Home Blog Page 2335

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਚੰਡੀਗੜ੍ਹ ‘ਚ Fully Medical Equipped Ambulance ਦੀ ਹੋਵੇਗੀ ਸ਼ੁਰੂਆਤ

0

ਚੰਡੀਗੜ੍ਹ ‘ਚ ਜਲਦੀ ਹੀ ਇੱਕ ਪੂਰੀ ਤਰ੍ਹਾਂ ਮੈਡੀਕਲ ਲੈਸ ਐਂਬੂਲੈਂਸ ਚੱਲੇਗੀ। ਇਹ ਪਹਿਲ ਸ੍ਰੀ ਗੁਰੂ ਗ੍ਰੰਥ ਸੇਵਾ ਸੁਸਾਇਟੀ, ਚੰਡੀਗੜ੍ਹ ਵੱਲੋਂ ਕੀਤੀ ਗਈ ਹੈ। ਸੁਸਾਇਟੀ ਦੇ ਟਰੱਸਟੀ ਹਰਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 19 ਨਵੰਬਰ ਨੂੰ ਐਂਬੂਲੈਂਸਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਹ ਐਂਬੂਲੈਂਸਾਂ 5 ਤੋਂ 7 ਮਿੰਟਾਂ ਦੇ ਅੰਦਰ ਚੰਡੀਗੜ੍ਹ ਦੇ ਕਿਸੇ ਵੀ ਕੋਨੇ ਵਿੱਚ ਪਹੁੰਚ ਜਾਣਗੀਆਂ। ਮੋਟਰਸਾਈਕਲ ਮੋਬਾਈਲ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ, ਬੀਪੀ ਸਾਧਨ, ਈਸੀਜੀ ਅਤੇ ਐਮਰਜੈਂਸੀ ਦਵਾਈ ਕਿੱਟ ਹੋਵੇਗੀ। ਇਸ ਐਂਬੂਲੈਂਸ ਦੇ ਨਾਲ ਇੱਕ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਆਈਸੀਯੂ ਟੈਕਨੀਸ਼ੀਅਨ ਦੇ ਨਾਲ ਇੱਕ ਅਟੈਂਡੈਂਟ ਵੀ ਹੋਵੇਗਾ।

ਸੱਭਰਵਾਲ ਨੇ ਦੱਸਿਆ ਕਿ ਸ਼ੁਰੂ ਵਿੱਚ ਦੋ ਮੋਟਰਸਾਈਕਲ ਐਂਬੂਲੈਂਸਾਂ ਚੰਡੀਗੜ੍ਹ ਦੀਆਂ ਸੜਕਾਂ ਦੇ ਅਨੁਸਾਰ ਤਿਆਰ ਕੀਤੀਆਂ ਜਾ ਰਹੀਆਂ ਹਨ। ਜੇ ਇਹ ਪ੍ਰੋਜੈਕਟ ਸਫਲ ਹੁੰਦਾ ਹੈ ਤਾਂ ਹੋਰ ਮੋਟਰਸਾਈਕਲ ਐਂਬੂਲੈਂਸਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਐਂਬੂਲੈਂਸ ਨੂੰ ਚਾਲੂ ਕਰਨ ਦਾ ਮਕਸਦ ਲੋੜਵੰਦਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।

ਸੂਰਤ ‘ਚ ਪੈਕੇਜਿੰਗ ‘ਯੂਨਿਟ’ ਚ ਲੱਗੀ ਭਿਆਨਕ ਅੱਗ, 2 ਮਜ਼ਦੂਰਾਂ ਦੀ ਹੋਈ ਮੌਤ

0

ਸੂਰਤ: ਗੁਜਰਾਤ ਦੇ ਸੂਰਤ ‘ਚ ਸੋਮਵਾਰ ਸਵੇਰੇ 5 ਮੰਜ਼ਿਲਾ’ ਪੈਕੇਜਿੰਗ ‘ਯੂਨਿਟ’ ਚ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਡੋਡੋਰਾ ਉਦਯੋਗਿਕ ਖੇਤਰ ਵਿੱਚ ਸਥਿਤ ਯੂਨਿਟ ਵਿੱਚੋਂ 70 ਤੋਂ ਵੱਧ ਲੋਕਾਂ ਨੂੰ ਬਾਹਰ ਬਾਹਰ ਕੱਢਿਆ ਗਿਆ ਹੈ ਤੇ ਕੁੱਝ ਮਜ਼ਦੂਰ ਵੀ ਇਸ ਘਟਨਾ ਵਿੱਚ ਸੜ ਗਏ ਹਨ।

ਇਸ ਦੇ ਨਾਲ ਹੀ ਬਚਾਅ ਕਾਰਜ ਅਜੇ ਜਾਰੀ ਹੈ। ਕਡੋਦੋਰਾ ਦੇ ਪੁਲਿਸ ਇੰਸਪੈਕਟਰ ਹੇਮੰਤ ਪਟੇਲ ਨੇ ਦੱਸਿਆ ਕਿ ਵੀਵਾ ਪੈਕਜਿੰਗ ਕੰਪਨੀ ਵਿੱਚ ਸਵੇਰੇ ਕਰੀਬ 4.30 ਵਜੇ ਅੱਗ ਲੱਗੀ। ਅੱਗ ਯੂਨਿਟ ਦੀ ਪਹਿਲੀ ਮੰਜ਼ਿਲ ਤੋਂ ਲੱਗੀ ਅਤੇ ਤੇਜ਼ੀ ਨਾਲ ਹੋਰ ਮੰਜ਼ਿਲਾਂ ਵਿੱਚ ਵੀ ਫੈਲ ਗਈ। ਇਮਾਰਤ ਦੇ ਅੰਦਰ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਕਰੇਨਾਂ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਅੱਜ ਅਮਿਤ ਸ਼ਾਹ ਨਾਲ ਹੋ ਸਕਦੀ ਹੈ ਮੁਲਾਕਾਤ

0

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਦਿਨਾਂ ਲਈ ਦਿੱਲੀ ਦੌਰੇ ‘ਤੇ ਹਨ ਅਤੇ ਤੀਜੀ ਵਾਰ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ। ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਦੀ ਦਿੱਲੀ ਫੇਰੀ ਨੂੰ ਉਨ੍ਹਾਂ ਰਿਪੋਰਟਾਂ ਦੀ ਰੌਸ਼ਨੀ ਵਿੱਚ ਵੇਖਿਆ ਜਾ ਰਿਹਾ ਹੈ, ਜੋ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਹੱਲ ਲੱਭਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਦੀ ਤੀਜੀ ਵਾਰ ਦਿੱਲੀ ਫੇਰੀ ਹੋਵੇਗੀ। ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਹ ਘੱਟੋ ਘੱਟ ਦੋ ਦਿਨਾਂ ਲਈ ਰਾਸ਼ਟਰੀ ਰਾਜਧਾਨੀ ਵਿੱਚ ਰਹਿਣਗੇ।

