਂ ਖਾਲੀ ਹੋਣ ਕਾਰਨ ਜਿਨ੍ਹਾਂ ਨੌਜਵਾਨਾਂ ਦੀ ਉਮਰ ਨੌਕਰੀ ਲਈ ਨਿਰਧਾਰਤ ਉਮਰ ਸੀਮਾ ਤੋਂ ਜ਼ਿਆਦਾ ਹੋ ਚੁੱਕੀ ਹੈ, ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ, ਤਾਂ ਜੋ ਪੰਜਾਬ ਦਾ ਯੋਗ ਨੌਜਵਾਨ ਆਪਣੀ ਯੋਗਤਾ ਨਾਲ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਰਾਹਾਂ ’ਤੇ ਲੈ ਕੇ ਜਾ ਸਕੇ।
ਮੀਤ ਹੇਅਰ ਨੇ ਕਿਹਾ ਕਿ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੀ.ਪੀ.ਐਸ.ਸੀ ਚੇਅਰਮੈਨ ਦੀ ਨਿਯੁਕਤੀ ਦੀ ਪ੍ਰੀਕਿਰਿਆ ਵਿੱਚ ਤੇਜੀ ਲਿਆਉਣ ਅਤੇ ਸਾਰੇ ਨਿਯਮ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਯੋਗਤਾ ਦੇ ਆਧਾਰ ’ਤੇ ਇਸ ਅਹੁਦੇ ਦੀ ਜ਼ਿੰਮੇਵਾਰੀ ਯੋਗ ਵਿਅਕਤੀ ਨੂੰ ਦੇਣ।

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਮੁਖੀਆਂ ਦਾ ਕੀਤਾ ਐਲਾਨ

0

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਮੁਖੀਆਂ ਦਾ ਐਲਾਨ ਕਰ ਦਿੱਤਾ ਹੈ। ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਭੋਲਾ ਸਿੰਘ ਸਮਰੀਆ ਬਠਿੰਡਾ, ਸੁਭਾਸ਼ ਚੰਦਰ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ, ਸੁਰਜੀਤ ਸਿੰਘ ਸੈਣੀ ਰੋਪੜ, ਗੁਰਮੀਤ ਸਿੰਘ ਅੰਮ੍ਰਿਤਸਰ, ਪ੍ਰਮੋਦ ਆਨੰਦ ਕਪੂਰਥਲਾ, ਕੁਲਵੀਰ ਸਿੰਘ ਜਲੰਧਰ ਸ਼ਾਮਲ ਹਨ।

ਇਸ ਤੋਂ ਇਲਾਵਾ ਚਰਨਜੀਤ ਸਿੰਘ ਫਤਿਹਗੜ੍ਹ ਸਾਹਿਬ, ਸਤਨਾਮ ਸਿੰਘ ਝਬਾਲ ਤਰਨਤਾਰਨ, ਸੁਬੇਗ ਸਿੰਘ ਡੱਬਵਾਲਾ ਕਲਾਂ ਫਾਜ਼ਿਲਕਾ,ਗੋਪਾਲ ਸਿੰਘ ਪਠਾਨਕੋਟ, ਪ੍ਰੀਤਮ ਸਿੰਘ ਕਾਂਝਲਾ ਸੰਗਰੂਰ, ਜਗਮੇਲ ਸਿੰਘ ਬਰਨਾਲਾ, ਅਜਮੇਰ ਸਿੰਘ ਤਲਵੰਡੀ ਲੁਧਿਆਣਾ, ਦਿਲਬਾਗ ਸਿੰਘ ਨਵਾਂਸ਼ਹਿਰ, ਪਿਆਰਾ ਸਿੰਘ ਮੁਹਾਲੀ, ਸ਼ਵਿੰਦਰ ਸਿੰਘ ਗੁਰਦਾਸਪੁਰ, ਦਿਆਲ ਸਿੰਘ ਸੰਧੂ ਮੁਕਤਸਰ ਸਾਹਿਬ, ਬਲਕਰਨ ਸਿੰਘ ਗਿੱਲ ਫਰੀਦਕੋਟ, ਸੁਖਵਿੰਦਰ ਸਿੰਘ ਪਟਿਆਲਾ, ਗੁਰਚਰਨ ਸਿੰਘ ਕੋਟਧਰਮੂ ਮਾਨਸਾ, ਸ. ਪਰਮਜੀਤ ਸਿੰਘ ਚੀਮਾ ਮਲੇਰਕੋਟਲਾ ਅਤੇ ਗੁਰਦੀਪ ਸਿੰਘ ਮੋਗਾ ਦੇ ਨਾਂ ਸ਼ਾਮਲ ਹਨ।

