ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਦਫਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਮਜੀਠੀਆ ਨੂੰ ਵਿਧਾਇਕ ਵਜੋਂ ਸਹੁੰ ਚੁਕਾਈ।
ਰਾਘਵ ਚੱਢਾ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਪੰਜਾਬ ਦੇ ਨਵ ਨਿਯੁਕਤ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਹਾਜ਼ਰੀ ‘ਚ ਰਾਘਵ ਚੱਢਾ ਨੇ ਰਾਜ ਸਭਾ ਮੈਂਬਰ ਵਜੋਂ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ ਆਪ ਦੇ ਸੰਜੀਵ ਅਰੋੜਾ ਤੇ ਡਾ. ਅਸ਼ੋਕ ਕੁਮਾਰ ਮਿੱਤਲ ਨੇ ਵੀ ਰਾਜ ਸਭਾ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁੱਕੀ।
ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਖਤਮ, ਲਏ ਗਏ ਕਈ ਅਹਿਮ ਫ਼ੈਸਲੇ
ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਅੱਜ ਪੰਜਾਬ ਦੀ ਵਜਾਰਤ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਹਨ। ਜਿਨ੍ਹਾਂ ਦੀ ਜਾਣਕਾਰੀ ਖੁਦ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ।
ਅੱਜ ਪੰਜਾਬ ਦੀ ਵਜਾਰਤ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ…ਜਿਹਨਾਂ ਦਾ ਵੇਰਵਾ ਇਹ ਹੈ…
1. ਵੱਖ ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ
2. ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ
3. ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ (1 ਅਕਤੂਬਰ ਤੋਂ ਆਟੇ ਦਾ ਵੀ ਵਿਕਲਪ)
4…
— Bhagwant Mann (@BhagwantMann) May 2, 2022
ਇਸ ਮੀਟਿੰਗ ‘ਚ ਵੱਖ ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ ਤੇ ਮੁਕਤਸਰ ਜ਼ਿਲ੍ਹੇ ‘ਚ ਨਰਮੇ ਦੀ ਫ਼ਸਲ ਦੇ ਖਰਾਬ ਹੋਣ ‘ਤੇ 41.89 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਹੈ
38.08 ਕਰੋੜ- ਕਿਸਾਨਾਂ ਲਈ
03.81 ਕਰੋੜ- ਖੇਤ ਮਜ਼ਦੂਰਾਂ ਲਈ
ਇਸ ਦੇ ਨਾਲ ਹੀ ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮਾ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾਇਆ ਗਿਆ, ਕਿਸ਼ਤਾਂ ‘ਚ ਜਮਾ ਹੋ ਸਕੇਗੀ ਫੀਸ।
ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਐਲਾਨ ਹੀ ਨਹੀਂ ਕਰਦੇ ਜੋ ਕਹਿੰਦੇ ਹਾਂ, ਉਹ ਕਰਕੇ ਦਿਖਾਉਂਦੇ ਹਾਂ।
ਕੋਰੋਨਾ ਵੈਕਸੀਨ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ: SC
ਕੋਰੋਨਾ ਵੈਕਸੀਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ (Supreme Court) ਨੇ ਕੇਂਦਰ ਸਰਕਾਰ ਦੀ ਕੋਰੋਨਾ ਵੈਕਸੀਨ (Corona Vaccine) ਨੀਤੀ ਨੂੰ ਬਰਕਰਾਰ ਰੱਖਿਆ ਹੈ। ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਵੈਕਸੀਨ (Vaccine) ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਇਹ ਗੱਲਾਂ ਵੈਕਸੀਨ ਦੇ ਅੰਕੜਿਆਂ ਅਤੇ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਫੈਸਲਾ ਸੁਣਾਉਂਦੇ ਹੋਏ ਕਹੀਆਂ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਲੀਨਿਕਲ ਟਰਾਇਲ ਦੇ ਅੰਕੜੇ ਜਾਰੀ ਕਰਨ ਲਈ ਵੀ ਕਿਹਾ ਹੈ।
ਸੁਪਰੀਮ ਕੋਰਟ ਨੇ ਇਸ ਗੱਲ ‘ਤੇ ਨਾਰਾਜ਼ਗੀ ਜਤਾਈ ਕਿ ਕੁਝ ਰਾਜ ਸਰਕਾਰਾਂ ਜਨਤਕ ਥਾਵਾਂ ‘ਤੇ ਟੀਕਾਕਰਨ (Vaccination) ਨਾ ਕਰਵਾਉਣ ਵਾਲਿਆਂ ਨੂੰ ਐਂਟਰੀ ਨਹੀਂ ਦੇ ਰਹੀਆਂ। ਅਦਾਲਤ ਨੇ ਇਸ ਨੂੰ ਬੇਇਨਸਾਫ਼ੀ ਕਰਾਰ ਦਿੱਤਾ ਹੈ। ਨਾਲ ਹੀ ਰਾਜਾਂ ਨੂੰ ਅਜਿਹੀਆਂ ਪਾਬੰਦੀਆਂ ਹਟਾਉਣ ਦਾ ਸੁਝਾਅ ਦਿੱਤਾ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਨੀਤੀ ਬਣਾ ਸਕਦੀ ਹੈ ਅਤੇ ਜਨਤਾ ਦੇ ਭਲੇ ਲਈ ਕੁਝ ਸ਼ਰਤਾਂ ਰੱਖ ਸਕਦੀ ਹੈ। ਸੁਪਰੀਮ ਕੋਰਟ ਦੇ ਅਨੁਸਾਰ ਮੌਜੂਦਾ ਵੈਕਸੀਨ ਨੀਤੀ ਨੂੰ ਅਣਉਚਿਤ ਅਤੇ ਸਪੱਸ਼ਟ ਤੌਰ ‘ਤੇ ਮਨਮਾਨੀ ਨਹੀਂ ਕਿਹਾ ਜਾ ਸਕਦਾ ਹੈ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਵੀ ਅੰਕੜੇ ਜਨਤਕ ਕਰਨ ਲਈ ਕਿਹਾ ਹੈ ਕਿ ਕੋਰੋਨਾ ਵੈਕਸੀਨ (Covid-19 Vaccine) ਲੈਣ ਨਾਲ ਕਿਸ ਤਰ੍ਹਾਂ ਦੇ ਮਾੜੇ ਪ੍ਰਭਾਵ ਹੋ ਰਹੇ ਹਨ। ਇਸ ਦੇ ਨਾਲ ਹੀ ਕਲੀਨਿਕਲ ਟਰਾਇਲਾਂ ਦਾ ਡਾਟਾ ਵੀ ਸਰਕਾਰ ਨੂੰ ਜਾਰੀ ਕਰਨ ਦੇ ਹੁਕਮ ਦਿੱਤੇ ਹਨ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੱਚਿਆਂ ਨੂੰ ਟੀਕਾਕਰਨ ਦਾ ਫੈਸਲਾ ਸੁਚੇਤ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਕ ਹੋਣਾ ਚਾਹੀਦਾ ਹੈ।
ਕੋਰੋਨਾ ਮਾਮਲਿਆਂ ‘ਚ ਵਾਧਾ ਜਾਰੀ, ਇਸ ਸ਼ਹਿਰ ‘ਚ 31 ਮਈ ਤੱਕ 144 ਧਾਰਾ ਹੋਈ ਲਾਗੂ
ਕੋਰੋਨਾ ਮਾਮਲਿਆਂ ‘ਚ ਵਾਧਾ ਫਿਰ ਤੋਂ ਸ਼ੁਰੂ ਹੋ ਗਿਆ ਹੈ। ਨੋਇਡਾ ਪ੍ਰਸ਼ਾਸਨ ਨੇ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਧਾਰਾ 144 ਲਗਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ 31 ਮਈ ਤਕ ਲਾਗੂ ਰਹੇਗੀ। ਪ੍ਰਸ਼ਾਸਨ ਦੇ ਇਸ ਹੁਕਮ ਤੋਂ ਬਾਅਦ ਕਿਸੇ ਵੀ ਜਨਤਕ ਥਾਂ ’ਤੇ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ।
ਨੋਇਡਾ ’ਚ ਧਾਰਾ-144 ਲਾਗੂ ਹੋਣ ਦਾ ਮਤਲਬ ਹੈ ਕਿ ਉੱਚ ਅਧਿਕਾਰੀਆਂ ਦੀ ਆਗਿਆ ਦੇ ਬਿਨਾਂ ਕਿਸੇ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਂ ਭੁੱਖ-ਹੜਤਾਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਗੌਤਮਬੁੱਧ ਨਗਰ ਦੇ ਪੁਲਿਸ ਕਮਿਸ਼ਨਰ ਨੇ ਇਕ ਬਿਆਨ ’ਚ ਕਿਹਾ ਕਿ ਜਨਤਕ ਥਾਵਾਂ ’ਤੇ ਪੂਜਾ ਅਤੇ ਨਮਾਜ਼ ਦੇ ਆਯੋਜਨ ਦੀ ਆਗਿਆ ਨਹੀਂ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਫਾਇਦਾ ਨਹੀਂ ਹੋਵੇਗਾ ਤਾਂ ਸਖ਼ਤੀ ਨੂੰ ਹੋਰ ਵਧਾਉਣਾ ਹੋਵੇਗਾ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਉਨ੍ਹਾਂ ਸੂਬਿਆਂ ’ਚ ਸ਼ਾਮਲ ਹੈ, ਜਿੱਥੇ ਕੋਰੋਨਾ ਦੇ ਕੇਸ ਇਕ ਵਾਰ ਫਿਰ ਤੋਂ ਵੱਧਣ ਲੱਗੇ ਹਨ। ਦਿੱਲੀ ਦੀ ਸਥਿਤੀ ਸਭ ਤੋਂ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 3,157 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 4,30,82,345 ਹੋ ਗਈ ਹੈ। ਉੱਥੇ ਹੀ ਵਾਇਰਸ ਨਾਲ 26 ਹੋਰ ਲੋਕਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,23,869 ਹੋ ਗਈ ਹੈ। ਦੇਸ਼ ’ਚ ਦੋ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਕੋਰੋਨਾ ਵਾਇਰਸ ਦੀ ਲਾਗ ਦਰ 1 ਫ਼ੀਸਦੀ ਦੇ ਪਾਰ ਪਹੁੰਚ ਕੇ 1.07 ਫ਼ੀਸਦੀ ਦਰਜ ਕੀਤੀ ਗਈ।
ਬਿਜਲੀ ਮੰਤਰੀ ਹਰਭਜਨ ਸਿੰਘ ETO ਨਾਲ SKM ਦੀ ਹੋਵੇਗੀ ਮੀਟਿੰਗ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ 10 ਮਈ ਨੂੂੰ ਦੁਪਹਿਰ ਬਾਅਦ 1 ਵਜੇ ਰੱਖੀ ਗਈ ਹੈ। ਇਹ ਮੀਟਿੰਗ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ‘ਚ ਬਿਜਲੀ ਨਾਲ ਸੰਬੰਧਿਤ ਮਸਲਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਹ ਮੀਟਿੰਗ ਪੈਡੀਸੀਜ਼ਨ ਦੇ ਮੱਦੇ ਨਜ਼ਰ ਰੱਖੀ ਗਈ ਹੈ।

ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ PM ਮੋਦੀ, IGC ਮੀਟਿੰਗ ‘ਚ ਹੋਣਗੇ ਸ਼ਾਮਲ
ਪੀਐੱਮ ਮੋਦੀ ਅੱਜ ਤੋਂ ਤਿੰਨਾਂ ਦਿਨਾਂ ਯੂਰਪ ਦੌਰੇ ‘ਤੇ ਹਨ। PM ਮੋਦੀ ਆਪਣੇ ਤਿੰਨ ਦਿਨਾਂ ਯੂਰਪ ਦੌਰੇ ਦੇ ਹਿੱਸੇ ਵਜੋਂ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ ਹਨ। ਕੁਝ ਸਮੇਂ ਬਾਅਦ ਉਹ ਬਰਲਿਨ ਵਿੱਚ ਭਾਰਤ-ਜਰਮਨੀ ਆਈਜੀਸੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕਰਨਗੇ। ਸ਼ਾਮ ਨੂੰ ਉਹ ਜਰਮਨੀ ਵਿੱਚ ਵਿਦੇਸ਼ੀ ਭਾਰਤੀਆਂ ਨੂੰ ਸੰਬੋਧਨ ਕਰਨਗੇ। ਬਰਲਿਨ ਤੋਂ ਪ੍ਰਧਾਨ ਮੰਤਰੀ ਮੋਦੀ 3 ਮਈ ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਪਹੁੰਚਣਗੇ।
ਪੀਐਮ ਮੋਦੀ ਨੇ ਕਿਹਾ ਕਿ ਚੁਣੌਤੀਆਂ ਦੇ ਵਿਚਕਾਰ ਇਹ ਦੌਰਾ ਬਹੁਤ ਮਹੱਤਵਪੂਰਨ ਹੈ। ਇਸ ਦੌਰੇ ‘ਚ ਭਾਰਤ ਦੇ ਸ਼ਾਂਤੀ ਅਤੇ ਖੁਸ਼ਹਾਲੀ ਦੇ ਟੀਚੇ ਦਾ ਅਹਿਮ ਹਿੱਸਾ ਰਹੇ ਸਾਰੇ ਸਾਥੀਆਂ ਨੂੰ ਮਿਲਣਗੇ।
ਕੁਮਾਰ ਵਿਸ਼ਵਾਸ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਕੁਮਾਰ ਵਿਸ਼ਵਾਸ ਵਲੋਂ ਹਾਈਕੋਰਟ ‘ਚ ਉਸਦੇ ਖਿਲਾਫ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਜਿਸ ‘ਤੇ ਅੱਜ 2 ਮਈ ਨੂੰ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ।
ਗਰਮੀ ਤੋਂ ਮਿਲੇਗੀ ਰਾਹਤ, ਅਗਲੇ ਤਿੰਨ ਦਿਨਾਂ ਤੱਕ ਇਨ੍ਹਾਂ ਇਲਾਕਿਆਂ ‘ਚ ਮੀਂਹ ਤੇ ਹਨ੍ਹੇਰੀ ਦੀ ਸੰਭਾਵਨਾ: IMD
ਅੱਜ ਤੋਂ ਅਗਲੇ ਕੁਝ ਦਿਨਾਂ ਤੱਕ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਉੱਤਰੀ ਭਾਰਤ ਨੂੰ ਰਾਹਤ ਦੇਣਗੀਆਂ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਦਿੱਲੀ, ਯੂਪੀ, ਪੰਜਾਬ ਅਤੇ ਹਰਿਆਣਾ ਵਿੱਚ ਤੂਫ਼ਾਨ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਗਰਜ ਨਾਲ ਮੀਂਹ ਵੀ ਪਵੇਗਾ। ਕੁਝ ਇਲਾਕਿਆਂ ‘ਚ ਅਚਾਨਕ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਨ੍ਹਾਂ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਅਜਿਹਾ ਹੀ ਮੌਸਮ ਦੇਸ਼ ਦੇ ਬਾਕੀ ਉੱਤਰ-ਪੱਛਮੀ ਖੇਤਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਨਾਲ ਗੰਗਾ ਦੇ ਮੈਦਾਨੀ ਇਲਾਕਿਆਂ ‘ਚ ਗਰਮੀ ਦੀ ਲਹਿਰ ਤੋਂ ਕੁਝ ਦਿਨਾਂ ਤੱਕ ਛੁਟਕਾਰਾ ਮਿਲ ਜਾਵੇਗਾ।
ਮੌਸਮ ਵਿੱਚ ਇਸ ਤਬਦੀਲੀ ਕਾਰਨ ਉੱਤਰੀ-ਪੱਛਮੀ ਖੇਤਰਾਂ ਵਿੱਚ ਅਗਲੇ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਮੱਧ ਅਤੇ ਪੂਰਬੀ ਭਾਰਤ ਤੋਂ ਇਲਾਵਾ ਗੁਜਰਾਤ, ਮਹਾਰਾਸ਼ਟਰ ਵਿੱਚ ਪਾਰਾ 2-3 ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਅਤੇ ਉੱਤਰ-ਪੂਰਬ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਅਗਲੇ 5 ਦਿਨਾਂ ਤੱਕ ਬਿਹਾਰ, ਝਾਰਖੰਡ, ਬੰਗਾਲ ਅਤੇ ਉੜੀਸਾ ਵਿੱਚ ਤੇਜ਼ ਹਨ੍ਹੇਰੀ ਅਤੇ ਗਰਜ ਨਾਲ ਤੂਫ਼ਾਨ ਆ ਸਕਦਾ ਹੈ।
ਆਈਐਮਡੀ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਵਿੱਚ ਤੇਜ਼ ਹਵਾਵਾਂ ਚੱਲਣਗੀਆਂ। ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਬਾਅਦ 3 ਅਤੇ 4 ਮਈ ਨੂੰ ਕੁਝ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੜੇ ਵੀ ਪੈ ਸਕਦੇ ਹਨ। ਤੇਜ਼ ਤੂਫ਼ਾਨ ਦੀ ਵੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਦੇ ਕਾਰਨ ਉੱਤਰ-ਪੂਰਬੀ ਭਾਰਤ ਅਤੇ ਉਪ-ਹਿਮਾਲੀਅਨ ਬੰਗਾਲ, ਸਿੱਕਮ ਵਿੱਚ ਅਗਲੇ 5 ਦਿਨਾਂ ਤੱਕ ਤੂਫਾਨ ਅਤੇ ਗਰਜ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਭਾਰੀ ਮੀਂਹ ਵੀ ਪਵੇਗਾ। ਦੂਜੇ ਪਾਸੇ ਦੱਖਣੀ ਅੰਡੇਮਾਨ ਸਾਗਰ ‘ਚ ਚੱਕਰਵਾਤੀ ਹਵਾਵਾਂ ਦਾ ਸਿਸਟਮ ਬਣ ਰਿਹਾ ਹੈ, ਜਿਸ ਕਾਰਨ ਤੇਜ਼ ਹਵਾਵਾਂ ਦੇ ਵਿਚਕਾਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸਕਾਈਮੇਟ ਵੈਦਰ ਦੇ ਅਨੁਸਾਰ ਇੱਕ ਤਾਜ਼ਾ ਪੱਛਮੀ ਗੜਬੜ ਪੱਛਮੀ ਹਿਮਾਲਿਆ ਤੱਕ ਪਹੁੰਚ ਗਈ ਹੈ। ਕੜਾਕੇ ਦੀ ਗਰਮੀ ਦੇ ਵਿਚਕਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਐਤਵਾਰ ਸ਼ਾਮ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਰਾਜਸਥਾਨ ‘ਚ ਕੁਝ ਥਾਵਾਂ ‘ਤੇ ਗੜੇ ਵੀ ਪਏ। ਮੌਸਮ ਵਿਭਾਗ ਨੇ 3 ਮਈ ਤੱਕ 19 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ‘ਚ ਤੂਫਾਨ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਨਾਲ ਲੋਕਾਂ ਨੂੰ ਕੜਕਦੀ ਧੁੱਪ ਤੋਂ ਰਾਹਤ ਮਿਲੇਗੀ। ਦਰਅਸਲ ਇਸ ਸਮੇਂ ਵੈਸਟਰਨ ਡਿਸਟਰਬੈਂਸ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨੇੜੇ ਹੈ ਅਤੇ ਇਹ ਹੌਲੀ-ਹੌਲੀ ਦਿੱਲੀ ਵੱਲ ਵਧ ਰਿਹਾ ਹੈ। ਇਸ ਪ੍ਰਭਾਵ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਪੈ ਸਕਦਾ ਹੈ।
ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਤੇ ਗ਼ਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ DC ਵੱਲੋਂ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਸਥਾਪਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਸ਼ਲ ਮੀਡੀਆ ‘ਤੇ ਫੈਲਦੇ ਭੜਕਾਊ ਬਿਆਨਾਂ, ਅਫ਼ਵਾਹਾਂ, ਸਨਸਨੀਖੇਜ਼ ਖ਼ਬਰਾਂ ਅਤੇ ਗ਼ਲਤ ਅਤੇ ਤੱਥਹੀਣ ਪੋਸਟਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਭਵਿੱਖ ‘ਚ ਅਜਿਹਾ ਹੋਣ ਤੋਂ ਰੋਕਣ ਲਈ ਆਪਣੇ ਦਫ਼ਤਰ ਵਿਖੇ ਇੱਕ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਵੀ ਸਥਾਪਤ ਕੀਤਾ ਹੈ। ਡੀ.ਸੀ. ਨੇ ਦੱਸਿਆ ਕਿ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਹੇਠਲੀ ਇਸ ਟੀਮ ‘ਚ ਡੀ.ਪੀ.ਆਰ.ਓ. ਦਫ਼ਤਰ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਅਤੇ ਪੁਲਿਸ ਦੇ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਖ਼ੁਦ ਇਸ ਦੀ ਨਿਗਰਾਨੀ ਕਰਨਗੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਭੜਕਾਊ ਬਿਆਨਾਂ, ਗ਼ਲਤ ਪੋਸਟਾਂ ਅਤੇ ਸਨਸਨੀਖੇਜ਼ ਖ਼ਬਰਾਂ ਆਦਿ ਨੂੰ ਅੱਗੇ ਪੋਸਟ ਜਾਂ ਸ਼ੇਅਰ ਨਾ ਕਰਨ ਸਗੋਂ ਇਸ ਨੂੰ ਪਟਿਆਲਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਦੇ ਵਟਸਐਪ ਨੰਬਰ, ਈਮੇਲ ਜਾਂ ਡੀਸੀਪਟਿਆਲਾਪੀਬੀ @DCPatialaPb ਅਤੇ ਡੀਪੀਆਰਓਪਟਿਆਲਾ @DPROPatiala ਦੇ ਟਵਿਟਰ ਹੈਂਡਲਾਂ ਉਪਰ ਵੀ ਡਾਇਰੈਕਟ ਮੈਸੇਜ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੀ ਜਾਣਕਾਰੀ ਨੂੰ ਐਸ.ਐਸ.ਪੀ. ਪਟਿਆਲਾ ਨਾਲ ਸਾਂਝੀ ਕਰਕੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਦਾ ਮਕਸਦ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਅਤੇ ਸ਼ਾਂਤੀ ਭੰਗ ਕਰਨ ਵਾਲੀ ਕਿਸੇ ਵੀ ਖ਼ਬਰ ਜਾਂ ਗੁੰਮਰਾਹਕੁੰਨ ਪੋਸਟਾਂ ਨੂੰ ਨਸ਼ਰ ਹੋਣ ਤੋਂ ਰੋਕਣਾ ਹੈ।
ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਨੂੰ ਆਪਸੀ ਸ਼ਾਂਤੀ ਤੇ ਸਦਭਾਵਨਾ ਪੈਦਾ ਕਰਨ ਲਈ ਵਰਤਣ ਨਾ ਕਿ ਨਫ਼ਰਤੀ ਭਾਸ਼ਣ ਤੇ ਅਫ਼ਵਾਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੂੰ ਵਰਤਿਆ ਜਾਵੇ। ਉਨ੍ਹਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ ‘ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜ਼ਿਲ੍ਹੇ ‘ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਿਸੇ ਵੀ ਅਜਿਹੀ ਤੱਥਹੀਣ ਪੋਸਟ ਨੂੰ ਟਵਿਟਰ, ਇੰਸਟਾਗ੍ਰਾਮ ਜਾਂ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਸਾਂਝੀ ਨਾ ਕੀਤਾ ਜਾਵੇ, ਜਿਹੜੀ ਕਿ ਸਮਾਜ ਵਿੱਚ ਅਸ਼ਾਂਤੀ ਤੇ ਦੋ ਫ਼ਿਰਕਿਆਂ ਜਾਂ ਲੋਕਾਂ ਵਿੱਚ ਝਗੜੇ ਪੈਦਾ ਕਰਦੀ ਹੋਵੇ।