ਇਸ ਦੇ ਨਾਲ ਹੀ ਕੁੱਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਵਫ਼ਾਦਾਰ ਨੇਤਾਵਾਂ ਨੂੰ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਬੁਲਾ ਰਹੇ ਹਨ। ਪਿਛਲੇ ਮਹੀਨੇ ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤਾਂ ਜੋ ਸਰਹੱਦੀ ਰਾਜ ਦੇ ਮੌਜੂਦਾ ਸੁਰੱਖਿਆ ਦ੍ਰਿਸ਼ ਅਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਬਾਰੇ ਚਰਚਾ ਕੀਤੀ ਜਾ ਸਕੇ। ਪਰ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੈਪਟਨ ਨਵੀਂ ਸਿਆਸੀ ਪਾਰਟੀ ਕਦੋਂ ਬਣਾਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿੱਲੀ ਦੌਰੇ ਅਤੇ ਅਮਿਤ ਸ਼ਾਹ ਨਾਲ ਮੁਲਾਕਾਤਾਂ ਨੇ ਕਾਂਗਰਸ ਦੀ ਬੇਚੈਨੀ ਨੂੰ ਵਧਾ ਦਿੱਤਾ ਹੈ।

 

ਰਣਜੀਤ ਸਿੰਘ ਮਾਮਲੇ ’ਚ ਡੇਰਾ ਮੁਖੀ ਰਾਮ ਰਹੀਮ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

0

ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਦੇ ਕਤਲ ਮਾਮਲੇ ’ਚ 18 ਅਕਤੂਬਰ ਭਾਵ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਵਿਚ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਵੇਗੀ। ਅਦਾਲਤ ਨੇ ਪਹਿਲਾਂ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿਤਾ ਹੋਇਆ ਹੈ।

ਅਦਾਲਤ ਨੇ ਰਾਮ ਰਹੀਮ ਸਮੇਤ 5 ਨੂੰ ਦੋਸ਼ੀ ਕਰਾਰ ਦਿਤਾ ਹੋਇਆ ਹੈ। ਪਿਛਲੀ ਸੁਣਵਾਈ ਦੌਰਾਨ ਸੀਬੀਆਈ ਨੇ ਕੋਰਟ ’ਚ ਬਾਬਾ ਰਾਮ ਰਹੀਮ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਅੱਠ ਪੰਨਿਆਂ ਦੀ ਰਹਿਮ ਦੀ ਅਪੀਲ ਦਾਇਰ ਕੀਤੀ ਸੀ, ਜਿਸ ਵਿਚ ਸਾਧ ਨੇ 100 ਤੋਂ ਜ਼ਿਆਦਾ ਚੰਗੇ ਕੰਮਾਂ ਦਾ ਜ਼ਿਕਰ ਕੀਤਾ ਸੀ।

ਜਾਣਕਾਰੀ ਅਨੁਸਾਰ ਸੌਦਾ ਸਾਧ ਪਿਛਲੀ ਸੁਣਵਾਈ ਦੌਰਾਨ ਹੱਥ ਜੋੜ ਕੇ ਰਹਿਮ ਦੀ ਅਪੀਲ ਕਰ ਰਿਹਾ ਸੀ। ਮਾਮਲੇ ਦੇ ਮੁੱਖ ਦੋਸ਼ੀ ਦੀ ਪੇਸ਼ੀ ਰੋਹਤਕ ਦੀ ਸੁਨਾਰੀਆ ਜੇਲ ਤੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਈ ਸੀ, ਜਦਕਿ ਚਾਰ ਦੋਸ਼ੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਚਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਸੀ। ਰਣਜੀਤ ਸਿੰਘ ਕਤਲ ਮਾਮਲੇ ਵਿਚ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ ਵਿਚ ਉਸ ਦੇ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਬੇਹੱਦ ਅਹਿਮ ਸਾਬਤ ਹੋਈ।

ਕਿਸਾਨਾਂ ਵੱਲੋਂ ਅੱਜ ਦੇਸ਼ ਭਰ ‘ਚ ਰੋਕੀਆਂ ਜਾਣਗੀਆਂ ਟ੍ਰੇਨਾਂ

0

ਸੰਯੁਕਤ ਕਿਸਾਨ ਮੋਰਚਾ ਨੇ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲ ਰੋਕੋ ਅਭਿਆਨ ਦਾ ਸੱਦਾ ਦਿੱਤਾ ਸੀ। ਇਸ ਲਈ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਭਰ ਵਿੱਚ ਰੇਲ ਰੋਕੋ ਮੁਹਿੰਮ ਚਲਾਏਗਾ। ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਵਿੱਚ ਕਿਸਾਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਟ੍ਰੈਕ ‘ਤੇ ਬੈਠਣਗੇ, ਜਿਸ ਨਾਲ 21 ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। ਰੇਲਵੇ ਪ੍ਰਸ਼ਾਸਨ ਨੇ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਟਰੈਕ ‘ਤੇ ਕਿਸਾਨ ਆਪਣੀਆਂ ਮੰਗਾਂ ਲਈ ਰੇਲ ਜਾਮ ਕਰਨਗੇ।

ਉਨ੍ਹਾਂ ਨੇ ਕਿਹਾ ਸੀ ਕਿ ਕਾਸ਼ੀਪੁਰ, ਰੁਦਰਪੁਰ ਤੇ ਖਟੀਮਾ ਵਿੱਚ ਕਿਸਾਨਾਂ ਵੱਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਕਾਸ਼ੀਪੁਰ ਦੇ ਜਸਪੁਰ, ਕਾਸ਼ੀਪੁਰ ਅਤੇ ਬਾਜਪੁਰ ਦੇ ਕਿਸਾਨ ਕਾਸ਼ੀਪੁਰ ‘ਚ, ਰੁਦਰਪੁਰ, ਗਦਰਪੁਰ, ਕਿੱਛਾ ਦੇ ਕਿਸਾਨ ਰੁਦਰਪੁਰ ‘ਚ ਤੇ ਸਿਤਾਰਗੰਜ, ਨਾਨਕਮੱਤਾ, ਖਟੀਮਾ ਦੇ ਕਿਸਾਨ ਖਟੀਮਾ ‘ਚ ਰੇਲ ਰੋਕੋ ਅੰਦੋਲਨ ਨੂੰ ਸਫਲ ਬਣਾਉਣਗੇ।