IPS Arun Kumar Mittal ਨੂੰ ਲਗਾਇਆ ਗਿਆ ਰੂਪਨਗਰ ਰੇਂਜ ਦਾ IGP

0

IPS Arun Kumar Mittal ਨੂੰ ਲਗਾਇਆ ਗਿਆ IGP ਰੂਪਨਗਰ ਰੇਂਜ।

Smit Singh ਨੇ CM ਦੇ Media Advisor ਬਣਨ ਦੀ ਖ਼ਬਰ ਨੂੰ ਦੱਸਿਆ ਅਫਵਾਹ, ਟਵੀਟ ਕਰ ਕਹੀ ਇਹ ਗੱਲ

0

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸਮਿਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੀਡੀਆ ਸਲਾਹਕਾਰ ਬਣਨ ਦੀਆਂ ਖ਼ਬਰਾਂ ਨੂੰ ਅਫਵਾਹ ਕਰਾਰ ਦਿੰਦਿਆਂ ਕਿਹਾ ਹੈ ਕਿ ਮੈਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਨਿਮਾਣੇ ਸੇਵਕ ਵਜੋਂ ਮੈਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਖਿਡਾਰੀ ਵਜੋਂ ਪੰਜਾਬ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਕੀਤੀ ਹੈ। ਕਈ ਸਾਲਾਂ ਤੋਂ ਇੱਕ ਕਾਰਕੁਨ ਵਜੋਂ ਮੈਂ ਸਰਕਾਰੀ ਅਦਾਰਿਆਂ ਵਿੱਚ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਨਾ ਤਾਂ ਕਿਸੇ ਅਹੁਦੇ ਨੂੰ ਸਵੀਕਾਰ ਕਰ ਰਿਹਾ ਹਾਂ ਅਤੇ ਨਾ ਹੀ ਰੱਦ ਕਰ ਰਿਹਾ ਹਾਂ। ਮੈਂ ਨਾ ਤਾਂ ਪੁੱਛ ਰਿਹਾ ਹਾਂ ਅਤੇ ਨਾ ਹੀ ਮੈਨੂੰ ਕੋਈ ਪੇਸ਼ਕਸ਼ ਕੀਤੀ ਗਈ ਹੈ। ਮੈਂ ਆਪਣੀ ਖੋਜ ਪ੍ਰਤਿਭਾ, ਵਿਚਾਰ ਅਤੇ ਯੋਗਤਾ ਦੇ ਨਾਲ ਜੋ ਵੀ ਕਰ ਸਕਦਾ ਹਾਂ ਉਹ ਕਰਨਾ ਜਾਰੀ ਰੱਖਾਂਗਾ।  ਮੈਨੂੰ ਰਾਜਨੀਤਕ ਭੂਮਿਕਾ ਜਾਂ ਅਹੁਦੇ ਦਾ ਕੋਈ ਲਾਲਚ ਨਹੀਂ ਹੈ।

‘ਆਪ’ ਪਾਰਟੀ ਦੀ ਮੰਗ – ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੇੇ ਸੁਰੱਖਿਆ ਬਲਾਂ ਦੀ ਗਿਣਤੀ ਦੀ ਸਮੀਖਿਆ ਕਰਨ ਮੁੱਖ ਮੰਤਰੀ

