Home Blog Page 2290

ਬੀਬੀ ਜਗੀਰ ਕੌਰ ਨੇ ਕਿਹਾ- ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਸਿੱਖ ਬੀਬੀਆਂ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਥੇ ਭਾਈ ਗੁਰਦਾਸ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਬੀਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਤਰ ਸਮਾਜ ਦੀ ਸਿਰਜਣਾ ਲਈ ਔਰਤਾਂ ਗੁਰੂ ਸਾਹਿਬਾਨ ਦੀ ਸੋਚ ’ਤੇ ਪਹਿਰਾ ਦਿੰਦਿਆਂ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ। ਉਨ੍ਹਾਂ ਨੇ ਕਿਹਾ ਕਿ ਬੀਬੀਆਂ ਦਾ ਸਮਾਜ ਵਿਚ ਅਹਿਮ ਯੋਗਦਾਨ ਹੈ ਅਤੇ ਬੱਚਿਆਂ ਅੰਦਰ ਧਾਰਮਿਕ ਸਰੋਕਾਰ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਕੌਮ ਪ੍ਰਸਤੀ ਪੈਦਾ ਕਰਨ ਲਈ ਉਹ ਅਹਿਮ ਯੋਗਦਾਨ ਪਾ ਸਕਦੀਆਂ ਹਨ।

ਉਨ੍ਹਾਂ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਬੀਬੀਆਂ ਆਪੋ-ਆਪਣੇ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਵਿਚ ਸਹਿਯੋਗੀ ਬਣਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ‘ਘਰਿ ਘਰਿ ਅੰਦਰਿ ਧਰਮਸਾਲ’ ਪ੍ਰਚੰਡ ਰੂਪ ਵਿਚ ਕਾਰਜ ਕਰ ਰਹੀ ਹੈ, ਜਿਸ ਵਿਚ ਬੀਬੀਆਂ ਦੇ ਸਮਾਗਮ ਵੀ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਲਈ ਬੀਬੀਆਂ ਨੂੰ ਭਰਵਾਂ ਸਹਿਯੋਗ ਕਰਨਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਨੌਜੁਆਨ ਬੱਚੀਆਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਜਿਥੇ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਸਹੂਲਤਾਂ ਦਿੱਤੀਆਂ ਹਨ, ਉਥੇ ਹੀ ਖੇਡਾਂ ਲਈ ਖ਼ਾਸ ਮੰਚ ਮੁਹੱਈਆ ਕਰਵਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਬੱਚੀਆਂ ਨੂੰ ਮੁਫ਼ਤ ਵਿੱਦਿਆ ਦੇਣ ਲਈ ਸ਼੍ਰੋਮਣੀ ਕਮੇਟੀ ਨੇ ਅਹਿਮ ਪਹਿਲਕਦਮੀਂ ਕੀਤੀ ਹੈ। ਪਹਿਲਾਂ ਮਾਲਵਾ ਖੇਤਰ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ 200 ਅੰਮ੍ਰਿਤਧਾਰੀ ਸਿੱਖ ਬੱਚੀਆਂ ਫਰੀ ਪੜ੍ਹਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 72 ਲੜਕੀਆਂ ਜੰਮੂ ਕਸ਼ਮੀਰ ਨਾਲ ਸਬੰਧਤ ਹਨ। ਉਨ੍ਹਾਂ ਨੇ ਦੱਸਿਆ ਕਿ ਮਾਝਾ ਇਲਾਕੇ ਵਿਚ ਤਰਨ ਤਾਰਨ ਅਤੇ ਦੁਆਬਾ ਖੇਤਰ ਵਿਚ ਕਰਤਾਰਪੁਰ ਵਿਖੇ ਮਾਤਾ ਗੁਜਰੀ ਕਾਲਜ ਵਿਖੇ ਦੋ-ਦੋ ਸੌਂ ਅੰਮ੍ਰਿਤਧਾਰੀ ਸਿੱਖ ਬੱਚੀਆਂ ਨੂੰ ਮੁਫ਼ਤ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਲਈ ਰਿਹਾਇਸ਼ ਅਤੇ ਖਾਣੇ ਦੀ ਮੁਫ਼ਤ ਸਹੂਲਤ ਦਾ ਵੀ ਪ੍ਰਬੰਧ ਹੈ। ਇਸੇ ਤਰ੍ਹਾਂ ਤਰਨ ਤਾਰਨ ਵਿਖੇ ਹੀ ਲੜਕੀਆਂ ਲਈ ਸਿੱਖ ਮਿਸ਼ਨਰੀ ਕਾਲਜ ਖੋਲ੍ਹਿਆ ਜਾ ਰਿਹਾ ਹੈ, ਜਿਸ ਨਾਲ ਸਿੱਖ ਨੌਜੁਆਨ ਲੜਕੀਆਂ ਨੂੰ ਧਰਮ ਪ੍ਰਚਾਰ ਦੇ ਖੇਤਰ ਮੌਕੇ ਮਿਲਣਗੇ।

ਬੀਬੀ ਜਗੀਰ ਕੌਰ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਸਾਰੇ ਕਾਰਜਾਂ ਨਾਲ ਜੁੜ ਕੇ ਸਿੱਖ ਨੌਜੁਆਨ ਬੱਚੀਆਂ ਤੱਕ ਜਾਣਕਾਰੀ ਪਹੁੰਚਾਉਣ, ਤਾਂ ਜੋ ਵੱਧ ਤੋਂ ਵੱਧ ਸਿੱਖ ਬੱਚੀਆਂ ਇਸ ਦਾ ਲਾਭ ਲੈ ਸਕਣ। ਇਸ ਦੌਰਾਨ ਵੱਖ-ਵੱਖ ਬੀਬੀਆਂ ਨੇ ਜਿਥੇ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸਿੱਖੀ ਪ੍ਰਚਾਰ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ, ਉਥੇ ਹੀ ਹਾਜ਼ਰ ਬੀਬੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਦਾ ਸਹਿਯੋਗੀ ਬਣਨ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਗੁਰਿੰਦਰ ਕੌਰ ਭੋਲੂਵਾਲ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਜੋਗਿੰਦਰ ਕੌਰ, ਬੀਬੀ ਮਨਜੀਤ ਕੌਰ, ਦਿੱਲੀ ਕਮੇਟੀ ਦੀ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਮੌਜੂਦ ਸਨ।