ਮੁੱਖ ਮੰਤਰੀ ਵੱਲੋਂ ਘੱਟ ਸਮੇਂ ਦੇ ਬਾਵਜੂਦ ਹਰ ਕੀਮਤ ’ਤੇ ਲੋਕਾਂ ਦੀ ਇਛਾਵਾਂ ਪੂਰੀਆਂ ਕਰਨ ’ਤੇ ਦਿੱਤਾ ਜ਼ੋਰ

0

ਹੁਸ਼ਿਆਰਪੁਰ ਦੇ ਸ਼ਹਿਰੀ ਵਿਕਾਸ ਲਈ 10 ਕਰੋੜ ਰੁਪਏ ਦਾ ਐਲਾਨ, ਵਕੀਲਾਂ ਲਈ ਵੀ 1 ਕਰੋੜ ਰੁਪਏ ਦਾ ਐਲਾਨ

ਅਗਲੇ ਮਹੀਨੇ ਮੈਡੀਕਲ ਕਾਲਜ ਅਤੇ ਬਾਇਓਡਾਈਵਰਸਿਟੀ ਅਤੇ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਦਾ ਵੀ ਕੀਤਾ ਐਲਾਨ

ਮੁੱਖ ਮੰਤਰੀ ਨੇ ਵਿਧਾਇਕਾਂ ਸੁੰਦਰ ਸ਼ਾਮ ਅਰੋੜਾ, ਅਰੁਣ ਡੋਗਰਾ, ਪਵਨ ਕੁਮਾਰ ਆਦੀਆ ਅਤੇ ਰਾਜ ਕੁਮਾਰ ਚੱਬੇਵਾਲ ਦੀਆਂ ਰਿਹਾਇਸ਼ਾਂ ਦਾ ਕੀਤਾ ਦੌਰਾ

ਪੰਜਾਬ ਵਿੱਚ ਤੇਜ਼ੀ ਨਾਲ ਸਰਵ-ਪੱਖੀ ਵਿਕਾਸ ਕਰਨ ਦਾ ਲੋਕਾਂ ਨੂੰ ਦਿੱਤਾ ਭਰੋਸਾ

ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਘੱਟ ਸਮੇਂ ਦੇ ਬਾਵਜੂਦ, ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਆਪਣੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮੇਂ ਦੀ ਸੁਚੱਜੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਸੂਬੇ ਦੀ ਬਿਹਤਰੀ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ ।ਸਥਾਨਕ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ ਕਰਵਾਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਮੱਦੇਨਜ਼ਰ ਰਾਜ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ ਕਿਉਂਕਿ ਸ਼ਹਿਰੀ ਵਿਕਾਸ ਸੰਪੂਰਨ ਵਿਕਾਸ ਦਾ ਅਹਿਮ ਹਿੱਸਾ ਹੁੰਦਾ ਹੈ।

ਚੰਨੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਉਨਾਂ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਅਗਲੇ ਕੁਝ ਦਿਨਾਂ ਵਿੱਚ ਹੁਸ਼ਿਆਰਪੁਰ ਨੂੰ 10 ਕਰੋੜ ਰੁਪਏ ਦਿੱਤੇ ਜਾਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਹਿਲਾਂ ਹੀ ਉਪਲਬਧ ਸਮੇਂ ਦਾ ਪੂਰਾ ਢੁਕਵਾਂ ਤੇ ਸੁਚੱਜਾ ਇਸਤੇਮਾਲ ਕਰ ਰਹੀ ਹੈ ਤਾਂ ਜੋ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਰਾਜ ਵਿੱਚ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਜਾ ਸਕੇ। ਉਨਾਂ ਅੱਗੇ ਇਹ ਵੀ ਐਲਾਨ ਕੀਤਾ ਕਿ ਹੁਸ਼ਿਆਰਪੁਰ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਬਾਇਓਡਾਇਵਰਸਿਟੀ ਅਤੇ ਸਪੋਰਟਸ ਪਾਰਕ ਬਣਾਇਆ ਜਾਵੇਗਾ ਤਾਂ ਜੋ ਖੇਤਰ ਵਿੱਚ ਬਨਸਪਤੀ ਅਤੇ ਜੀਵਾਂ ਨੂੰ ਹੋਰ ਵਿਕਸਤ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਉਕਤ ਪਾਰਕ ਅਤੇ ਆਉਣ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਜਲਦੀ ਹੀ ਰੱਖਿਆ ਜਾਵੇਗਾ ਅਤੇ ਇਸ ਮੈਡੀਕਲ ਕਾਲਜ ਦੀਆਂ ਕਲਾਸਾਂ ਅਗਲੇ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਹੋ ਜਾਣਗੀਆਂ।ਉਨਾਂ ਕਿਹਾ ਕਿ ਟੈਂਡਰ ਕੱਢਣ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਸਾਰੇ ਲੋੜੀਂਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਇਸ ਦਾ ਨਿਰਮਾਣ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਉਨਾਂ ਨੇ ਜਿਲਾ ਬਾਰ ਐਸੋਸੀਏਸ਼ਨ ਨੂੰ ਵਕੀਲਾਂ ਦੇ ਚੈਂਬਰਾਂ ਦੇ ਨਿਰਮਾਣ ਲਈ 1 ਕਰੋੜ ਰੁਪਏ ਦੇ ਫੰਡ ਦੇਣ ਦਾ ਵੀ ਐਲਾਨ ਕੀਤਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਲਈ 2 ਕਿਲੋਵਾਟ ਤੱਕ ਦੇ 52 ਲੱਖ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਮੁਆਫ ਕਰਨ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਇਸ ਲਈ 1200 ਕਰੋੜ ਰੁਪਏ ਵੱਖਰੇ ਰੱਖੇ ਗਏ ਸਨ, ਜਿਨਾਂ ਵਿੱਚੋਂ 11 ਕਰੋੜ ਸਿਰਫ ਹੁਸ਼ਿਆਰਪੁਰ ਦੇ ਖਪਤਕਾਰਾਂ ਲਈ ਹਨ।

ਉਨਾਂ ਨੇ ਦੁਹਰਾਇਆ ਕਿ ਰਾਜ ਸਰਕਾਰ ਮਾਸਟਰ ਪਲਾਨ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏਗੀ ਜਿਸ ਵਿੱਚ ਮਜਬੂਤ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਿਸਟਮ ਸ਼ਾਮਲ ਹੈ।ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ੍ਰੀ ਚੰਨੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ । ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਖਾਸ ਕਰਕੇ ਗਰੀਬਾਂ ਅਤੇ ਲੋੜਵੰਦਾਂ ਲਈ ਲੋਕ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਓਵਰਟਾਈਮ ਕੰਮ ਕਰ ਰਹੀ ਹੈ। ਉਨਾਂ ਹਸ਼ਿਆਰਪੁਰ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਨ ਐਲਾਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।

ਕੋਵਿਡ -19 ਮਹਾਂਮਾਰੀ ਦੌਰਾਨ ਯਤੀਮ ਹੋਏ ਬੱਚਿਆਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਚੰਨੀ ਨੇ ਉਨਾਂ ਨੂੰ ਰੋਜ਼ਮਰਾਹ ਵਰਤੋਂ ਦੀਆਂ ਚੀਜਾਂ ਅਤੇ ਕੁਝ ਨਕਦੀ ਵਾਲੇ ਪੈਕਟ ਵੀ ਦਿੱਤੇ। ਮੁੱਖ ਮੰਤਰੀ ਨੂੰ ਸਿੱਖ ਵੈਲਫੇਅਰ ਸੁਸਾਇਟੀ, ਭਾਈ ਘਨੱਈਆ ਵੈਲਫੇਅਰ ਸੁਸਾਇਟੀ, ਭਗਵਾਨ ਵਾਲਮੀਕ ਵੈਲਫੇਅਰ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ, ਸਤਿਗੁਰੂ ਵੈਲਫੇਅਰ ਸੋਸਾਇਟੀ ਅਤੇ ਨਗਰ ਨਿਗਮ ਸਫਾਈ ਯੂਨੀਅਨ ਵੈਲਫੇਅਰ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਮੁੱਖ ਮੰਤਰੀ ਵਿਧਾਇਕ ਅਰੁਣ ਡੋਗਰਾ ਅਤੇ ਵਿਧਾਇਕ ਪਵਨ ਕੁਮਾਰ ਆਦੀਆ ਦੇ ਘਰ ਵੀ ਗਏ, ਜਿੱਥੇ ਉਨਾਂ ਦੋਵਾਂ ਵਿਧਾਇਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨਾਲ ਗੱਲਬਾਤ ਕੀਤੀ। ਵਿਧਾਇਕ ਆਦੀਆ ਦੀ ਰਿਹਾਇਸ਼ ‘ਤੇ ਮੁੱਖ ਮੰਤਰੀ ਨੇ ਪਿੰਡ ਭੀਖੋਵਾਲ ਦੇ ਯੂਥ ਕਲੱਬ ਨੂੰ ਖੇਡ ਕਿੱਟਾਂ ਵੀ ਵੰਡੀਆਂ।

ਬਾਅਦ ਵਿੱਚ ਮੁੱਖ ਮੰਤਰੀ ਨੇ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਦੀ ਰਿਹਾਇਸ਼ ਦਾ ਵੀ ਦੌਰਾ ਕੀਤਾ, ਜਿੱਥੇ ਉਨਾਂ ਨੇ ਵਿਧਾਇਕ ਚੱਬੇਵਾਲ ਦੇ ਮਾਪਿਆਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨਾਂ ਕਿਹਾ ਕਿ ਸੂਬਾ ਜਲਦੀ ਹੀ ਲਾਗੂ ਕੀਤੇ ਜਾਣ ਵਾਲੇ ਵੱਖ -ਵੱਖ ਭਲਾਈ ਪ੍ਰੋਗਰਾਮਾਂ ‘ਤੇ ਕੰਮ ਕਰ ਰਿਹਾ ਹੈ। ਡਾ: ਚੱਬੇਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ‘ਮੇਰਾ ਘਰ, ਮੇਰੇ ਨਾਮ’ ਸਕੀਮ ‘ਲਾਲ ਲਕੀਰ’ ਦੇ ਅੰਦਰ ਆਉਂਦੇ ਲੋੜਵੰਦ ਲੋਕਾਂ ਨੂੰ ਮਾਲਕੀ ਦੇ ਅਧਿਕਾਰ ਦੇਣ ਵਿੱਚ ਬਹੁਤ ਮਦਦਗਾਰ ਹੋਵੇਗੀ।ਇਨਾਂ ਦੌਰਿਆਂ ਦੌਰਾਨ ਮੌਜੂਦ ਲੋਕਾਂ ਵਿੱਚ ਵਣ ਅਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ, ਮੁਕੇਰੀਆਂ ਦੇ ਵਿਧਾਇਕ ਇੰਦੂ ਬਾਲਾ, ਮੇਅਰ ਸੁਰਿੰਦਰ ਕੁਮਾਰ, ਪ੍ਰਧਾਨ ਜਿਲਾ ਕਾਂਗਰਸ ਕਮੇਟੀ ਡਾ: ਕੁਲਦੀਪ ਨੰਦਾ, ਮੈਂਬਰ ਐਨਆਰਆਈ ਕਮਿਸ਼ਨ ਪੰਜਾਬ ਦਲਜੀਤ ਸਿੰਘ ਸਹੋਤਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੇਸ਼ ਗੁਪਤਾ ਸ਼ਾਮਲ ਸਨ।

ਰਣਜੀਤ ਸਾਗਰ ਡੈਮ ਦੀ ਝੀਲ ‘ਚੋਂ co- pilot capt Jayant Joshi ਦੀ ਲਾਸ਼ ਹੋਈ ਬਰਾਮਦ

0

3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਇਲਟ ਅਤੇ ਸਹਿ-ਪਾਇਲਟ ਸਮੇਤ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ।

ਪਾਇਲਟ ਦੀ ਮ੍ਰਿਤਕ ਦੇਹ ਪਹਿਲਾਂ ਬਰਾਮਦ ਕੀਤੀ ਜਾ ਚੁੱਕੀ ਹੈ, ਪਰ ਅੱਜ ਦੁਪਹਿਰ 2:45 ਵਜੇ ਪਾਇਲਟ ਕੈਪਟਨ ਜਯੰਤ ਜੋਸ਼ੀ ਦੀ ਲਾਸ਼ ਵੀ ਬਰਾਮਦ ਹੋ ਗਈ ਹੈ।

ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਉਪਾਅ

0

ਉਮਰ ਬੀਤਣ ਨਾਲ ਚਿਹਰੇ ’ਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। 30 ਦੀ ਉਮਰ ਦੇ ਬਾਅਦ ਔਰਤਾਂ ਦੇ ਕੋਲੇਜਨ ਅਤੇ ਇਲਾਸਟਿਨ ਨਾਂ ਦਾ ਪ੍ਰੋਟੀਨ ਘੱਟ ਹੋਣ ਲੱਗਦਾ ਹੈ ਜਿਸ ਨਾਲ ਸਕਿਨ ’ਤੇ ਸਟਰੈੱਚ ਆਉਣ ਨਾਲ ਅੱਖਾਂ ਦੇ ਆਲੇ-ਦੁਆਲੇ ਲਾਈਨਾਂ ਦਿੱਸਣ ਲੱਗਦੀਆਂ ਹਨ। ਕਈ ਵਾਰ ਜ਼ਿਆਦਾ ਕੰਪਿਊਟਰ ਅਤੇ ਸਮਾਰਟਫੋਨ ਦੀ ਵਰਤੋਂ ਕਰਨ ਨਾਲ ਵੀ ਝੁਰੜੀਆਂ ਪੈ ਜਾਂਦੀਆਂ ਹਨ ਅਜਿਹੇ ’ਚ ਕੁਝ ਹੋਮਮੇਡ ਪੈਕ ਦੀ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਐਲੋਵੇਰਾ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਲਈ ਰਾਮਬਾਣ ਇਲਾਜ ਹੈ। ਅਜਿਹੇ ’ਚ ਇਸ ’ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਅੱਖਾਂ ਦੇ ਕੋਲ ਝੁਰੜੀਆਂ ਪੈਦਾ ਕਰਨ ਵਾਲੇ ਫਰੀ ਰੈਡੀਕਲਸ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਇਸ ਲਈ ਦਿਨ ’ਚ ਦੋ ਵਾਰ ਚਿਹਰੇ ’ਤੇ ਜੈੱਲ ਨੂੰ ਫੇਸਪੈਕ ਦੀ ਤਰ੍ਹਾਂ ਲਗਾਓ।

ਖੀਰਾ ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਨੂੰ ਘੱਟ ਕਰਨ ਦੇ ਨਾਲ ਡਾਰਕ ਸਰਕਲ ਨੂੰ ਵੀ ਘੱਟ ਕਰਨ ’ਚ ਮਦਦ ਕਰਦਾ ਹੈ। ਅੱਖਾਂ ਦੇ ਆਲੇ-ਦੁਆਲੇ ਢਿੱਲੀ ਹੋ ਚੁੱਕੀ ਸਕਿਨ ’ਤੇ ਖੀਰੇ ਦੀ ਵਰਤੋਂ ਕਰਕੇ ਤੁਸੀਂ ਇਸ ਨੂੰ ਟਾਈਟ ਕਰ ਸਕਦੇ ਹੋ। ਇਸ ਨਾਲ ਸਕਿਨ ’ਚ ਮੌਜੂਦ ਬਾਰੀਕ ਲਾਈਨ ਵੀ ਘੱਟ ਹੋਵੇਗੀ।

ਖੀਰੇ ਨੂੰ ਕੱਟ ਕੇ ਲਗਾਉਣ ਦੀ ਜਗ੍ਹਾ ਤੁਸੀਂ ਇਸ ਨੂੰ ਕੱਦੂਕਸ ਕਰ ਵੀ ਲਗਾ ਸਕਦੇ ਹੋ। ਟੀ ਬੈਗਸ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਅਤੇ ਟੈਨਿਕ ਅੱਖਾਂ ਦੇ ਹੇਠਾਂ ਦੀ ਸੋਜ ਨੂੰ ਘੱਟ ਕਰਕੇ ਝੁਰੜੀਆਂ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਟੀ ਬੈਗਸ ਨੂੰ ਗਰਮ ਪਾਣੀ ’ਚ ਭਿਓ ਕੇ ਕੁਝ ਮਿੰਟ ਲਈ ਫਰਿੱਜ਼ ’ਚ ਰੱਖ ਦਿਓ। ਇਸ ਦੇ ਬਾਅਦ 5-5 ਮਿੰਟ ਲਈ ਅੱਖਾਂ ’ਤੇ ਇਸ ਨੂੰ ਰੱਖੋ।

ਕੇਲਾ ਅੱਖਾਂ ਦੇ ਆਲੇ-ਦੁਆਲੇ ਦੀ ਢਿੱਲੀ ਸਕਿਨ ਨੂੰ ਟਾਈਟ ਕਰਨ ਦੇ ਨਾਲ ਡਾਰਕ ਸਰਕਲਸ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ। ਕੇਲੇ ਨੂੰ ਪੀਸ ਲਓ ਅਤੇ ਇਸ ’ਚ ਹਲਕਾ ਗੁਲਾਬ ਜਲ ਮਿਲਾ ਲਓ। ਇਸ ਨੂੰ ਅੱਖਾਂ ਦੇ ਕੋਲ ਅੱਧਾ ਘੰਟਾ ਰੱਖਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਦੇ ਇਲਾਵਾ ਤੁਸੀਂ ਕੇਲੇ ਦੀ ਮਦਦ ਨਾਲ ਅੱਖਾਂ ਦੇ ਚਾਰੇ ਪਾਸੇ ਮਾਲਿਸ਼ ਵੀ ਕਰ ਸਕਦੀ ਹੋ। ਕੇਲੇ ਦੀ ਜਗ੍ਹਾ ਤੁਸੀਂ ਚਾਹੋ ਤਾਂ ਕੇਲੇ ਦੇ ਛਿਲਕੇ ਦੀ ਵੀ ਵਰਤੋਂ ਕਰ ਸਕਦੀ ਹੋ।

ਪੰਜਾਬ ਦੇ ਮੁੱਖ ਮੰਤਰੀ ਚੰਨੀ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ

0

ਸੂਬੇ ਦੇ ਲੱਖਾਂ ਪਰਿਵਾਰਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕੀਤੀ,ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ।

 

ਅੱਜ ਇੱਥੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੰਜਾਬ ਵਾਸੀਆਂ ਵਿਸ਼ੇਸ਼ ਤੌਰ ’ਤੇ ਸਮਾਜ ਦੇ ਲੋੜਵੰਦ ਤੇ ਕਮਜ਼ੋਰ ਵਰਗਾਂ ਨੂੰ ਅਤਿ ਲੋੜੀਂਦੀ ਰਾਹਤ ਮੁਹੱਈਆ ਕਰਵਾਏਗੀ। ਚੰਨੀ ਨੇ ਕਿਹਾ ਕਿ ਇਸ ਸਕੀਮ ਨੂੰ ਪਹਿਲਾਂ ਸਿਰਫ਼ ਪਿੰਡਾਂ ਦੇ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਘੇਰਾ ਵਧਾ ਕੇ ਹੁਣ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਇਸ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਗਿਆ। ਚੰਨੀ ਨੇ ਕਿਹਾ ਕਿ ਇਸ ਸਮੁੱਚੀ ਸਕੀਮ ਨੂੰ ਲਾਗੂ ਕਰਨ ਦਾ ਜਿੰਮਾ ਮਾਲ ਵਿਭਾਗ ਨੂੰ ਦਿੱਤਾ ਗਿਆ ਹੈ ,ਜੋ ਡਿਜੀਟਲ ਮੈਪਿੰਗ ਕਰਨ ਲਈ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਅਜਿਹੀਆਂ ਰਿਹਾਇਸ਼ੀ ਜਾਇਦਾਦਾਂ ਦਾ ਡਰੋਨ ਸਰਵੇ ਕਰਵਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਢੁਕਵੀਂ ਸ਼ਨਾਖਤ ਤੇ ਤਸਦੀਕ ਕਰਨ ਤੋਂ ਬਾਅਦ ਜਾਇਦਾਦ ਦਾ ਮਾਲਕੀ ਹੱਕ ਦੇਣ ਲਈ ਪ੍ਰਾਪਰਟੀ ਕਾਰਡ (ਸੰਨਦ) ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਆਪਣੇ ਇਤਰਾਜ਼ ਦਾਇਰ ਕਰਨ ਲਈ 15 ਦਿਨ ਦਾ ਸਮਾਂ ਵੀ ਦਿੱਤਾ ਜਾਵੇਗਾ ਅਤੇ ਜੇਕਰ ਉਨਾਂ ਪਾਸੋਂ ਕੋਈ ਜਵਾਬ ਨਹੀਂ ਆਉਂਦਾ ਤਾਂ ਸੰਨਦਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੰਨਦਾਂ ਰਜਿਸਟਰੀ ਦਾ ਉਦੇਸ਼ ਪੂਰਾ ਕਰਨਗੀਆਂ ਜਿਸ ਨਾਲ ਸਬੰਧਿਤ ਲੋਕਾਂ ਨੂੰ ਬੈਂਕਾਂ ਪਾਸੋਂ ਕਰਜ਼ਾ ਮਿਲ ਸਕਦਾ ਹੈ ਜਾਂ ਉਹ ਆਪਣੀ ਜਾਇਦਾਦ ਵੀ ਵੇਚ-ਵੱਟ ਸਕਦੇ ਹਨ ਜਿਸ ਕਰਕੇ ਇਸ ਦੀ ਕੀਮਤ ਵੀ ਵਧੇਗੀ। ਸ੍ਰ.ਚੰਨੀ ਨੇ ਇਹ ਵੀ ਕਿਹਾ ਕਿ ਸ਼ਹਿਰਾਂ ਦੇ ਪੁਰਾਣੇ ਮੁਹੱਲਿਆਂ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਲੋਕ ਵੀ ਇਸ ਸਕੀਮ ਦੇ ਘੇਰੇ ਵਿੱਚ ਆਉਣਗੇ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਲਾਲ ਲਕੀਰ ਤੋਂ ਬਾਹਰ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇ ਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੀ ਦਿਵਾਲੀ ਤੱਕ ਸੂਬਾ ਸਰਕਾਰ ਇਸ ਸਕੀਮ ਅਧੀਨ ਇਨਾਂ ਲੋਕਾਂ ਨੂੰ ਮਾਲਕੀ ਹੱਕ ਦੇਣਾ ਯਕੀਨੀ ਬਣਾਏਗੀ। ਚੰਨੀ ਨੇ ਕਿਹਾ ਕਿ ਇਨ੍ਹਾਂ ਲੋਕ ਪੱਖੀ ਉਪਰਾਲਿਆਂ ਦਾ ਮੁੱਖ ਮਨੋਰਥ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਮੁਹੱਈਆ ਕਰਵਾਉਣਾ ਹੈ ।

ਬਿਜਲੀ ਦੇ ਕੁਨੈਕਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਜਿਹੜੇ ਵੀ ਕੁਨੈਕਸ਼ਨ ਬਕਾਏ ਬਿਲਾਂ ਕਰਕੇ ਕੱਟ ਦਿੱਤੇ ਗਏ ਸੀ, ਉਨਾਂ ਕੁਨੈਕਸ਼ਨਾਂ ਨੂੰ ਦਿਵਾਲੀ ਤੱਕ ਮੁੜ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਕਾਏ ਬਿੱਲ ਮੁਆਫ਼ ਕਰਨ ਦੀ ਸਕੀਮ ਦਾ ਲਾਭ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਵੇਗਾ , ਚਾਹੇ ਉਹ ਕਿਸੇ ਵੀ ਜਾਤ ,ਧਰਮ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ਦੇ 72 ਲੱਖ ਬਿਜਲੀ ਖ਼ਪਤਕਾਰਾਂ ਵਿਚੋਂ 52 ਲੱਖ ਖ਼ਪਤਕਾਰਾਂ ਨੂੰ ਬਕਾਏ ਬਿੱਲ ਮੁਆਫ਼ੀ ਦਾ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਬਹੁਤ ਘੱਟ ਸਮਾਂ ਹੈ, ਪਰ ਉਹ ਨਿਰੰਤਰ ਕੰਮ ਕਰ ਰਹੇ ਹਨ ਤਾਂ ਕਿ ਸੂਬਾ ਸਰਕਾਰ ਦੀਆਂ ਵਿਕਾਸ ਮੁੱਖੀ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦੇਣਾ ਯਕੀਨੀ ਬਣਾਇਆ ਜਾ ਸਕੇ।

ਨਵੇਂ ਪ੍ਰੋਜੈਕਟਾਂ ਦਾ ਐਲਾਨ
ਦੀਨਾਨਗਰ ਲਈ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੋਂ ਦੇ ਮੌਜੂਦਾ ਕਮਿਊਨਟੀ ਹੈਲਥ ਸੈਂਟਰ ਨੂੰ ਸਬ ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਇਹ ਵਿਧਾਨ ਸਭਾ ਹਲਕਾ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਉਹ ਇਸ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਕਾਂਗਰਸੀ ਵਰਕਰਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਇਕ ਨਵਾਂ ਯੁੱਗ ਆਇਆ ਹੈ ਅਤੇ ਸੂਬੇ ਵਿੱਚ ਹੁਣ ਚੁਣੇ ਹੋਏ ਨੁਮਾਇੰਦਿਆਂ ਦਾ ਰਾਜ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਸਭ ਤੋਂ ਵੱਧ ਧਿਆਨ ਕਾਂਗਰਸੀ ਵਰਕਰਾਂ ਦੇ ਮਾਣ-ਸਤਿਕਾਰ ਨੂੰ ਬਹਾਲ ਕਰਵਾਉਣ ਵੱਲ ਹੋਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕਾਂਗਰਸ ਵਰਕਰ ਹੀ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ ਕਿਉਂਕਿ ਉਨ੍ਹਾਂ ਨੇ ਸੂਬੇ ਵਿੱਚ ਸਾਰੀਆਂ ਤਾਕਤਾਂ ਦਾ ਵਿਕੇਂਦਰੀਕਰਨ ਕਰ ਦਿੱਤਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੀਨਾਨਗਰ ਹਲਕੇ ਨਾਲ ਆਪਣੀ ਪੁਰਾਣੀ ਪਰਿਵਾਰਕ ਸਾਂਝਾ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੇ ਰੂਪ ਵਿੱਚ ਸੂਬੇ ਨੂੰ ਵੱਡੀ ਸੌਗ਼ਾਤ ਦਿੱਤੀ ਗਈ ਹੈ। ਰੰਧਾਵਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਨਾਪਾਕ ਸਾਂਝ ਹੈ ਜੋ ਫਿਰਕੂ ਨਫ਼ਰਤ ਦੀ ਵਿਚਾਰਧਾਰਾ ’ਤੇ ਅਧਾਰਿਤ ਹੈ।

ਸਰਹੱਦੀ ਇਲਾਕੇ ਦੇ ਲੋਕ ਮੁਲਕ ਦੇ ਬਹਾਦਰ ਦੇਸ਼ ਭਗਤ ਹਨ
ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਮੁਲਕ ਦੇ ਬਹਾਦਰ ਦੇਸ਼ ਭਗਤ ਹਨ ,ਪਰ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਸਰਕਾਰ ਇਨ੍ਹਾਂ ਲੋਕਾਂ ਦੀ ਦੇਸ਼ ਭਗਤੀ ਅਤੇ ਦਿਆਨਤਦਾਰੀ ਉਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਰਹੀ ਹੈ , ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰੰਧਾਵਾ ਨੇ ਕਿਹਾ ਕਿ ਸਰਹੱਦ ਪਾਰ ਤੋਂ ਅਤਿਵਾਦ ਜਾਂ ਨਸ਼ੇ ਦੇ ਕਾਰੋਬਾਰ ਰਾਹੀਂ ਸੂਬੇ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਘੜੇ ਜਾਣ ਵਾਲੇ ਕਿਸੇ ਵੀ ਮਨਸੂਬੇ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬ ਪੁਲਿਸ ਹੁਣ ਪੂਰੀ ਤਰ੍ਹਾਂ ਸਮੱਰਥਵਾਨ ਹੈ। ਉਨ੍ਹਾਂ ਨੇ ਡਾ.ਮਨਮੋਹਨ ਸਿੰਘ ਸਰਕਾਰ ਵਲੋਂ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਸ਼ੁਰੂ ਕੀਤੇ ‘ਸਰਹੱਦੀ ਖੇਤਰ ਵਿਕਾਸ ਫੰਡ ਪ੍ਰੋਗਰਾਮ’ ਤਹਿਤ ਦਿੱਤੇ ਜਾਂਦੇ ਫੰਡਾਂ ਵਿੱਚ ਮੋਦੀ ਸਰਕਾਰ ਵੱਲੋਂ ਕੇਂਦਰ ਦੇ ਹਿੱਸੇ ਵਿੱਚ ਕਟੌਤੀ ਕਰਨ ਦੇਣ ਦੀ ਸਖ਼ਤ ਆਲੋਚਨਾ ਕੀਤੀ ਕਿਉਂ ਜੋ ਇਸ ਨਾਲ ਸਰਹੱਦੀ ਇਲਾਕਿਆਂ ਦੇ ਵਿਕਾਸ ਨੁੰ ਢਾਹ ਲੱਗ ਰਹੀ ਹੈ।

ਮਾਲ ਮੰਤਰੀ ਅਰੁਣਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕ ਪੱਖੀ ਸਕੀਮ ਮੁੱਖ ਮੰਤਰੀ ਦੀ ਦੂਰ ਅੰਦੇਸ਼ ਪਹੁੰਚ ਦੇ ਨਤੀਜੇ ਸਦਕਾ ਲਾਗੂ ਕੀਤੀ ਜਾ ਰਹੀ ਹੈ, ਜੋ ਹਮੇਸ਼ਾਂ ਹੀ ਲੋਕਾਂ ਦੇ ਭਲੇ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਪਿੰਡਾਂ ਅਤੇ ਸ਼ਹਿਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਕ੍ਰਾਂਤੀਕਾਰੀ ਕਦਮ ਸਾਬਿਤ ਹੋਵੇਗੀ।

ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਮੀਰਪੁਰ ਅਤੇ ਮਹਾਂਦੇਵ ਕਲਾਂ ਦੇ 50 ਲਾਭਪਾਤਰੀਆਂ ਨੂੰ ਜਾਇਦਾਦ ਦੇ ਮਾਲਕੀ ਹੱਕ ਦੀਆਂ ਸੰਨਦਾਂ ਸੌਂਪੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 2.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਹਿਸੀਲ ਕੰਪਲੈਕਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਮ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦੇ ਨੀਂਹ ਪੱਥਰ ਵੀ ਰੱਖੇ। ਇਸ ਮੌਕੇ ਬੱਸ ਸਟੈਂਡ ਲਈ ਵੀ 2.90 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।

ਐਸ.ਸੀ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਨ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕਦੋਂ ਹੋਵੇਗੀ ਕਾਰਵਾਈ?: ਹਰਪਾਲ ਸਿੰਘ ਚੀਮਾ

0

ਪੋਸਟ ਮੈਟਿ੍ਰਕ ਸਕਾਲਰਸ਼ਿਪ ਵਿੱਚ ਕਰੋੜਾਂ ਰੁਪਇਆਂ ਦਾ ਘੋਟਾਲਾ ਕਰਨ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਵਿੱਚ ਲੱਗੀ ਚੰਨੀ ਸਰਕਾਰ

ਵਜ਼ੀਫ਼ਾ ਨਾ ਮਿਲਣ ਕਾਰਕੇ 2 ਲੱਖ ਤੋਂ ਜ਼ਿਆਦਾ ਐਸ.ਸੀ ਵਿਦਿਆਰਥੀਆਂ ਨੂੰ ਹੋਣਾ ਪਿਆ ਪੜ੍ਹਾਈ ਤੋ ਦੂਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਐਸ.ਸੀ ਵਿਦਿਆਰਥੀਆਂ ਦੇ ਪੋਸਟ ਮੈਟਿ੍ਰਕ ਸਕਾਲਰਸ਼ਿਪ (ਵਜ਼ੀਫ਼ਾ ਰਾਸ਼ੀ) ਵਿੱਚ ਕਰੋੜਾਂ ਰੁਪਇਆਂ ਦਾ ਘੋਟਾਲਾ ਕਰਨ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ। ਚੀਮਾ ਨੇ ਕਿਹਾ ਕਿ ਚੰਨੀ ਸਰਕਾਰ ਦੇ ਸਮਾਜ ਭਲਾਈ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਕੁੱਝ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਾਉਣ ਦੀ ਕਾਰਵਾਈ ਕੇਵਲ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਯਤਨ ਹੈ।

ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਵਾਂਗ ਹੀ ਚੰਨੀ ਸਰਕਾਰ ਐਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਹੜੱਪਣ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਬਚਾਅ ਕਰ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ਆਪਣੀ ਸਰਕਾਰ ਦੇ ਅਲੀ ਬਾਬਾ ਨੂੰ ਤਾਂ ਜ਼ਰੂਰ ਬਦਲਿਆ ਗਿਆ ਹੈ, ਪਰ ਕਾਂਗਰਸ ਸਰਕਾਰ ਦੀ ਘੋਟਾਲੇਬਾਜ਼ਾਂ ਨੂੰ ਬਚਾਉਣ ਦੀ ਨੀਅਤ ਅਤੇ ਨੀਤੀ ਵਿੱਚ ਕੋਈ ਪਰਿਵਰਤਨ ਨਹੀਂ ਹੋਇਆ ਹੈ।’’

ਹਰਪਾਲ ਸਿੰਘ ਚੀਮਾ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਨਵੇਂ ਮੰਤਰੀ ਰਾਜ ਕੁਮਾਰ ਵੇਰਕਾ ਨੇ ਵਜ਼ੀਫ਼ਾ ਘੋਟਾਲਾ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਮੰਤਰੀ ਵੀ ਸੱਚੀ ਕਾਰਵਾਈ ਕਰਨ ਤੋਂ ਪਿੱਛੇ ਹੱਟ ਗਏ ਹਨ। ਸਗੋਂ ਕੁੱਝ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਡਰਾਮਾ ਕਰਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੋੜੀਦਾਰ ਸਾਧੂ ਸਿੰਘ ਧਰਮਸੋਤ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲੱਗੇ ਹੋਏ ਹਨ।

ਚੀਮਾ ਨੇ ਦੱਸਿਆ ਕਿ ਜਦੋਂ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸਮਾਜ ਭਲਾਈ ਵਿਭਾਗ ਚਲਾ ਰਹੇ ਸਨ ਤਾਂ ਉਸ ਸਮੇਂ ਪੋਸਟ ਮੈਟਿ੍ਰਕ ਸਕਾਲਰਸ਼ਿਪ ਦਾ ਕਰੋੜਾਂ ਰੁਪਇਆਂ ਜਾਅਲੀ ਕਾਲਜਾਂ ਦੇ ਖਾਤਿਆਂ ਵਿੱਚ ਪਾ ਕੇ ਐਸ.ਸੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਕਰੀਬ 2 ਲੱਖ ਤੋਂ ਜ਼ਿਆਦਾ ਐਸ.ਸੀ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋ ਦੂਰ ਹੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸੀਨੀਅਰ ਅਧਿਕਾਰੀਆਂ ਨੇ ਵਜ਼ੀਫ਼ਾ ਫੰਡਾਂ ਵਿੱਚ ਹੇਰਾਫੇਰੀਆਂ ਹੋਣ ਦੀ ਰਿਪੋਰਟ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਆਪਣੇ ਜੋੜੀਦਾਰ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਇਸ ਮਾਮਲੇ ਲਈ ਜ਼ਿੰਮੇਵਾਰ ਉਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਵਜ਼ੀਫ਼ਾ ਘੋਟਾਲਾ ਕਰਨ ਵਾਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰਨਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦੀ ਆ ਰਹੀ ਹੈ ਅਤੇ ਇਸ ਦੇ ਲਈ ਸੜਕ ਤੋਂ ਵਿਧਾਨ ਸਭਾ ਤੱਕ ਪਾਰਟੀ ਵਰਕਰਾਂ ਵੱਲੋਂ ਸੰਘਰਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਦਿਖਾਵੇ ਦੇ ਨਾਂ ’ਤੇ ਕੁੱਝ ਕੁ ਅਧਿਕਾਰੀਆਂ ਖ਼ਿਲਾਫ਼ ਤਾਂ ਕਾਰਵਾਈ ਕਰ ਰਹੀ ਹੈ, ਪਰ ਵਿਭਾਗ ਦੇ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਟਾਲ਼ਾ ਵੱਟ ਰਹੀ ਹੈ। ਚੀਮਾ ਨੇ ਚੰਨੀ ਸਰਕਾਰ ਤੋਂ ਪੁੱਛਿਆ ਕਿ ਪੰਜਾਬ ਦੇ ਲੱਖਾਂ ਐਸ.ਸੀ ਵਰਗ ਦੇ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਨ ਲਈ ਜ਼ਿੰਮੇਵਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕੀ ਅਤੇ ਕਦੋਂ ਕਾਰਵਾਈ ਕੀਤੀ ਜਾਵੇਗੀ?