0

ਪੰਜਾਬ ’ਚ ਚੋਣਾ ਤੋਂ ਠੀਕ ਪਹਿਲਾ ਕਿਉਂ ਸਿਰ ਚੁੱਕ ਲੈਂਦੇ ਨੇ ਦੇਸ਼ ਵਿਰੋਧੀ ਤੱਤ? ‘ਆਪ’ ਦਾ ਰਾਜਸੀ ਦਲਾਂ ਤੇ ਸੁਰੱਖਿਆ ਏਜੰਸੀਆਂ ਨੂੰ ਸਵਾਲ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨੂੰ ਪ੍ਰਮੁੱਖ ਦੱਸਦਿਆਂ ਕਿਹਾ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪਰ ਸੂਬੇ ਦੇ ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਦੀ ਸਮੀਖਿਆ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਪੁਲੀਸ ਦੇ ਜ਼ਿਆਦਾਤਰ ਮੁਲਾਜ਼ਮ ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਥਾਣਿਆਂ ਵਿੱਚ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਆਮ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਅਰੋੜਾ ਨੇ ਮੁੱਖ ਮੰਤਰੀ ਵੱਲੋਂ ਆਪਣੇ ਸੁਰੱਖਿਆ ਅਮਲੇ ਨੂੰ ਘੱਟ ਕਰਨ ਬਾਰੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਐਲਾਨ ਕੇਵਲ ਮੁੱਖ ਮੰਤਰੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਤੁਰੰਤ ਪ੍ਰਭਾਵ ਨਾਲ ਹੋਈ ਕਾਰਵਾਈ ਦਿਖਣੀ ਵੀ ਚਾਹੀਦੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਸਰਕਾਰ ਤੋਂ ਸਵਾਲ ਪੁੱਛਿਆ ਕਿ ਚੋਣਾ ਦੇ ਸਮੇਂ ਹੀ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਕਿਉਂ ਪੈਦਾ ਹੋ ਜਾਂਦਾ? ਉਨ੍ਹਾਂ ਕਿਹਾ ਕਿ ਜੇ ਆਮ ਲੋਕਾਂ ਦੀ ਸੁਰੱਖਿਆ ਨੂੰ ਕਿਤੇ ਵੀ ਰਾਸ਼ਟਰ ਵਿਰੋਧੀ ਅਸਮਾਜਿਕ ਤੱਤਾਂ ਤੋਂ ਖ਼ਤਰਾ ਹੈ ਤਾਂ ਫਿਰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਹਨ? ਅਰੋੜਾ ਨੇ ਚੋਣਾ ਤੋਂ ਠੀਕ ਪਹਿਲਾ ਸੀਮਾ ਪਾਰ ਦੇਸ਼ ਵਿਰੋਧੀ ਤੱਤਾਂ ਦੇ ਸਰਗਰਮ ਹੋਣ ਦੀਆਂ ਆ ਰਹੀਆਂ ਖ਼ਬਰਾਂ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜੇ ਅਜਿਹਾ ਹੋ ਰਿਹਾ ਹੈ ਤਾਂ ਇਸ ਲਈ ਜ਼ਿੰਮੇਵਾਰ ਕੇਵਲ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਖੁਫ਼ੀਆ ਏਜੰਸੀਆਂ ਹਨ।ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਦੇਸ਼ ਦੀ ਅੰਦੂਰਨੀ ਅਤੇ ਬਾਹਰੀ ਸੁਰੱਖਿਆ ਨਾਲ ਛੇੜਛਾੜ ਕਦੇ ਬਰਦਾਸ਼ਤ ਨਹੀਂ ਕਰੇਗੀ।

ਉਨ੍ਹਾਂ ਦਲੀਲ ਦਿੱਤੀ, ‘‘ਜਦ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਖ਼ਤਰਾ ਮਹਿਸੂਸ ਨਹੀਂ ਕਰ ਰਹੇ ਤਾਂ ਅੱਤਵਾਦ ਕਿਉਂ ਅਤੇ ਕੌਣ ਪੈਦਾ ਕਰ ਰਿਹਾ? ਰੋਜ਼ ਰੋਜ਼ ਟਿਫਿਨ ਬੰਬ ਕਿਥੋਂ ਆ ਰਹੇ ਹਨ? ਕੀ ਕਾਂਗਰਸ, ਭਾਜਪਾ ਅਤੇ ਬਾਦਲ ਦਲ ਆਪਣੀ ਰਾਜਨੀਤਿਕ ਆਦਤ ਅਨੁਸਾਰ ਚੋਣਾ ਤੋਂ ਪਹਿਲਾਂ ਇੱਕ ਵਿਸ਼ੇਸ਼ ਵਰਗ ਨੂੰ ਡਰਾਉਣ- ਧਮਕਾਉਣ ਲਈ ਡਰ ਦਾ ਮਹੌਲ ਬਣਾ ਰਹੇ ਹਨ?’’ ਅਮਨ ਅਰੋੜਾ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਵੀ ਉਕਤ ਰਾਜਨੀਤਿਕ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਅਜਿਹੇ ਪੈਂਤਰੇ ਦੀ ਵਰਤੋਂ ਕੀਤੀ ਸੀ। ਮੌੜ ਬੰਬ ਧਮਾਕੇ ਦਾ ਮਾਮਲਾ ਇਸ ਦੀ ਸਾਫ਼- ਸਪੱਸ਼ਟ ਉਦਾਰਹਨ ਹੈ। ਜੇ ਇਸ ਮਾਮਲੇ ਵਿੱਚ ਕੋਈ ਸਚਾਈ ਹੈ ਤਾਂ ਪੰਜਾਬ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਮੌੜ ਬੰਬ ਧਮਾਕੇ ਦੀ ਹੁਣ ਤੱਕ ਜਾਂਚ ਕਿਹੜੇ ਕਾਰਨਾਂ ਕਰਕੇ ਪੂਰੀ ਨਹੀਂ ਕੀਤੀ ਗਈ?

ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਸਾਜਿਸ਼ਕਾਰੀਆਂ ਦੀ ਜਾਣਕਾਰੀ ਨੂੰ ਕਿਉਂ ਛੁਪਾ ਕੇ ਰੱਖਿਆ ਗਿਆ ਹੈ ? ‘ਆਪ’ ਨੇ ਚੰਨੀ ਤੋਂ ਮੌੜ ਬੰਬ ਧਮਾਕੇ ਦੀ ਜਾਂਚ ਦੀ ਤਾਜ਼ਾ ਸਥਿਤੀ ਲੋਕਾਂ ਅੱਗੇ ਰੱਖਣ ਦੀ ਮੰਗ ਵੀ ਕੀਤੀ। ਵਿਧਾਇਕ ਅਰੋੜਾ ਨੇ ਸਵਾਲ ਕੀਤਾ ਕਿ ਸੂਬੇ ਵਿੱਚ ਹੁਣ ਕਥਿਤ ਸੁਪਰ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਚੰਨੀ ਸਰਕਾਰ ਹੈ, ਤਾਂ ਫਿਰ ਪੰਜਾਬ ਨੂੰ ਇਸ ਡਰ ਤੋਂ ਮੁੱਕਤ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਸਵਾਲ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਲਈ ਵੀ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਹੀ ਮੌੜ ਬੰਬ ਧਮਾਕੇ ਦੀ ਸਚਾਈ ਲੋਕਾਂ ਸਾਹਮਣੇ ਰੱਖੀ ਜਾਵੇਗੀ ਅਤੇ ਦੋਸ਼ੀਆਂ ਦੇ ਨਾਲ- ਨਾਲ ਸਾਜਿਸ਼ਕਾਰੀਆਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ।