ਇੱਕ ਫਲਾਈਟ ਲੈਂਡਿੰਗ ਸਮੇਂ ਤੂਫਾਨ ਵਿਚ ਫਸ ਗਈ। ਸਪਾਈਸ ਜੈੱਟ ਦੀ ਇਕ ਉਡਾਣ ਅੱਜ ਲੈਂਡਿੰਗ ਵੇਲੇ ਤੂਫਾਨ ਵਿਚ ਫਸ ਗਈ ਜਿਸ ਕਾਰਨ 14 ਮੁਸਾਫ਼ਰ ਤੇ ਚਾਲਕ ਅਮਲੇ ਦੇ 3 ਮੈਂਬਰ ਇਸ ਦੌਰਾਨ ਜ਼ਖ਼ਮੀ ਹੋ ਗਏ। ਇਹ ਉਡਾਣ ਮੁੰਬਈ ਤੋਂ ਦੁਰਗਾਪੁਰ ਜਾ ਰਹੀ ਸੀ।ਜਾਣਕਾਰੀ ਅਨੁਸਾਰ ਫਲਾਈਟ ਪੱਛਮੀ ਬੰਗਾਲ ਦੇ ਦੁਰਗਾਪੁਰ ਵਿਚ ਲੈਂਡਿੰਗ ਹੋ ਗਈ ਹੈ। ਕੁਝ ਮੁਸਾਫ਼ਰਾਂ ਦੇ ਸਿਰ ‘ਤੇ ਸੱਟ ਲੱਗਣ ਕਾਰਨ ਟਾਂਕੇ ਲੱਗੇ ਹਨ। ਸਪਾਈਸ ਜੈੱਟ ਨੇ ਬਿਆਨ ਜਾਰੀ ਕਰ ਕੇ ਘਟਨਾ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ ਤੇ ਦੱਸਿਆ ਹੈ ਕਿ ਫੱਟੜਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਕੈਬਨਿਟ ਮੀਟਿੰਗ ਤੋਂ ਬਾਅਦ ਦਿੱਲੀ ਰਵਾਨਾ ਹੋਣਗੇ CM ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੀ ਮੀਟਿੰਗ ਅੱਜ ਸਿਵਲ ਸਕੱਤਰੇਤ ਵਿਖੇ ਹੋ ਰਹੀ ਹੈ। ਇਹ ਮੀਟਿੰਗ ਸਵੇਰੇ 10:30 ਵਜੇ ਸ਼ੁਰੂ ਹੋਈ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਹੋ ਰਹੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਤੀਜੀ ਗਾਰੰਟੀ ਪੂਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਸ਼ਨ ਦੀ ਹੋਮ ਡਿਲਿਵਰੀ ‘ਤੇ ਵੀ ਮੋਹਰ ਲੱਗ ਸਕਦੀ ਹੈ। ਇਸ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਰਵਾਨਾ ਹੋਣਗੇ। ਮੁੱਖ ਮੰਤਰੀ ਦੀ ਦਿੱਲੀ ‘ਚ ਮੀਟਿੰਗ ਹੈ।
AGTF ਵੱਲੋਂ ਬਠਿੰਡਾ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ 3 ਨਜ਼ਦੀਕੀ ਸਾਥੀ ਗ੍ਰਿਫਤਾਰ
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਜ ਬਠਿੰਡਾ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਦਰਜ ਕੀਤੀ ਹੈ।
ਗਿ੍ਰਫਤਾਰ ਕੀਤੇ ਮੁਲਜ਼ਮਾ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਚਰੇਵਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ , ਹਿੰਮਤਵੀਰ ਸਿੰਘ ਗਿੱਲ ਵਾਸੀ ਪਿੰਡ ਝੋਰੜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇ ਵਾਲਾ ਦੇ ਬਲਕਰਨ ਉਰਫ ਵਿੱਕੀ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਕੋਲੋਂ ਦੋ .30 ਕੈਲੀਬਰ ਪਿਸਤੌਲ, ਦੋ .32 ਕੈਲੀਬਰ ਦੇ ਪਿਸਤੌਲ ਸਮੇਤ 20 ਕਾਰਤੂਸ ਅਤੇ ਇੱਕ ਚਿੱਟੇ ਰੰਗ ਦੀ ਆਈ 20 ਕਾਰ ਵੀ ਬਰਾਮਦ ਕੀਤੀ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜੀ ਲਿਆਉਣ ਲਈ ਡੀਜੀਪੀ ਪੰਜਾਬ ਵੀ.ਕੇ ਭਾਵਰਾ ਦੀ ਨਿਗਰਾਨੀ ਵਿਚ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇੱਕ ਏਜੀਟੀਐਫ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ . (ਏਜੀਟੀਐਫ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਸੂਚਨਾ ਦੇ ਆਧਾਰ ‘ਤੇ, ਬਠਿੰਡਾ ਤੋਂ ਏਜੀਟੀਐਫ ਦੀ ਟੀਮ ਨੇ ਤਿੰਨ ਮੁਲਜਮਾਂ ਨੂੰ ਕਾਬੂ ਕੀਤਾ ਹੈ, ਜੋ ਕਿ ਮਾਲਵਾ ਖੇਤਰ ਦੇ ਇੱਕ ਉੱਘੇ ਵਪਾਰੀ ਤੋਂ ਪੈਸੇ ਵਸੂਲਣ ਲਈ ਉਸ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨਾਂ ਕਿਹਾ ਕਿ ਇਨਾਂ ਮੁਲਜਮਾਂ ਦੀ ਗਿ੍ਰਫਤਾਰੀ ਨਾਲ ਇੱਕ ਸਨਸਨੀਖੇਜ਼ ਵਾਰਦਾਤ ਨੂੰ ਟਾਲਣ ਵਿੱਚ ਕਾਮਯਾਬੀ ਮਿਲੀ ਹੈ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਤਿੰਨੋਂ ਮੁਲਜਮ ਅਪਰਾਧਿਕ ਪਿਛੋਕੜ ਵਾਲੇ ਹਨ। ਸਚਿਨ ਅਤੇ ਹਿੰਮਤਵੀਰ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਅਤੇ ਦਿੱਲੀ ਵਿੱਚ ਨਸ਼ਾ ਤਸਰਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨਾਂ ਕਿਹਾ ਕਿ ਉਹ ਗਿਰੋਹ ਲਈ ਦੂਜੇ ਰਾਜਾਂ ਤੋਂ ਹਥਿਆਰ ਮੰਗਵਾ ਕੇ ਆਪਣੇ ਸਾਥੀਆਂ ਨੂੰ ਪਹੁੰਚਾਉਂਦੇ ਸਨ ਤਾਂ ਜੋ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਜਾ ਸਕੇ।
ਡੀਆਈਜੀ ਨੇ ਕਿਹਾ ਕਿ ਕੈਨੇਡੀਅਨ ਅਧਾਰਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੇਂਸ ਬਿਸਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇੋਸ਼ਾਂ ‘ਤੇ ਉਹ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਉਪਲਬਧ ਕਰਵਾਉਂਦੇ ਸਨ।
ਉਨਾਂ ਅੱਗੇ ਕਿਹਾ “ਹਾਲ ਹੀ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਵਾਂਟਡ ਗੈਂਗਸਟਰ ਸ਼ਾਹਰੁਖ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸਦੇ ਸਾਥੀਆਂ ਦੁਆਰਾ ਪੰਜਾਬ ਵਿੱਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ।“
ਗਰਮੀ ਤੋਂ ਬਚਾਅ ਲਈ ਖੀਰੇ ਸਮੇਤ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ
ਗਰਮੀਆਂ ’ਚ ਜਿਵੇਂ-ਜਿਵੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਚਲਦੀਆਂ ਹਨ, ਉਸੇ ਤਰ੍ਹਾਂ ਲੋਕਾਂ ਦਾ ਦਿਲ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਹੈ। ਗਰਮੀਆਂ ’ਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਠੰਡੀਆਂ ਚੀਜ਼ਾਂ ਖਾਣ ਦੇ ਨਾਲ-ਨਾਲ ਪੌਸ਼ਟਿਕ ਸਬਜ਼ੀਆਂ ਜਾ ਸੇਵਨ ਵੀ ਕਰਨਾ ਚਾਹੀਦਾ ਹੈ। ਸਬਜ਼ੀਆਂ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਸਬਜ਼ੀਆਂ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਗਰਮੀਆਂ ’ਚ ਰੋਜ਼ਾਨਾ ਕਰਨਾ ਚਾਹੀਦਾ ਹੈ।
ਗਰਮੀ ਦੇ ਮੌਸਮ ’ਚ ਖਾਓ ਇਹ ਚੀਜ਼ਾਂ …..
ਖੀਰਾ
ਖੀਰੇ ‘ਚ 96 ਫੀਸਦੀ ਪਾਣੀ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਹਮੇਸ਼ਾ ਨਮ ਰਹਿੰਦਾ ਹੈ ਅਤੇ ਤਾਪਮਾਨ ਕੰਟਰੋਲ ‘ਚ ਰਹਿੰਦਾ ਹੈ। ਖੀਰੇ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਰਹਿੰਦਾ ਹੈ। ਖੀਰੇ ਨੂੰ ਤੁਸੀਂ ਸਲਾਦ ਵਜੋਂ ਵੀ ਖਾਂ ਸਕਦੇ ਹੋ।
ਗੂੰਦ ਕਤੀਰਾ
ਗਰਮੀਆਂ ’ਚ ਗੂੰਦ ਕਤੀਰਾ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਖਾਣ ਲਈ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ। ਇਸ ਨੂੰ ਨਿੰਬੂ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਖਾਣਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿੱਚ ਪਈ ਗਰਮੀ ਖ਼ਤਮ ਹੋ ਜਾਂਦੀ ਹੈ।
ਕਰੇਲੇ
ਗਰਮੀਆਂ ’ਚ ਕਰੇਲੇ ਖਾਣੇ ਬਹੁਤ ਜ਼ਰੂਰੀ ਹਨ। ਕਰੇਲੇ ਚਮੜੀ ਤੋਂ ਫੋੜੇ, ਫਿਨਸੀਆਂ, ਰੈਸ਼, ਫੰਗਲ ਇਨਫੈਕਸ਼ਨ ਤੇ ਦਾਗ਼ ਪੈਦਾ ਹੋਣ ਤੋਂ ਰੋਕਦੇ ਹਨ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਰਹਿੰਦੀ ਹੈ।
ਤੋਰੀ
ਗਰਮੀਆਂ ’ਚ ਮਿਲਣ ਵਾਲੀ ਤੋਰੀ ਦੀ ਸਬਜ਼ੀ ਖ਼ੂਨ ਸਾਫ਼ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਬਲੱਡ ਸ਼ੂਗਰ ਵੀ ਕੰਟਰੋਲ ਵਿੱਚ ਰਹਿੰਦੀ ਹੈ।
ਗੁਲਕੰਦ
ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਹ ਖਾਣ ‘ਚ ਬਹੁਤ ਸੁਆਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ ‘ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ ‘ਚ ਕਾਫੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਨੇ ਇਤਿਹਾਸ ਦੀਆਂ ਤਿੰਨ ਵਿਵਾਦਿਤ ਕਿਤਾਬਾਂ ‘ਤੇ ਲਾਈ ਪਾਬੰਦੀ
ਪੰਜਾਬ ਸਰਕਾਰ ਨੇ ਵਿਵਾਦਿਤ ਕਿਤਾਬਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਆਪਣੇ ਪੱਧਰ ’ਤੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਬਾਰ੍ਹਵੀਂ ਜਮਾਤ ਲਈ ਤਿਆਰ ਕੀਤੀਆਂ ਇਤਿਹਾਸ ਦੀਆਂ ਪੁਸਤਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਉਕਤ ਤਿੰਨੇ ਪੁਸਤਕਾਂ ਦੀ ਵਿਕਰੀ ’ਤੇ ਤੁਰੰਤਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਸਨ ਤੇ ਪੜਤਾਲੀਆ ਅਧਿਕਾਰੀ ਵੱਲੋਂ ਸੌਂਪੀਆਂ ਗਈਆਂ ਤਿੰਨ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਗਈਆਂ ਸਨ। ਸੂਬਾ ਸਰਕਾਰ ਨੇ ਉਕਤ ਪੁਸਤਕਾਂ ਦੀ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ।
ਇਸ ਦੇ ਨਾਲ ਹੀ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਪੁਸਤਕਾਂ ਨੂੰ ਸਾਲ 2017 ਤੱਕ ਨੋਟੀਫਾਈ ਕਰਨ ਸਮੇਂ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਸੰਸਕ੍ਰਿਤ ਕੌਮੀ ਭਾਸ਼ਾ ਹੋਣੀ ਚਾਹੀਦੀ ਹੈ: ਕੰਗਨਾ ਰਣੌਤ
ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਅਤੇ ਕੰਨੜ ਸਟਾਰ ਕਿੱਚਾ ਸੁਦੀਪ ਵਿਚਕਾਰ ਕੌਮੀ ਭਾਸ਼ਾ (National Language) ਨੂੰ ਲੈ ਕੇ ਬਹਿਸ ਅਤੇ ਸੁਲ੍ਹਾ-ਸਫ਼ਾਈ ਨੇ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ‘ਹਿੰਦੀ’ (Hindi) ਨੂੰ ਕੌਮੀ ਭਾਸ਼ਾ ਬਣਾਉਣ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ। ਆਮ ਆਦਮੀ ਤੋਂ ਲੈ ਕੇ ਸਿਆਸਤਦਾਨ ਅਤੇ ਅਦਾਕਾਰ ਵੀ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦੇ ਰਹੇ ਹਨ ਕਿ ਹਿੰਦੀ ਭਾਰਤ ਦੀ ਕੌਮੀ ਭਾਸ਼ਾ ਹੈ ਜਾਂ ਨਹੀਂ। ਹੁਣ ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ‘ਸੰਸਕ੍ਰਿਤ’ (Sanskrit) ਨੂੰ ਕੌਮੀ ਭਾਸ਼ਾ ‘ਚ ਸ਼ਾਮਲ ਕਰਨ ਦੀ ਗੱਲ ਕਹੀ।
ਕੰਗਨਾ ਰਣੌਤ ਨੇ ਕਿਹਾ ਕਿ ਭਾਰਤ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਹੈ। ਉਨ੍ਹਾਂ ਕਿਹਾ, “ਸਾਡਾ ਸਿਸਟਮ ਅਤੇ ਸਮਾਜ ਕਈ ਵਿਭਿੰਨਤਾਵਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਦੇਸ਼ ਹੈ। ਅਤੇ ਆਪਣੇ ਸੱਭਿਆਚਾਰ ਅਤੇ ਭਾਸ਼ਾ ‘ਤੇ ਮਾਣ ਮਹਿਸੂਸ ਕਰਨਾ ਸਾਡਾ ਜਨਮ ਸਿੱਧ ਅਧਿਕਾਰ ਹੈ। ਮੈਂ ਇੱਕ ਪਹਾੜੀ ਹਾਂ ਹਾਲਾਂਕਿ, ਜਦੋਂ ਅਸੀਂ ਆਪਣੀ ਕੌਮ ਨੂੰ ਸਮਝਦੇ ਹਾਂ, ਇਸ ਨੂੰ ਇਕਾਈ ਬਣਾਉਣ ਲਈ, ਸਾਨੂੰ ਸਾਰਿਆਂ ਨੂੰ ਬੰਨ੍ਹਣ ਲਈ ਇੱਕ ਧਾਗੇ ਦੀ ਲੋੜ ਹੁੰਦੀ ਹੈ। ਜਦੋਂ ਸੰਵਿਧਾਨ ਬਣਿਆ ਤਾਂ ਹਿੰਦੀ ਰਾਸ਼ਟਰੀ ਭਾਸ਼ਾ ਬਣ ਗਈ। ,
ਸੰਸਕ੍ਰਿਤ ਕੌਮੀ ਭਾਸ਼ਾ ਹੋਣੀ ਚਾਹੀਦੀ ਹੈ
ਕੰਗਨਾ ਰਣੌਤ ਨੇ ਅੱਗੇ ਕਿਹਾ, “ਅਤੇ ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਤਾਮਿਲ ਹਿੰਦੀ ਨਾਲੋਂ ਪੁਰਾਣੀ ਹੈ, ਤਾਂ ਇਹ ਧਿਆਨ ਦੇਣਾ ਚਾਹੀਦਾ ਹੈ ਕਿ ‘ਸੰਸਕ੍ਰਿਤ’ ਉਸ ਤੋਂ ਪੁਰਾਣੀ ਹੈ। ਮੇਰੇ ਖਿਆਲ ਵਿਚ ਸੰਸਕ੍ਰਿਤ ਸਾਡੀ ਕੌਮੀ ਭਾਸ਼ਾ ਹੋਣੀ ਚਾਹੀਦੀ ਹੈ, ਕਿਉਂਕਿ ਕੰਨੜ, ਤਾਮਿਲ, ਗੁਜਰਾਤੀ, ਹਿੰਦੀ, ਇਹ ਸਾਰੀਆਂ ਭਾਸ਼ਾਵਾਂ ਸੰਸਕ੍ਰਿਤ ਤੋਂ ਪੈਦਾ ਹੋਈਆਂ ਹਨ। ਮੇਰੇ ਕੋਲ ਜਵਾਬ ਨਹੀਂ ਹੈ ਜੇਕਰ ਤੁਸੀਂ ਮੈਨੂੰ ਪੁੱਛੋ ਕਿ ਜੇਕਰ ਅਜਿਹਾ ਹੈ ਤਾਂ ਹਿੰਦੀ ਦੀ ਬਜਾਏ ਸੰਸਕ੍ਰਿਤ ਨੂੰ ਸਾਡੀ ਰਾਸ਼ਟਰੀ ਭਾਸ਼ਾ ਕਿਉਂ ਨਹੀਂ ਬਣਾਇਆ ਗਿਆ। ਇਹ ਫੈਸਲੇ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਦੌਰਾਨ ਲਏ ਜਾਣੇ ਚਾਹੀਦੇ ਹਨ।”
ਜੇਲ੍ਹ ਵਿਭਾਗ ਦੀ ਵੱਡੀ ਕਾਰਵਾਈ, ਵੱਖ-ਵੱਖ ਜੇਲ੍ਹਾਂ ਚੋਂ 351 ਮੋਬਾਈਲ ਤੇ ਸਿਮ ਕਾਰਡ ਬਰਾਮਦ
ਚੰਡੀਗੜ੍ਹ: ਜੇਲ੍ਹ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 351 ਮੋਬਾਈਲ ਅਤੇ 207 ਸਿਮ ਕਾਰਡ ਜ਼ਬਤ ਕੀਤੇ ਹਨ। ਇਸ ਮਾਮਲੇ ਵਿੱਚ 86 ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।
ਇਸ ਸਾਰੀ ਕਾਰਵਾਈ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਹਰਜੋਤ ਬੈਂਸ ਨੇ ਕਿਹਾ ਕਿ, ਪੰਜਾਬ ਦੀਆਂ ਜੇਲ੍ਹਾਂ ਨੂੰ ਅਗਲੇ 6 ਮਹੀਨਿਆਂ ਵਿੱਚ ਮੋਬਾਈਲ ਮੁਕਤ ਬਣਾਉਣ ਦਾ ਟੀਚਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟ ਅਧਿਕਾਰੀਆਂ ‘ਤੇ ਕਾਰਵਾਈ ਹੋਵੇਗੀ।
ਭਲਕੇ ਤਿੰਨ ਦਿਨਾਂ ਯੂਰਪ ਦੌਰੇ ‘ਤੇ ਜਾਣਗੇ PM ਮੋਦੀ
PM ਮੋਦੀ 2 ਮਈ ਤੋਂ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਤਿੰਨ ਦਿਨਾਂ ਦੌਰੇ ‘ਤੇ ਰਵਾਨਾ ਹੋਣਗੇ। ਇਸ ਦੌਰਾਨ ਉਹ ਲਗਪਗ 25 ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦਾ ਤਿੰਨ ਦਿਨਾ ਦੌਰਾ ਬਹੁਤ ਮਹੱਤਵਪੂਰਨ ਹੈ। ਜਾਣਕਾਰੀ ਮੁਤਾਬਕ ਪੀਐਮ ਮੋਦੀ ਸੱਤ ਰਾਜਾਂ ਦੇ ਅੱਠ ਨੇਤਾਵਾਂ ਨਾਲ ਦੋ-ਪੱਖੀ ਅਤੇ ਬਹੁਪੱਖੀ ਬੈਠਕ ਕਰਨਗੇ। ਇਸ ਦੌਰੇ ਦੌਰਾਨ ਉਹ ਵੱਖ-ਵੱਖ ਦੇਸ਼ਾਂ ਦੇ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦਾ ਮਕਸਦ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਮਈ ਨੂੰ ਵਾਪਸ ਆਉਣ ਤੋਂ ਪਹਿਲਾਂ ਪਹਿਲਾਂ ਜਰਮਨੀ, ਫਿਰ ਡੈਨਮਾਰਕ ਅਤੇ ਫਿਰ ਪੈਰਿਸ ‘ਚ ਰੁਕਣਗੇ। ਉਹ ਸੋਮਵਾਰ ਨੂੰ ਹੀ ਬਰਲਿਨ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ। ਇਸ ਸਮਾਗਮ ਦੇ ਵਲੰਟੀਅਰ ਰਾਜੇਸ਼ ਨਾਇਰ ਦਾ ਕਹਿਣਾ ਹੈ ਕਿ ਉਹ ਇਸ ਸਮਾਗਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਪੀਐਮ ਮੋਦੀ ਦੇ ਸੰਬੋਧਨ ਤੋਂ ਇਲਾਵਾ ਕੁਝ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ।
ਉਨ੍ਹਾਂ ਦਾ ਦੌਰਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਤੀਜੇ ਮਹੀਨੇ ਯੁੱਧ ਚੱਲ ਰਿਹਾ ਹੈ। ਇਸ ਜੰਗ ਵਿੱਚ ਦੋਵਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਯੂਕਰੇਨ ਦੀ ਗੱਲ ਕਰੀਏ ਤਾਂ ਇਸ ਜੰਗ ਕਾਰਨ 40 ਲੱਖ ਤੋਂ ਵੱਧ ਲੋਕ ਸ਼ਰਨਾਰਥੀ ਹਨ ਅਤੇ ਅਰਬਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਵੰਡੇ 179 ਕਰੋੜ ਰੁਪਏ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਕਿਹਾ ਕਿ ਇਕ ਹੋਰ ਵਾਅਦਾ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ ਅਤੇ ਇਹ ਰਾਸ਼ੀ ਡਾਇਰੈਕਟ ਪੇਮੈਂਟ ਸਿਸਟਮ (ਡੀ.ਬੀ.ਟੀ.) ਸਕੀਮ ਤਹਿਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਹਿਲਾਂ ਹੀ ਜਮ੍ਹਾਂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਵਾਲੇ ਦਿਨ ਹੀ ਉੱਚ ਅਧਿਕਾਰੀਆਂ ਨੂੰ ਮਾਰਚ 2022 ਤੱਕ ਬਕਾਇਆ ਪਏ ਵਜ਼ੀਫ਼ਿਆਂ ਦੀ ਵੰਡ ਨੂੰ ਕਿਸੇ ਵੀ ਕੀਮਤ ‘ਤੇ ਨਿਪਟਾਉਣ ਦੇ ਨਿਰਦੇਸ਼ ਦਿੱਤੇ ਸਨ।
ਇਸ ਫੈਸਲੇ ਨੂੰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਲਾਹੇਵੰਦ ਦੱਸਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਹੁਣ 1,90,197 ਲਾਭਪਾਤਰੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ 179.54 ਕਰੋੜ ਰੁਪਏ ਦੀ ਰਾਸ਼ੀ ਸਿੱਧੀ ਟਰਾਂਸਫਰ ਕੀਤੀ ਗਈ ਹੈ।
ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਯੋਗ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਸਮੇਂ ਸਿਰ ਵਜ਼ੀਫ਼ਾ ਮਿਲ ਸਕੇ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।
ਰਾਜ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਪਹਿਲ ਦੇਣ ਲਈ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਨੂੰ ਅਪਣਾਇਆ ਜਾਵੇਗਾ ਅਤੇ ਸੂਬੇ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣ ਲਈ ਪਹਿਲਾਂ ਹੀ ਸਮਝੌਤੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਤਿ-ਆਧੁਨਿਕ ਤਕਨੀਕਾਂ ਲਿਆਵਾਂਗੇ।
IPL 2022: ਅੱਜ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੋਵੇਗਾ ਮੁਕਾਬਲਾ
IPL ਦਾ ਅੱਜ 46 ਵਾਂ ਮੈਚ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 46ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਦੀ ਗੱਲ ਕਰੀਏ ਤਾਂ ਇਸ ਸੀਜ਼ਨ ‘ਚ ਉਸ ਨੇ 8 ਮੁਕਾਬਲੇ ਖੇਡ ਕੇ ਸਿਰਫ਼ ਦੋ ਮੈਚ ਹੀ ਜਿੱਤੇ ਹਨ। ਅੱਧੇ ਸੀਜ਼ਨ ਦੀ ਨਾਕਾਮੀ ਦੇ ਬਾਅਦ ਟੀਮ ਅੱਜ ਫਿਰ ਤੋਂ ਨਵੇਂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਮੈਦਾਨ ‘ਤੇ ਉਤਰੇਗੀ। ਦੂਜੇ ਪਾਸੇ ਸਨਰਾਈਜ਼ਰਜ਼ ਹੈਦਰਾਬਾਦ 8 ਮੈਚਾਂ ‘ਚੋਂ 5 ਮੈਚਾਂ ‘ਚ ਜਿੱਤ ਦਰਜ ਕਰ ਚੁੱਕੀ ਹੈ। ਚੇਨਈ ਜੇਕਰ ਇਹ ਮੈਚ ਹਾਰ ਜਾਂਦੀ ਹੈ ਤਾਂ ਉਸ ਦੇ ਲਈ ਪਲੇਅ ਆਫ਼ ਦੇ ਰਸਤੇ ਲਗਭਗ ਬੰਦ ਹੋ ਜਾਣਗੇ।
ਹੈੱਡ ਟੂ ਹੈੱਡ
ਚੇਨਈ ਤੇ ਹੈਦਰਾਬਾਦ ਦਰਮਿਆਨ ਪਿਛਲੇ 17 ਮੈਚਾਂ ‘ਚੋਂ 5 ਮੈਚਾਂ ‘ਚ ਹੈਦਰਬਾਦ ਨੇ ਜਿੱਤ ਦਰਜ ਕੀਤੀ ਹੈ ਜਦਕਿ ਚੇਨਈ ਨੇ 12 ਵਾਰ ਬਾਜ਼ੀ ਮਾਰੀ ਹੈ।
ਹੈੱਡ ਟੂ ਹੈੱਡ
ਚੇਨਈ ਤੇ ਹੈਦਰਾਬਾਦ ਦਰਮਿਆਨ ਪਿਛਲੇ 17 ਮੈਚਾਂ ‘ਚੋਂ 5 ਮੈਚਾਂ ‘ਚ ਹੈਦਰਬਾਦ ਨੇ ਜਿੱਤ ਦਰਜ ਕੀਤੀ ਹੈ ਜਦਕਿ ਚੇਨਈ ਨੇ 12 ਵਾਰ ਬਾਜ਼ੀ ਮਾਰੀ ਹੈ।
ਸੰਭਾਵਿਤ ਪਲੇਇੰਗ ਇਲੈਵਨ :-
ਸਨਰਾਈਜ਼ਰਜ਼ ਹੈਦਰਾਬਾਦ : ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸਾਂਕ ਸਿੰਘ, ਅਭਿਸ਼ੇਕ ਸ਼ਰਮਾ, ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ. ਨਟਰਾਜਨ।
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ), ਡਵੇਨ ਬ੍ਰਾਵੋ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਡਵੇਨ ਪ੍ਰਿਟੋਰੀਅਸ, ਮਹੇਸ਼ ਥੀਕਸ਼ਣਾ, ਮੁਕੇਸ਼ ਚੌਧਰੀ।