ਕਪਿਲ ਦੇਵ ਨੇ T-20 World Cup ‘ਚ ਭਾਰਤ ਦੇ ਖ਼ਰਾਬ ਪ੍ਰਦਰਸ਼ਨ ’ਤੇ ਭੜਕੇ

0

ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਦੇਸ਼ ਦੇ ਕ੍ਰਿਕਟਰ ਰਾਸ਼ਟਰੀ ਟੀਮ ਤੋਂ ਜ਼ਿਆਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਪਹਿਲ ਦਿੰਦੇ ਹਨ ਤੇ ਮੌਜੂਦਾ ਟੀ-20 ਵਰਲਡ ਕੱਪ ਦੌਰਾਨ ਕੀਤੀਆਂ ਗਈਆਂ ਗ਼ਲਤੀਆਂ ਤੋਂ ਬਚਣ ਲਈ ਵਧੀਆ ਪ੍ਰੋਗਰਾਮ ਤਿਆਰ ਕਰਨ ਦੀ ਜ਼ਿੰਮੇਵਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਹੈ। ਭਾਰਤ ਸੁਪਰ 12 ’ਚ ਪਹਿਲੇ ਦੋ ਮੈਚ ਗੁਆਉਣ ਕਾਰਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਥਾਂ ਨਹੀਂ ਬਣਾ ਸਕਿਆ। ਨਿਊਜ਼ੀਲੈਂਡ ਨੇ ਐਤਵਾਰ ਨੂੰ ਅਫ਼ਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ, ਜਿਸ ਨਾਲ ਭਾਰਤ ਬਾਹਰ ਹੋ ਗਿਆ। ਕਪਿਲ ਨੇ ਏ. ਬੀ. ਪੀ. ਨੂੰ ਕਿਹਾ ਕਿ ਜਦੋਂ ਖਿਡਾਰੀ ਦੇਸ਼ ਲਈ ਖੇਡਣ ਤੋਂ ਜ਼ਿਆਦਾ ਆਈ. ਪੀ. ਐੱਲ. ਨੂੰ ਪਹਿਲ ਦਿੰਦੇ ਹਨ, ਤਾਂ ਅਸੀਂ ਕੀ ਕਹਿ ਸਕਦੇ ਹਾਂ? ਖਿਡਾਰੀਆਂ ਨੂੰ ਆਪਣੇ ਦੇਸ਼ ਲਈ ਖੇਡਣ ’ਤੇ ਮਾਣ ਹੋਣਾ ਚਾਹੀਦਾ ਹੈ। ਮੈਨੂੰ ਉਨ੍ਹਾਂ ਦੀ ਵਿੱਤੀ ਹਾਲਤ ਦਾ ਪਤਾ ਨਹੀਂ ਹੈ, ਇਸ ਲਈ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ।

ਆਈ. ਪੀ. ਐੱਲ. ਦਾ ਆਯੋਜਨ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕੀਤਾ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਬੀ. ਸੀ. ਸੀ. ਆਈ. ਨੇ ਇੰਨਾ ਰੁਝੇਵਿਆਂ ਭਰਿਆ ਪ੍ਰੋਗਰਾਮ ਤਿਆਰ ਕੀਤਾ। ਕਪਿਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਹਿਲਾਂ ਰਾਸ਼ਟਰੀ ਟੀਮ ਤੇ ਫਿਰ ਫ੍ਰੈਂਚਾਇਜ਼ੀ ਹੋਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਉਥੇ (ਆਈ. ਪੀ. ਐੱਲ.) ਕ੍ਰਿਕਟ ਨਾ ਖੇਡਣ ਪਰ ਵਧੀਆ ਯੋਜਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਹੁਣ ਬੀ. ਸੀ. ਸੀ. ਆਈ. ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ’ਚ ਅਸੀਂ ਜੋ ਗ਼ਲਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਦੁਹਰਾਉਣਾ ਸਾਡੇ ਲਈ ਸਭ ਤੋਂ ਵੱਡੀ ਸਿੱਖਿਆ ਹੈ।

ਕਪਿਲ ਨੇ ਇਸ ਦੇ ਨਾਲ ਹੀ ਕਿਹਾ ਕਿ ਆਈ. ਪੀ. ਐੱਲ. ਦੇ ਦੂਸਰੇ ਪੜਾਅ ’ਤੇ ਟੀ20 ਵਿਸ਼ਵ ਕੱਪ ਵਿਚਾਲੇ ਫਰਕ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਭਵਿੱਖ ’ਤੇ ਗੌਰ ਕਰਨ ਦਾ ਸਮਾਂ ਹੈ। ਤੁਹਾਨੂੰ ਤੁਰੰਤ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਜਿਹਾ ਨਹੀਂ ਹੈ ਕਿ ਵਿਸ਼ਵ ਕੱਪ ਖ਼ਤਮ ਹੋ ਗਿਆ ਹੈ ਤਾਂ ਭਾਰਤੀ ਟੀਮ ਦਾ ਪੂਰਾ ਕ੍ਰਿਕਟ ਵੀ ਖ਼ਤਮ ਹੋ ਗਿਆ ਹੈ। ਜਾਓ ਤੇ ਯੋਜਨਾ ਤਿਆਰ ਕਰੋ। ਕਪਿਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਆਈ. ਪੀ. ਐੱਲ. ਤੇ ਵਿਸ਼ਵ ਕੱਪ ਵਿਚਾਲੇ ਕੁਝ ਸਮੇਂ ਦਾ ਫਰਕ ਹੋਣਾ ਚਾਹੀਦਾ ਸੀ।

ਅੱਜ ਸਾਡੇ ਖਿਡਾਰੀਆਂ ਨੂੰ ਲੋੜੀਂਦੇ ਮੌਕੇ ਮਿਲ ਰਹੇ ਹਨ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੇ। ਇਹ 2012 ਤੋਂ ਬਾਅਦ ਪਹਿਲਾ ਮੌਕਾ ਹੈ, ਜਦੋਂ ਭਾਰਤ ਕਿਸੇ ਆਈ. ਸੀ. ਸੀ. ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਨਹੀਂ ਬਣਾ ਸਕਿਆ ਹੈ ਤੇ ਹਰ ਕਿਸੇ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ (ਚੋਟੀ ਦੇ ਖਿਡਾਰੀਆਂ) ਆਪੇ ਕਰੀਅਰ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਜੇ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਹੋ ਤਾਂ ਤੁਹਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ…ਰਵੀ ਸ਼ਾਸਤਰੀ, ਵਿਰਾਟ ਕੋਹਲੀ ਦਾ ਰਿਕਾਰਡ ਵਧੀਆ ਹੈ ਪਰ ਜੇ ਤੁਸੀਂ ਆਈ. ਸੀ. ਸੀ. ਮੁਕਾਬਲਾ ਨਹੀਂ ਜਿੱਤ ਸਕਦੇ ਤਾਂ ਇਸ ਨਾਲ ਉਨ੍ਹਾਂ ਨੂੰ ਹੋਰ ਦੁੱਖ ਹੋਵੇਗਾ।

ਅਮਰਜੀਤ ਸਿੰਘ ਭਾਟੀਆ ਆਪਣੇ ਸਾਥੀਆਂ ਸਮੇਤ ਅਕਾਲੀ ਦਲ ‘ਚ ਹੋਏ ਸ਼ਾਮਿਲ

0

ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਅਮਰਜੀਤ ਸਿੰਘ ਭਾਟੀਆ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਭਾਟੀਆ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਨਾਲ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ।

ਇਸ ਦੇ ਨਾਲ ਹੀ ਮਜੀਠੀਆ ਨੇ ਚੰਨੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ‘ਚ ਪੈਟਰੋਲ-ਡੀਜ਼ਲ ਸਭ ਤੋਂ ਸਸਤਾ ਹੋਣ ਦਾ ਦਾਅਵਾ ਕਰਨਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਸਾਢੇ ਪੰਜ ਸਾਲ ਲੁੱਟ-ਖੋਹ ਦੀ ਰਣਨੀਤੀ ਅਪਣਾਈ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਵਿੱਚ ਪੈਟਰੋਲ ਸਸਤਾ ਹੋਣ ਦਾ ਦਾਅਵਾ ਕਰਦੀ ਹੈ ਤਾਂ ਚੰਡੀਗੜ੍ਹ ਵਿੱਚ ਪੈਟਰੋਲ ਪੰਜਾਬ ਨਾਲੋਂ ਸਸਤਾ ਕਿਵੇਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਚੰਨੀ ਸਰਕਾਰ ਨੇ 1 ਮਹੀਨੇ ਵਿੱਚ 15 ਹਜ਼ਾਰ ਕਰੋੜ ਰੁਪਏ ਦੀ ਰਿਆਇਤ ਦਿੱਤੀ ਹੈ। ਲੋਕਾਂ ਨੂੰ ਰਾਹਤ ਦੇਣਾ ਸਿਰਫ਼ ਚੋਣ ਸਟੰਟ ਹੈ। ਚਾਹੇ ਫਿਰ ਸਸਤੀ ਬਿਜਲੀ ਹੋਵੇ ਜਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਰਾਹਤ।

ਇਸ ਦੇ ਨਾਲ ਹੀ ਮਜੀਠੀਆ ਨੇ ਸੁੱਖੀ ਰੰਧਾਵਾ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਨੇ ਫਾਰਮ ਭਰੇ ਸਨ, ਉਹ ਅਜੇ ਵੀ ਨੌਕਰੀ ਲਈ ਤਰਸ ਰਹੇ ਹਨ। ਬੇਅਦਬੀ ਮਾਮਲੇ ‘ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਕੋਈ ਨਵਾਂ ਕੰਮ ਨਹੀਂ ਕੀਤਾ, ਅਕਾਲੀ ਦਲ ਬਾਦਲ ਖਿਲਾਫ ਸਾਜ਼ਿਸ਼ ਰਚ ਰਹੀ ਹੈ। ਕਾਂਗਰਸ ਨੇ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਚੰਨੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੀਐਮ ਚੰਨੀ ਆਮ ਆਦਮੀ ਦੀ ਗੱਲ ਕਰਦੇ ਹਨ। ਕਰੋੜਾਂ ਦੇ ਇਸ਼ਤਿਹਾਰਾਂ ‘ਚ ਦਿੱਤੇ ਗਏ ਵੈਟ ਦੀ ਕਮਾਈ ਪੰਜਾਬ ਅਤੇ ਰਾਜਸਥਾਨ ਨੇ ਹੀ ਲਈ। ਜਦੋਂ ਕਿ ਰਾਜਸਥਾਨ ਵਿੱਚ ਸਿਰਫ਼ ਕਾਂਗਰਸ ਦੀ ਸਰਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਮੰਤਰੀ ਮੰਡਲ ਵਿੱਚ ਭ੍ਰਿਸ਼ਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ 6-6 ਮੰਡੀਆਂ ਦਾ ਚਾਰਜ ਮੰਤਰੀਆਂ ਦੇ ਚਹੇਤੇ ਨੂੰ ਸੌਂਪ ਦਿੱਤਾ ਹੈ।

ਨਕਾਮੀਆਂ ਛੁਪਾਉਣ ਲਈ ਸਦਨ ‘ਚੋਂ ਭੱਜ ਰਹੀ ਹੈ ਚੰਨੀ ਸਰਕਾਰ : ਹਰਪਾਲ ਸਿੰਘ ਚੀਮਾ

0

ਕਿਹਾ, ਸੰਵਿਧਾਨ ਦੀ ਤੌਹੀਨ ਅਤੇ ਖਜ਼ਾਨੇ ‘ਤੇ ਬੇਲੋੜਾ ਬੋਝ ਹੈ ਸਰਕਾਰ ਦਾ ਫ਼ੈਸਲਾ

70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਿਆ ਗਿਆ ਅਜਿਹਾ ਤੁਗ਼ਲਕੀ ਫ਼ੈਸਲਾ: ਅਮਨ ਅਰੋੜਾ

ਸੈਸ਼ਨ ਦੋ ਦਿਨਾਂ ਲਈ ਮੁਲਤਵੀਂ ਕੀਤੇ ਜਾਣ ਦਾ ‘ਆਪ’ ਨੇ ਕੀਤਾ ਵਿਰੋਧ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਵਿਧਾਨ ਸਭਾ ਦੀ ਇਕਲੌਤੀ ਬੈਠਕ ਕਰਕੇ ਸਦਨ ਦੀ ਕਾਰਵਾਈ ਦੋ ਦਿਨਾਂ ਲਈ ਮੁਲਤਵੀ ਕਰਕੇ 11 ਨਵੰਬਰ ਨੂੰ ਕੀਤੇ ਜਾਣ ਵਾਲੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਦੋਸ਼ ਲਾਇਆ ਕਿ ਸਰਕਾਰ ਅਜਿਹੇ ਤੁਗ਼ਲਕੀ ਫ਼ੈਸਲੇ ਲੈ ਕੇ ਨਾ ਕੇਵਲ ਸੰਵਿਧਾਨ ਦੀ ਤੌਹੀਨ ਕਰ ਰਹੀ ਹੈ, ਸਗੋਂ ਲੋਕਾਂ ਦੇ ਪੈਸੇ (ਸਰਕਾਰੀ ਖਜ਼ਾਨੇ) ‘ਤੇ ਵੀ ਬੇਲੋੜਾ ਅਤੇ ਬੇਤੁਕਾ ਬੋਝ ਪਾ ਰਹੀ ਹੈ। ਵਿਧਾਨ ਸਭਾ ਇਜਲਾਸ ਦੌਰਾਨ ਚੰਦ ਮਿੰਟਾਂ ‘ਚ ਖ਼ਤਮ ਹੋਈ ਸ਼ਰਧਾਂਜਲੀ ਬੈਠਕ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਿਨਾਂ ਮੂੰਹ- ਸਿਰ (ਹੈਡਲੱਸ) ਸਰਕਾਰ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨਾਂ ਦੀ ਕੈਬਨਿਟ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਾ ਹੈ ਕਿ ਕਿਵੇਂ ਨਾ ਕਿਵੇਂ ਪੌਣੇ ਪੰਜ ਸਾਲਾਂ ਦੇ ਨਹਾਇਤ ਨਿਕੰਮੇ ਸ਼ਾਸਨ ਦੀਆਂ ਨਾਕਾਮੀਆਂ ਛੁਪਾਈਆਂ ਜਾ ਸਕਣ। ਇਸ ਕਰਕੇ ਸਰਕਾਰ ਸੜਕਾਂ ‘ਤੇ ਧਰਨੇ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਰਹੀ ਹੈ ਅਤੇ ਸੈਸ਼ਨ ਦੇ ਨਾਟਕ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਿਆ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਉਦੋਂ ਕਿਹਾ ਸੀ ਕਿ ਸੈਸ਼ਨ ਦਾ ਇੱਕ ਦਿਨ ਦਾ ਖਰਚ 70 ਹਜ਼ਾਰ ਰੁਪਏ ਆਉਂਦਾ ਹੈ। ਹੁਣ ਮਹਿੰਗਾਈ ਦੇ ਚਲਦਿਆਂ ਖਰਚਾ ਹੋਰ ਵੀ ਵੱਧ ਗਿਆ ਹੈ। ਇਸ ਫਜ਼ੂਲ ਖਰਚੀ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਇਹ ਦੱਸਣ ਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਬਿਹਤਰ ਹੁੰਦਾ ਕਿ ਇਸ ਸੈਸ਼ਨ ਨੂੰ ਦੋ ਦਿਨ ਲਈ ਮੁਲਤਵੀ ਕਰਨ ਦੀ ਬਜਾਏ ਅੱਗੇ 15 ਦਿਨਾਂ ਲਈ ਵਧਾਇਆ ਜਾਂਦਾ। ਚੀਮਾ ਨੇ ਲੰਬਿਤ ਪਏ ਮੌਨਸੂਨ ਸੈਸ਼ਨ ਨੂੰ ਜਲਦ ਅਤੇ ਘੱਟ ਤੋਂ ਘੱਟ 15 ਦਿਨ ਲਈ ਬੁਲਾਉਣ ਦੀ ਮੰਗ ਕੀਤੀ ਅਤੇ ਇਸ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਵੀ ਦੁਹਰਾਈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਕਾਂਗਰਸ ਸਰਕਾਰ ਤੋਂ ਪੰਜ ਸਾਲਾਂ ਦੀ ਕਾਰਗੁਜਾਰੀ ਦਾ ਲੇਖਾ- ਜੋਖਾ ਪੁੱਛਿਆ ਜਾਵੇਗਾ। ਪੁੱਛਿਆ ਜਾਵੇਗਾ ਕਿ ਚੰਨੀ ਸਰਕਾਰ ਕਿਸ ‘ਡੀਲ’ ਵਿੱਚ ਅੱਧਾ ਪੰਜਾਬ ਬੀ.ਐਸ.ਐਫ਼ ਦੇ ਰਾਹੀਂ ਮੋਦੀ ਅਤੇ ਅਮਿਤ ਸ਼ਾਹ ਨੂੰ ਸੌਂਪ ਕੇ ਆਏ ਹਨ। ਕਿਸਾਨੀ ਕਰਜਾ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਦੇ ਸਬੰਧ ਵਿੱਚ ਅਤੇ ਸੋਹਾਣਾ (ਮੋਹਾਲੀ) ਵਿਖੇ ਪਾਣੀ ਵਾਲੀ ਟੈਂਕੀ ‘ਤੇ ਬੈਠੇ ਪੀ.ਟੀ.ਆਈ ਅਧਿਆਪਕਾਂ, ਪਟਿਆਲਾ ਦੇ ਟਾਵਰਾਂ ‘ਤੇ ਚੜੇ ਅਤੇ ਮਰਨ ਵਰਤ ‘ਤੇ ਬੈਠੇ ਬੇਰੁਜ਼ਗਾਰਾਂ ਦੇ ਸਵਾਲ ਪੁੱਛੇ ਜਾਣਗੇ। ਕਿਉਂਕਿ ਕਾਂਗਰਸ ਨੇ ਘਰ- ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸੈਸ਼ਨ ਨਿਰੰਤਰ ਜਾਰੀ ਹੈ, ਪਰ ਮੰਗਲਵਾਰ ਤੋਂ ਵੀਰਵਾਰ ਦੇ ਵਿਚਕਾਰ ਦੋ ਦਿਨਾਂ ਦੀ ਛੁੱਟੀ ਕਰ ਦਿੱਤੀ ਗਈ। ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਸਾਲ ਵਿੱਚ 40 ਦਿਨਾਂ ਦੀ ਹਾਜਰੀ ਹੋਣੀ ਚਾਹੀਦੀ ਹੈ, ਜਿਹੜੀ ਹੁਣ ਕੇਵਲ 10- 11 ਦਿਨ ਦੀ ਹੁੰਦੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ 10- 15 ਦਿਨ ਦਾ ਸੈਸ਼ਨ ਕਰਨ ਦੀ ਵਾਅਦਾ ਕੀਤਾ ਸੀ। ਭਾਂਵੇਂ ਹੁਣ ਸੈਸ਼ਨ ਬੁਲਾਇਆ ਗਿਆ, ਪਰ ਦਸ ਮਿੰਟ ਬਾਅਦ ਵਿਚਕਾਰ ਦੋ ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਪਤਾ ਚੱਲਦਾ ਹੈ ਜਿਵੇਂ ਸਰਕਾਰ ਨੂੰ ਥਕਾਵਟ ਹੋ ਗਈ ਹੋਵੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰਾਂ ਫ਼ੇਲ ਹੈ। ਸਰਕਾਰ ਕੋਲ ਤਿੰਨ ਕਰੋੜ ਜਨਤਾ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਭੱਜਦੀ ਹੈ, ਜਦ ਸਰਕਾਰ ਦੇ ਆਪਸੀ ਝਗੜੇ ਖ਼ਤਮ ਨਹੀਂ ਹੁੰਦੇ ਤਾਂ ਉਹ ਜਨਤਾ ਦੇ ਮਾਮਲਿਆਂ ਦਾ ਕੀ ਹੱਲ ਕਰੇਗੀ।

ਅਮਨ ਅਰੋੜਾ ਨੇ ਕਿਹਾ ਕਿ ਜ਼ਿੰਮੇਦਾਰ ਵਿਰੋਧੀ ਧਿਰ ਦੇੇ ਰੂਪ ਵਿੱਚ ‘ਆਪ’ ਕਾਂਗਰਸ ਸਰਕਾਰ ਤੋਂ ਜਨਤਾ ਦੇ ਸਾਰੇ ਸਵਾਲ ਪੁੱਛੇਗੀ। ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਵਿੱਚ ਵਾਧੇ ‘ਤੇ ਵੀ ਸਵਾਲ ਪੁੱਛੇ ਜਾਣਗੇ। ਉਨਾਂ ਸੈਸ਼ਨ ਦੀ ਸਮਾਂਬੰਦੀ ਬਾਰੇ ਵੀ ਸਵਾਲ ਚੁੱਕੇ ਕਿ ਕੀ ਅੱਜ ਕੇਵਲ ਇੱਕ ਬੀ.ਐਸ.ਐਫ਼ ਦਾ ਮਾਮਲਾ ਹੈ? ਪੰਜਾਬ ਵਿੱਚ ਨਸ਼ਾ, ਬੇਅਦਬੀ ਅਤੇ ਤਿੰਨ ਲੱਖ ਕਰੋੜ ਦੇ ਕਰਜੇ ਦਾ ਮਾਮਲਾ ਖ਼ਤਮ ਹੋ ਗਿਆ? ਉਦਯੋਗ ਬਰਬਾਦ ਹੋ ਰਹੇ ਹਨ, ਪੰਜਾਬ ਦੀ ਸਿਹਤ ਅਤੇ ਸਿੱਖਿਆ ਵਿਵਸਥਾ ਹਾਸ਼ੀਏ ‘ਤੇ ਚਲੇ ਗਈ ਹੈ, ਪਰ ਕਾਂਗਰਸ ਇਨਾਂ ਸਾਰੇ ਮੁੱਦਿਆਂ ਤੋਂ ਡਰਦੀ ਹੈ। ਭਾਂਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੁਣ ਚਰਨਜੀਤ ਸਿੰਘ ਚੰਨੀ, ਇਨਾਂ ਪੰਜ ਸਾਲ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਇਸ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ ਅਤੇ ਜੈ ਸਿੰਘ ਰੋੜੀ (ਸਾਰੇ ਵਿਧਾਇਕ) ਮੌਜ਼ੂਦ ਸਨ।

ਬਾਕਸ —
ਬੀ.ਏ.ਸੀ ਦੀ ਬੈਠਕ ਤੋਂ ਵੀ ਭੱਜੀ ਸਰਕਾਰ: ਚੀਮਾ

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਉਤੇ ਵਿਰੋਧੀ ਧਿਰਾਂ ਅਤੇ ਲੋਕਾਂ ਦੇ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਸੋਮਵਾਰ ਨੂੰ ਚੰਦ ਮਿੰਟਾਂ ਬਾਅਦ ਮੁਲਤਵੀ ਹੋਏ ਇਜਲਾਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੇ ਇਜਲਾਸ ਉਪਰੰਤ ਬਿਜਨਸ ਐਡਵਾਇਜ਼ਰੀ ਕਮੇਟੀ (ਬੀ.ਏ.ਸੀ) ਦੀ ਬੈਠਕ ਹੋਣੀ ਸੀ, ਪ੍ਰੰਤੂ ਸਰਕਾਰ ਨੇ ਮੌਕੇ ‘ਤੇ ਆ ਕੇ ਇਸ ਬੈਠਕ ਨੂੰ ਵੀ ਰੱਦ ਕਰ ਦਿੱਤਾ। ਚੀਮਾ ਨੇ ਕਿਹਾ ਕਿ ਅੱਜ ਬੀ.ਏ.ਸੀ. ਦੀ ਬੈਠਕ ਇਸ ਲਈ ਜ਼ਰੂਰੀ ਸੀ, ਕਿਉਂਕਿ ਬੈਠਕ ਦੌਰਾਨ ਇਜਲਾਸ ਨੂੰ ਵਧਾਏ ਜਾਣ ਬਾਰੇ ਚਰਚਾ ਕਰਨੀ ਸੀ, ਪ੍ਰੰਤੂ ਸਰਕਾਰ ਸਾਹਮਣਾ ਕਰਨ ਤੋਂ ਭੱਜ ਗਈ।
‘ਆਪ’ ਨੇ ਸ਼ਹੀਦ ਕਿਸਾਨਾਂ- ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਦੀ ਮੰਗ ਉਠਾਈ

ਸਦਨ ਵਿੱਚ ਸ਼ਰਧਾਂਜਲੀਆਂ ਭੇਂਟ ਕਰਨ ਦੌਰਾਨ ਹਰਪਾਲ ਸਿੰਘ ਚੀਮਾ ਨੇ ਲੰਘੀ 3 ਸਤੰਬਰ (ਪਿੱਛਲੇ ਇਜਲਾਸ) ਤੋਂ ਲੈ ਕੇ 6 ਨਵੰਬਰ ਤੱਕ ਕਿਸਾਨੀ ਅੰਦੋਲਨ ਦੌਰਾਨ ‘ਸ਼ਹੀਦ ਹੋਏ 63 ਕਿਸਾਨਾਂ- ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਪ੍ਰਸਤਾਵ ਰੱਖਿਆ, ਜਦਕਿ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਟਿੱਕਰੀ ਬਾਰਡਰ ‘ਤੇ ਇੱਕ ਸੜਕ ਹਾਦਸੇ ‘ਚ ਜੀਵਨ ਬਲੀਦਾਨ ਦੇਣ ਵਾਲੀਆਂ ਪਿੰਡ ਖੀਵਾ ਦਿਆਲੂਵਾਲਾ ਦੀਆਂ ਤਿੰਨ ਕਿਸਾਨ ਬੀਬੀਆਂ ਅਮਰਜੀਤ ਕੌਰ, ਸੁਖਵਿੰਦਰ ਕੌਰ ਅਤੇ ਗੁਰਮੇਲ ਕੌਰ ਦੇ ਨਾਮ ਵੀ ਸ਼ਰਧਾਂਜਲੀ ਸੂਚੀ ਵਿੱਚ ਸ਼ਾਮਲ ਕਰਨ ਦਾ ਵੀ ਪ੍ਰਸਤਾਵ ਪੇਸ਼ ਕੀਤਾ।

ਫੋਨ ‘ਚ ਇੰਟਰਨੈੱਟ ਨਾ ਹੋਣ ‘ਤੇ ਵੀ ਚਲਾ ਸਕਦੇ ਹੋ WhatsApp Web, ਜਾਣੋ ਕਿਵੇਂ

0

WhatsApp ਵਰਤਮਾਨ ਵਿੱਚ ਸੰਚਾਰ ਦਾ ਸਭ ਤੋਂ ਪ੍ਰਸਿੱਧ ਮਾਧਿਅਮ ਹੈ। ਦੁਨੀਆ ਭਰ ਵਿੱਚ ਇਸ ਦੇ ਲੱਖਾਂ ਉਪਭੋਗਤਾ ਹਨ। ਹੁਣ ਇਸ ਦੀ ਵਰਤੋਂ ਨਾ ਸਿਰਫ਼ ਦੋਸਤਾਂ-ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਵਿਚਕਾਰ ਗੱਲਬਾਤ ਲਈ ਕੀਤੀ ਜਾਂਦੀ ਹੈ, ਸਗੋਂ ਵਰਕ ਫਰੌਮ ਕਲਚੱਰ ‘ਚ ਇਹ ਆਫਿਸ ਦੇ ਕੰਮਾਂ ਵਿਚ ਵੀ ਇਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।

ਇਸ ਦੀ ਬਿਹਤਰ ਵਰਤੋਂ ਲਈ ਕੰਪਨੀ ਲੋਕਾਂ ਨੂੰ WhatsApp Web ਦਾ ਆਪਸ਼ਨ ਦਿੱਤਾ ਹੈ, ਜਿਸ ‘ਚ ਅਸੀਂ ਫ਼ੋਨ ਅਤੇ ਇੰਟਰਨੈੱਟ ਉਪਲਬਧ ਹੋਣ ‘ਤੇ ਅਸੀਂ ਆਪਣੇ ਲੈਪਟਾਪ ਜਾਂ ਕੰਪਿਊਟਰ ‘ਤੇ WhatsApp ਲੌਗਇਨ ਕਰਦੇ ਹਾਂ। ਹੁਣ ਕੰਪਨੀ WhatsApp ਵੈੱਬ ਲੌਗਇਨ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਜਾ ਰਹੀ ਹੈ। ਇਸ ਦੇ ਤਹਿਤ ਨਾ ਤਾਂ ਫੋਨ ਨੂੰ ਇਕੱਠੇ ਰੱਖਣ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ ਫੋਨ ‘ਚ ਐਕਟਿਵ ਇੰਟਰਨੈੱਟ ਦੀ ਜ਼ਰੂਰਤ ਹੋਵੇਗੀ। ਆਓ ਜਾਣਦੇ ਹਾਂ ਕੀ ਹੈ ਇਸਦਾ ਪੂਰਾ ਫੀਚਰ।

ਵ੍ਹੱਟਸਐਪ ਆਪਣੇ ਯੂਜ਼ਰਸ ਨੂੰ ਇਸ ਸਮੇਂ Multi-device Beta ਪ੍ਰੋਗਰਾਮ ਦੇ ਤਹਿਤ ਇਸ ਫੀਚਰ ਦਾ ਸ਼ੁਰੂਆਤੀ ਐਕਸੈਸ ਦੇ ਰਿਹਾ ਹੈ। ਇਸ ‘ਚ ਤੁਸੀਂ ਕੰਪਿਊਟਰ ਅਤੇ ਲੈਪਟੌਪ ‘ਤੇ ਵ੍ਹੱਟਸਐਪ ਵੈੱਬ ਦੇ ਤਹਿਤ ਆਪਣੇ ਖਾਤੇ ਨੂੰ ਐਕਸੈਸ ਕਰ ਸਕੋਗੇ ਯਾਨੀਂ ਫੋਨ ‘ਚ ਇੰਟਰਨੈੱਟ ਦੀ ਲੋੜ ਨਹੀਂ ਹੈ। ਤੁਸੀਂ ਸਿਰਫ 4 ਡਿਵਾਈਸਾਂ ‘ਤੇ ਲੌਗਇਨ ਕਰਨ ਦੇ ਯੋਗ ਹੋਵੋਗੇ।

ਕੰਪਨੀ ਦਾ ਦਾਅਵਾ ਹੈ ਕਿ ਇਸ ਫੀਚਰ ‘ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਵੀ ਦਿੱਤੀ ਗਈ ਹੈ। ਹਾਲਾਂਕਿ, ਜੇਕਰ ਮੁੱਖ ਡਿਵਾਈਸ 14 ਦਿਨਾਂ ਤੋਂ ਵੱਧ ਸਮੇਂ ਲਈ ਅਣ-ਕਨੈਕਟ ਰਹਿੰਦੀ ਹੈ, ਤਾਂ ਤੁਹਾਡਾ WhatsApp ਵੈੱਬ ਖਾਤਾ ਲਿੰਕ ਕੀਤੇ ਡਿਵਾਈਸ ਤੋਂ ਆਪਣੇ ਆਪ ਲੌਗ ਆਊਟ ਹੋ ਜਾਵੇਗਾ।

ਇਸ ਤਰ੍ਹਾਂ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ
– ਸਭ ਤੋਂ ਪਹਿਲਾਂ ਆਪਣੇ ਫੋਨ ‘ਤੇ WhatsApp ‘ਤੇ ਕਲਿੱਕ ਕਰੋ। ਜਦੋਂ ਐਪ ਖੁੱਲ੍ਹਦਾ ਹੈ, ਤਾਂ ਉੱਪਰ ਸੱਜੇ ਪਾਸੇ 3 ਡਾਟ ਆਈਕਨ ‘ਤੇ ਕਲਿੱਕ ਕਰੋ।
– ਇਸ ‘ਚ ਤੀਜੇ ਨੰਬਰ ‘ਤੇ ਦਿੱਤੇ ਗਏ ਲਿੰਕਡ ਡਿਵਾਈਸ ‘ਤੇ ਕਲਿੱਕ ਕਰੋ।
– ਹੁਣ ਤੁਹਾਡੇ ਸਾਹਮਣੇ ਸਕ੍ਰੀਨ ‘ਤੇ ਲਿੰਕਡ ਡਿਵਾਈਸ ਦੇ ਹੇਠਾਂ ਮਲਟੀ-ਡਿਵਾਈਸ ਬੀਟਾ ਲਿਖਿਆ ਮਿਲੇਗਾ। ਤੁਸੀਂ ਹੁਣ ਇਸ ‘ਤੇ ਕਲਿੱਕ ਕਰੋ।
– ਇੱਥੇ Join Beta ਆਪਸ਼ਨ ‘ਤੇ ਕਲਿੱਕ ਕਰਕੇ ਅੱਗੇ ਵਧੋ। ਹੁਣ ਸਾਹਮਣੇ ਆਏ ਆਪਸ਼ਨ ‘ਤੇ ਜਾਰੀ ਰੱਖੋ। ਇਸ ਤੋਂ ਬਾਅਦ ਤੁਹਾਨੂੰ ਆਪਣੇ ਫੋਨ ਤੋਂ WhatsApp ਵੈੱਬ ‘ਤੇ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਹੁਣ ਤੁਹਾਡਾ WhatsApp ਖਾਤਾ ਲੌਗਇਨ ਹੋ ਜਾਵੇਗਾ।

ਇਸ ਤਰ੍ਹਾਂ, WhatsApp ਵੈੱਬ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕੁੱਝ ਚੀਜ਼ਾਂ ਨੂੰ ਜਾਣਨ ਦੀ ਜ਼ਰੂਰਤ ਹੁੰਦੀ ਹੈ। ਦਰਅਸਲ, ਬਹੁਤ ਸਾਰੇ ਮੋਬਾਈਲ ਫੀਚਰ ਇਸ ਸਮੇਂ ਕੰਮ ਨਹੀਂ ਕਰਨਗੇ। ਜਿਵੇਂ ਕਿ ਤੁਸੀਂ ਪੁਰਾਣੇ ਵਰਜਨ ਨਾਲ ਇਸ ਦਾ ਫਾਇਦਾ ਨਹੀਂ ਉਠਾ ਸਕੋਗੇ। ਤੁਸੀਂ ਇਸ ਵਿੱਚ ਲਿੰਕ ਪ੍ਰੀਵਿਊ ਵਾਲੇ ਸੁਨੇਹੇ ਨਹੀਂ ਦੇਖ ਸਕੋਗੇ। ਤੁਹਾਨੂੰ ਇਸ ਵਿੱਚ ਲਾਈਵ ਲੋਕੇਸ਼ਨ ਦਾ ਵਿਕਲਪ ਵੀ ਨਹੀਂ ਮਿਲੇਗਾ।

Raghav Chadha ਨੇ ਸੁਖਜਿੰਦਰ ਰੰਧਾਵਾ ਦੇ ਜਵਾਈ ਦੇ Additional AG ਬਣਾਉਣ ‘ਤੇ ਚੁੱਕੇ ਸਵਾਲ

0

ਰਾਘਵ ਚੱਢਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਾਮਾਦ ਨੂੰ ਪੰਜਾਬ ‘ਚ ਉੱਚ ਅਹੁਦਾ ਦੇਣ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ “ਹਰ ਘਰ ਨੌਕਰੀ” ਤੁਹਾਡੇ ਪ੍ਰਮੁੱਖ ਚੋਣ ਲੜਨ ਨੂੰ ਪੂਰਾ ਕਰ ਰਹੀ ਹੈ, ਪਰ ਮਾਮੂਲੀ ਸੰਸ਼ੋਧਨ ਦੇ ਨਾਲ। ਇਨ੍ਹਾਂ ਨੌਕਰੀਆਂ ਦੇ ਪ੍ਰਾਪਤਕਰਤਾ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਪਰਿਵਾਰਾਂ ਦੇ ਮੈਂਬਰ ਹਨ। ਪੰਜਾਬ ਸਰਕਾਰ ਦੀ ਨਵੀਂ ਕਾਨੂੰਨਵਿਧੋਂ ਟੀਮ ਵਿੱਚ ਲਾਭਪਾਤਰੀ ਉਪ ਮੁੱਖ ਮੰਤਰੀ ਰੰਧਾਵਾ ਦੇ ਦਾਮਾਦ ਹਨ।

ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵਕੀਲ ਤਰੁਣਵੀਰ ਸਿੰਘ ਲਹਲ ਨੂੰ  Additional AG ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਹੈ।

 

ਪੰਜਾਬ ਕਾਂਗਰਸ ਵੱਲੋਂ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ, ਦੇਖੋ ਸੂਚੀ

0

ਪੰਜਾਬ ਕਾਂਗਰਸ ਵਲੋਂ ਆਪਣੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਦੱਸ ਦਈਏ ਕਿ ਵੱਖ-ਵੱਖ ਜ਼ਿਲ੍ਹਿਆਂ ਲਈ 26 ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਸੋਸ਼ਲ ਮੀਡੀਆ ਵਿੰਗ ਦੇ ਸਟੇਟ ਕੁਆਰਡੀਨਅਰ ਸਮਰਤ ਢੀਂਗਰਾ ਨੇ ਸੂਚੀ ਜਾਰੀ ਕੀਤੀ ਹੈ, ਜਿਸ ਅਨੁਸਾਰ ਸੂਬੇ ਦੇ ਹਰ ਇੱਕ ਜ਼ਿਲ੍ਹੇ ਲਈ ਸੋਸ਼ਲ ਮੀਡੀਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਹਨ।

ਢੀਂਗਰਾ ਵਲੋਂ ਜਾਰੀ ਸੂਚੀ ਅਨੁਸਾਰ ਵਿਵੇਕ ਖੁਰਾਣਾ ਨੂੰ ਅੰਮ੍ਰਿਤਸਰ ਸ਼ਹਿਰੀ, ਪਰਦੀਪ ਰੰਧਾਵਾ ਨੂੰ ਅੰਮ੍ਰਿਤਸਰ ਦਿਹਾਤੀ, ਰਾਜ ਕਰਨ ਨੂੰ ਤਰਨ ਤਾਰਨ, ਗੁਰਦਾਸਪੁਰ ਲਈ ਸਰਵਪ੍ਰੀਤ ਕਾਹਲੋਂ, ਪਠਾਨਕੋਟ ‘ਚ ਵਰੁਣ ਠਾਕੁਰ, ਜਲੰਧਰ ਸ਼ਹਿਰੀ ’ਚ ਨਿਸ਼ਾਂਤ ਘਈ, ਜਲੰਧਰ ਦਿਹਾਤੀ ’ਚ ਸੰਦੀਪ ਨਿੱਜਰ, ਕਪੂਰਥਲਾ ਦਾ ਸੌਰਵ ਸ਼ਰਮਾ, ਨਵਾਂ ਸ਼ਹਿਰ ਦਾ ਗੁਰਮਿੰਦਰ ਸਿੰਘ, ਫਤਹਿਗੜ੍ਹ ਸਾਹਿਬ ਦਾ ਪਰਮਵੀਰ ਸਿੰਘ ਟਿਵਾਣਾ, ਲੁਧਿਆਣਾ ਸ਼ਹਿਰੀ ਦਾ ਜੱਸੀ ਸੇਖੋਂ ਅਤੇ ਲੁਧਿਆਣਾ ਦਿਹਾਤੀ ਦਾ ਰਮਨਦੀਪ ਚੌਧਰੀ ਨੂੰ ਸੋਸ਼ਲ ਮੀਡੀਆ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ।

ਇਸੇ ਤਰ੍ਹਾਂ ਹੀ ਰੂਪਨਗਰ ‘ਚ ਹਰਜੋਤ ਸਿੰਘ ਨੂੰ, ਮੁਹਾਲੀ ’ਚ ਰਮਨਦੀਪ ਸਿੰਘ ਨਰੂਲਾ, ਖੰਨਾ ’ਚ ਅਮਨ ਕਟਾਰੀਆ, ਫਰੀਦਕੋਟ ’ਚ ਕਰਨ ਬਾਂਸਲ, ਫਿਰੋਜ਼ਪੁਰ ’ਚ ਗੁਰਸੇਵਕ ਸਿੰਘ, ਮੋਗਾ ’ਚ ਪਵਨਜੀਤ ਸਿੰਘ, ਪਟਿਆਲਾ ’ਚ ਵਿਨੀਤ ਜਿੰਦਲ (ਸ਼ੰਕਰ), ਸੰਗਰੂਰ ’ਚ ਗੁਰਸੇਵਕ ਸਿੰਘ ਵਿੱਕੀ, ਬਰਨਾਲਾ ’ਚ ਵਰੁਣ ਗੋਇਲ, ਬਠਿੰਡਾ ਸ਼ਹਿਰੀ ’ਚ ਸ਼ੌਣਕ ਜੋਸ਼ੀ, ਬਠਿੰਡਾ ਦਿਹਾਤੀ ’ਚ ਪਰਮੀਤ ਭੁੱਲਰ, ਮਾਨਸਾ ’ਚ ਭਗਵੰਤ ਚਾਹਲ, ਸ੍ਰੀ ਮੁਕਤਸਰ ਸਾਹਿਬ ’ਚ ਜਗਦੀਪ ਸਿੰਘ ਅਤੇ ਫਾਜ਼ਿਲਕਾ ’ਚ ਬਾਂਸੀ ਲਾਲ ਸਾਮਾ ਨੂੰ ਸੋਸ਼ਲ ਮੀਡੀਆ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

CM ਚੰਨੀ ਦੀ ਪ੍ਰਧਾਨਗੀ ਹੇਠ ਕੱਲ੍ਹ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

0

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ ਬਾਅਦ ਦੁਪਹਿਰ 3 ਵਜੇ ਸੈਕਟਰ-8 ਵਿੱਚ ਹੋਵੇਗੀ, ਜਿਸ ਵਿੱਚ ਕਈ ਫੈਸਲਿਆਂ ’ਤੇ ਮੋਹਰ ਲੱਗ ਸਕਦੀ ਹੈ।

ਦੇਸ਼ ‘ਚ ਖੁੱਲ੍ਹਿਆ ਸਭ ਤੋਂ ਵੱਡਾ IPO, ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਇਹ ਖ਼ਾਸ ਗੱਲਾਂ

0

ਨਿਵੇਸ਼ਕਾਂ ਲਈ ਇੱਕ ਹੋਰ ਆਈਪੀਓ ਖੁੱਲ੍ਹ ਗਿਆ ਹੈ। ਅੱਜ ਭੁਗਤਾਨ ਕੰਪਨੀ Paytm  ਦੀ ਮੂਲ ਕੰਪਨੀ One97 Communications ਦੀ 18,300 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ ਆਈਪੀਓ ਖੁੱਲ੍ਹ ਗਿਆ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਆਈਪੀਓ ਹੈ। ਨਿਵੇਸ਼ਕ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ। ਤੁਸੀਂ ਇਸ ਆਈਪੀਓ ਵਿੱਚ 10 ਨਵੰਬਰ ਤੱਕ ਨਿਵੇਸ਼ ਕਰ ਸਕਦੇ ਹੋ।

Paytm IPO ਦੀਆਂ ਖਾਸ ਗੱਲਾਂ

Paytm ਦੇ IPO ਲਈ ਕੀਮਤ ਬੈਂਡ 2,080 ਰੁਪਏ ਤੋਂ 2,150 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ। ਕੰਪਨੀ ਨੇ ਘੱਟੋ-ਘੱਟ ਬਿਡ ਲਾਟ ਸਾਈਜ਼ ਨੂੰ 6 ਇਕੁਇਟੀ ਸ਼ੇਅਰਾਂ ‘ਤੇ ਅਤੇ ਉਸ ਤੋਂ ਬਾਅਦ 6 ਸ਼ੇਅਰਾਂ ਦੇ ਗੁਣਾ ‘ਚ ਤੈਅ ਕੀਤਾ ਹੈ। ਪ੍ਰਚੂਨ ਨਿਵੇਸ਼ਕ ਇੱਕ ਲਾਟ ਲਈ ਘੱਟੋ ਘੱਟ 12,900 ਰੁਪਏ ਦਾ ਨਿਵੇਸ਼ ਕਰ ਸਕਦੇ ਹਨ ਅਤੇ 15 ਲਾਟ ਲਈ ਉਨ੍ਹਾਂ ਦਾ ਵੱਧ ਤੋਂ ਵੱਧ ਨਿਵੇਸ਼ 1,93,500 ਰੁਪਏ ਹੋਵੇਗਾ।

ਇਸ਼ੂ ਦਾ ਸਾਈਜ਼ 18,300 ਕਰੋੜ ਰੁਪਏ ਹੈ। ਤਾਜ਼ਾ ਇਸ਼ੂ ਦੀ ਕੀਮਤ 8,300 ਕਰੋੜ ਰੁਪਏ ਹੈ ਜਦੋਂ ਕਿ ਵਿਕਰੀ ਦੀ ਪੇਸ਼ਕਸ਼ 10,000 ਕਰੋੜ ਰੁਪਏ ਹੈ। ਬਾਜ਼ਾਰ ‘ਚ ਕੰਪਨੀ ਦੇ ਸ਼ੇਅਰਾਂ ਦੀ ਲਿਸਟਿੰਗ 18 ਨਵੰਬਰ ਨੂੰ ਕੀਤੀ ਜਾ ਸਕਦੀ ਹੈ।

ਕੰਪਨੀ ਦਾ ਉਦੇਸ਼ ਪੇਟੀਐਮ ਦੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨਾ ਹੈ, ਜਿਸ ਵਿੱਚ ਖਪਤਕਾਰਾਂ ਅਤੇ ਵਪਾਰੀਆਂ ਦੀ ਪ੍ਰਾਪਤੀ ਅਤੇ ਰਿਟੇਂਸ਼ਨ ਅਤੇ ਉਨ੍ਹਾਂ ਨੂੰ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ (4,300 ਕਰੋੜ ਰੁਪਏ) ਤੱਕ ਵੱਧ ਤੋਂ ਵੱਧ ਪਹੁੰਚ ਪ੍ਰਦਾਨ ਕਰਨਾ ਸ਼ਾਮਲ ਹੈ।

ਕੰਪਨੀ ਹੋਰ ਆਮ ਕਾਰਪੋਰੇਟ ਉਦੇਸ਼ਾਂ ਦੇ ਨਾਲ-ਨਾਲ ਨਵੀਂ ਵਪਾਰਕ ਪਹਿਲਕਦਮੀਆਂ, ਪ੍ਰਾਪਤੀਆਂ ਅਤੇ ਰਣਨੀਤਕ ਭਾਈਵਾਲੀ (2,000 ਕਰੋੜ ਰੁਪਏ) ਵਿੱਚ ਨਿਵੇਸ਼ ਕਰਨ ਦਾ ਵੀ ਟੀਚਾ ਰੱਖਦੀ ਹੈ। ਪੇਟੀਐਮ ਖਪਤਕਾਰਾਂ ਅਤੇ ਵਪਾਰੀਆਂ ਲਈ ਭਾਰਤ ਦੇ ਡਿਜੀਟਲ ਈਕੋਸਿਸਟਮ ਵਿੱਚ ਇੱਕ ਮੋਹਰੀ ਹੈ।

Paytm ਖਪਤਕਾਰਾਂ ਅਤੇ ਵਪਾਰੀਆਂ ਲਈ ਭਾਰਤ ਦੇ ਡਿਜੀਟਲ ਈਕੋਸਿਸਟਮ ਵਿੱਚ ਇੱਕ ਮੋਹਰੀ ਹੈ। ਇਹ ਸਭ ਤੋਂ ਵੱਡਾ ਭੁਗਤਾਨ ਪਲੇਟਫਾਰਮ ਹੈ। ਇਸਦਾ ਕੁੱਲ ਵਪਾਰੀ ਅਧਾਰ 31 ਮਾਰਚ, 2019 ਤੱਕ 11.2 ਮਿਲੀਅਨ ਤੋਂ ਵੱਧ ਕੇ 31 ਮਾਰਚ, 2021 ਤੱਕ 21.1 ਮਿਲੀਅਨ ਹੋ ਗਿਆ ਹੈ।

ਲਖੀਮਪੁਰ ਖੀਰੀ ਮਾਮਲੇ ‘ਚ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਪਾਈ ਝਾੜ ਤੇ ਕੀਤਾ ਇਹ ਐਲਾਨ

0

ਉੱਤਰ ਪ੍ਰਦੇਸ਼ – ਲਖੀਮਪੁਰ ਖੇੜੀ ਹਿੰਸਾ ‘ਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਾਇਰ ਸਟੇਟਸ ਰਿਪੋਰਟ ‘ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨਾਰਾਜ਼ਗੀ ਜਤਾਈ ਹੈ। ਜਾਂਚ ਦੀ ਪ੍ਰਗਤੀ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਾਡੀ ਉਮੀਦ ਮੁਤਾਬਕ ਨਹੀਂ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਾਇਰ ਸਟੇਟਸ ਰਿਪੋਰਟ ਵਿਚ ਇਹ ਕਹਿਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਿ ਹੋਰ ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ।

ਅਦਾਲਤ ਨੇ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਦਾ ਸੁਝਾਅ ਦਿੱਤਾ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸ਼ੁੱਕਰਵਾਰ ਤੱਕ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ। ਦੱਸ ਦਈਏ ਕਿ ਲਖੀਮਪੁਰ ਖੇੜੀ ਮਾਮਲੇ ਵਿਚ ਚਾਰ ਕਿਸਾਨਾਂ ਅਤੇ ਇੱਕ ਸਥਾਨਕ ਪੱਤਰਕਾਰ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਸਿਰਫ਼ ਆਸ਼ੀਸ਼ ਮਿਸ਼ਰਾ ਦਾ ਹੀ ਫ਼ੋਨ ਕਿਉਂ ਜ਼ਬਤ ਕੀਤਾ ਗਿਆ ਹੈ ਅਤੇ ਬਾਕੀਆਂ ਦਾ ਕਿਉਂ ਨਹੀਂ? ਸੁਪਰੀਮ ਕੋਰਟ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਕੇਸ ਵਿਚ ਸਬੂਤਾਂ ਦੀ ਕੋਈ ਮਿਲਾਵਟ ਨਾ ਹੋਵੇ, ਅਸੀਂ ਕੇਸ ਦੀ ਜਾਂਚ ਦੀ ਨਿਗਰਾਨੀ ਲਈ ਇੱਕ ਵੱਖਰੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਨਿਯੁਕਤ ਕਰਨ ਲਈ ਤਿਆਰ ਹਾਂ।

ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ (ਸੇਵਾਮੁਕਤ) ਜਾਂ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਲਖੀਮਪੁਰ ਖੇੜੀ ਜਾਂਚ ਦੀ ਨਿਗਰਾਨੀ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ ਵੱਖ-ਵੱਖ ਐਫਆਈਆਰਜ਼ ਵਿਚ ਗਵਾਹਾਂ ਦੀ ਸ਼ਮੂਲੀਅਤ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਚੱਲ ਰਹੀ ਜਾਂਚ ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਹੈ।